ਬੀ.ਸੀ. ਦਾ ਲਵਦੀਪ ਢਿੱਲੋਂ ਜਾਅਲੀ ਕਰੰਸੀ ਦੇ ਮਾਮਲੇ ਵਿਚ ਗ੍ਰਿਫ਼ਤਾਰ
ਬੀ.ਸੀ. ਦੇ ਵਿਕਟੋਰੀਆ ਸ਼ਹਿਰ ਦੀ ਪੁਲਿਸ ਵੱਲੋਂ 10 ਹਜ਼ਾਰ ਡਾਲਰ ਦੀ ਜਾਅਲੀ ਕਰੰਸੀ ਸਣੇ ਇਕ ਸ਼ਖਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ

By : Upjit Singh
ਵਿਕਟੋਰੀਆ : ਬੀ.ਸੀ. ਦੇ ਵਿਕਟੋਰੀਆ ਸ਼ਹਿਰ ਦੀ ਪੁਲਿਸ ਵੱਲੋਂ 10 ਹਜ਼ਾਰ ਡਾਲਰ ਦੀ ਜਾਅਲੀ ਕਰੰਸੀ ਸਣੇ ਇਕ ਸ਼ਖਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ਲਵਦੀਪ ਢਿੱਲੋਂ ਦੇ ਨਾਂ ਹੇਠ ਫੇਸਬੁਕ ਮਾਰਕਿਟ ਪਲੇਸ ਤੋਂ ਟ੍ਰੇਡਿੰਗ ਕਾਰਡ ਅਤੇ ਇਲੈਕਟ੍ਰਾਨਿਕਸ ਖਰੀਦਣ ਵਾਸਤੇ ਨਕਲੀ ਨੋਟਾਂ ਦੀ ਕਥਿਤ ਵਰਤੋਂ ਕਰ ਰਿਹਾ ਸੀ। ਵਿਕਟੋਰੀਆ ਪੁਲਿਸ ਨੂੰ 19 ਮਾਰਚ ਨੂੰ ਇਤਲਾਹ ਮਿਲੀ ਸੀ ਕਿ ਇਕ ਸ਼ਖਸ ਨੇ ਫੇਸਬੁਕ ਮਾਰਕਿਟ ਪਲੇਸ ਤੋਂ 1500 ਡਾਲਰ ਦੇ ਪੋਕੇਮੌਨ ਕਾਰਡ ਖਰੀਦੇ ਪਰ ਇਸ ਦੇ ਇਵਜ਼ ਵਿਚ ਅਦਾ ਕੀਤੇ ਕਰੰਸੀ ਨੋਟ ਨਕਲੀ ਸਾਬਤ ਹੋਏ।
ਵਿਕਟੋਰੀਆ ਪੁਲਿਸ ਵੱਲੋਂ 10 ਹਜ਼ਾਰ ਡਾਲਰ ਦੀ ਫਰਜ਼ੀ ਕਰੰਸੀ ਜ਼ਬਤ ਕਰਨ ਦਾ ਦਾਅਵਾ
ਇਸੇ ਸ਼ਖਸ ਨੇ ਇਕ ਵਾਰ ਫਿਰ 2700 ਡਾਲਰ ਮੁੱਲ ਦੇ ਪੋਕੇਮੌਨ ਕਾਰਡ ਖਰੀਦਣ ਦਾ ਯਤਨ ਕੀਤਾ ਪਰ ਪੁਲਿਸ ਨੇ ਜਾਲ ਵਿਛਾ ਕੇ 10, 200 ਡਾਲਰ ਦੀ ਜਾਅਲੀ ਕਰੰਸੀ ਸਣੇ ਕਾਬੂ ਕਰ ਲਿਆ। ਵਿਕਟੋਰੀਆ ਪੁਲਿਸ ਦਾ ਮੰਨਣਾ ਹੈ ਕਿ ਜਾਅਲੀ ਕਰੰਸੀ ਵਾਲੇ ਇਸ ਕਾਂਡ ਦੇ ਪੀੜਤਾਂ ਦੀ ਗਿਣਤੀ ਕਾਫ਼ੀ ਜ਼ਿਆਦ ਹੋ ਸਕਦੀ ਹੈ। ਜਾਂਚਕਰਤਾਵਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਜਾਅਲੀ ਕਰੰਸੀ ਨੋਟ ਪੁੱਜਦੇ ਹਨ ਤਾਂ ਇਸ ਬਾਰੇ ਤੁਰਤ ਪੁਲਿਸ ਨੂੰ ਇਤਲਾਹ ਦਿਤੀ ਜਾਵੇ। ਜੇ ਕੋਈ ਅਤੀਤ ਵਿਚ ਜਾਅਲੀ ਕਰੰਸੀ ਨਾਲ ਠੱਗਿਆ ਜਾ ਚੁੱਕਾ ਹੈ ਤਾਂ ਉਹ 250 995 7654 ’ਤੇ ਸੰਪਰਕ ਕਰ ਸਕਦਾ ਹੈ।


