ਬੀ.ਸੀ. ਵਿਚ ਸਕੂਲੀ ਬੱਚਿਆਂ ਨਾਲ ਭਰੀ ਬੱਸ ਹਾਦਸਾਗ੍ਰਸਤ, 36 ਜ਼ਖਮੀ
ਬੀ.ਸੀ. ਵਿਚ ਸਕੂਲੀ ਬੱਚਿਆਂ ਨਾਲ ਭਰੀ ਬੱਸ ਹਾਦਸਾਗ੍ਰਸਤ ਹੋਣ ਕਾਰਨ ਤਕਰੀਬਨ 36 ਜਣੇ ਜ਼ਖਮੀ ਹੋ ਗਏ। ਦੱਖਣੀ ਕੈਰੇਬੂ ਇਲਾਕੇ ਵਿਚ ਹਾਈਵੇਅ 97 ’ਤੇ ਵਾਪਰੇ ਹਾਦਸੇ ਦੇ 7 ਜ਼ਖਮੀਆਂ ਨੂੰ ਏਅਰ ਐਂਬੂਲੈਂਸ ਅਤੇ 7 ਜ਼ਖਮੀਆਂ ਨੂੰ ਗਰਾਊਂਡ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ।
By : Upjit Singh
ਵੈਨਕੂਵਰ : ਬੀ.ਸੀ. ਵਿਚ ਸਕੂਲੀ ਬੱਚਿਆਂ ਨਾਲ ਭਰੀ ਬੱਸ ਹਾਦਸਾਗ੍ਰਸਤ ਹੋਣ ਕਾਰਨ ਤਕਰੀਬਨ 36 ਜਣੇ ਜ਼ਖਮੀ ਹੋ ਗਏ। ਦੱਖਣੀ ਕੈਰੇਬੂ ਇਲਾਕੇ ਵਿਚ ਹਾਈਵੇਅ 97 ’ਤੇ ਵਾਪਰੇ ਹਾਦਸੇ ਦੇ 7 ਜ਼ਖਮੀਆਂ ਨੂੰ ਏਅਰ ਐਂਬੂਲੈਂਸ ਅਤੇ 7 ਜ਼ਖਮੀਆਂ ਨੂੰ ਗਰਾਊਂਡ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ। ਦੂਜੇ ਪਾਸੇ ਹਾਦਸੇ ਵਾਲੇ ਇਲਾਕੇ ਵਿਚ ਇਕ ਪੈਦਲ ਮੁਸਾਫਰ ਦਮ ਤੋੜ ਗਿਆ।
ਸੈਰ ਸਪਾਟਾ ਕਰ ਕੇ ਪਰਤ ਰਹੇ ਸਨ ਐਲੀਮੈਂਟਰੀ ਸਕੂਲਾਂ ਦੇ ਬੱਚੇ
ਬੀ.ਸੀ. ਹਾਈਵੇਅ ਪੈਟਰੋਲ ਨੇ ਦੱਸਿਆ ਕਿ ਬਟਲਰ ਰੋਡ ਤੋਂ ਲੰਘਦਿਆਂ ਬੱਸ ਬੇਕਾਬੂ ਹੋ ਕੇ ਖਤਾਨਾਂ ਵਿਚ ਜਾ ਡਿੱਗੀ ਜਿਸ ਵਿਚ ਸਵਾਰ ਗਰੇਡ 6 ਅਤੇ 7 ਦੇ ਬੱਚੇ ਸੈਰ ਸਪਾਟੇ ਤੋਂ ਵਾਪਸ ਆ ਰਹੇ ਸਨ। ਬੀ.ਸੀ. ਐਮਰਜੰਸੀ ਹੈਲਥ ਸਰਵਿਸਿਜ਼ ਨੇ ਇਕ ਸੋਸ਼ਲ ਮੀਡੀਆ ਪੋਸਟ ਰਾਹੀਂ ਦੱਸਿਆ ਕਿ 11 ਗਰਾਊਂਡ ਐਂਬੁਲੈਂਸ ਅਤੇ 7 ਏਅਰ ਐਂਬੁਲੈਂਸ ਮੌਕੇ ’ਤੇ ਭੇਜੀਆਂ ਗਈਆਂ। ਇਸੇ ਦੌਰਾਨ ਸਕੂਲ ਡਿਸਟ੍ਰਿਕਟ 27 ਦੇ ਸੁਪਰਡੈਂਟ ਕ੍ਰਿਸ ਵੈਨ ਡਰ ਮਾਰਕ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਬੱਸ ਵਿਚ ਸਵਾਰ ਬੱਚੇ 100 ਮਾਈਲ ਐਲੀਮੈਂਟਰੀ ਅਤੇ ਹੌਰਸ ਲੇਕ ਐਲੀਮੈਂਟਰੀ ਸਕੂਲ ਨਾਲ ਸਬੰਧਤ ਸਨ।
ਹਾਦਸੇ ਵਾਲੀ ਥਾਂ ਨੇੜੇ ਇਕ ਪੈਦਲ ਮੁਸਾਫਰ ਦੀ ਮੌਤ
ਬੱਚਿਆਂ ਨੂੰ ਮਾਪਿਆਂ ਨੂੰ ਖਾਸ ਤੌਰ ’ਤੇ ਗੁਜ਼ਾਰਿਸ਼ ਕੀਤੀ ਗਈ ਕਿ ਉਹ ਹਾਦਸੇ ਵਾਲੀ ਥਾਂ ਵੱਲ ਨਾ ਆਉਣ ਅਤੇ ਬੱਚਿਆਂ ਨੂੰ ਉਨ੍ਹਾਂ ਤੱਕ ਪਹੁੰਚਾਉਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਹਾਦਸੇ ਦੇ ਮੱਦੇਨਜ਼ਰ ਹਾਈਵੇਅ 97 ਨੂੰ ਦੋਹਾਂ ਪਾਸਿਆਂ ਤੋਂ ਬੰਦ ਕਰ ਦਿਤਾ ਗਿਆ ਪਰ ਸ਼ੁੱਕਰਵਾਰ ਸ਼ਾਮ ਇਕ ਪਾਸਾ ਆਵਾਜਾਈ ਖੋਲ੍ਹ ਦਿਤਾ ਗਿਆ। ਜ਼ਖਮੀਆਂ ਦੀ ਗਿਣਤੀ ਜ਼ਿਆਦਾ ਹੋਣ ਦੇ ਮੱਦੇਨਜ਼ਰ ਨੇੜਲੇ ਹਸਪਤਾਲਾਂ ਵਿਚ ਕੋਡ ਔਰੇਂਜ ਦਾ ਐਲਾਨ ਵੀ ਕਰ ਦਿਤਾ ਗਿਆ। ਦੂਜੇ ਪਾਸੇ ਮਰਨ ਵਾਲੇ ਸ਼ਖਸ ਬਾਰੇ ਕੋਈ ਜਾਣਕਾਰੀ ਨਹੀਂ ਦਿਤੀ ਗਈ ਕਿ ਆਖਰਕਾਰ ਉਸ ਦੀ ਜਾਨ ਕਿਵੇਂ ਗਈ।