Cricket Canada ਦੇ ਮੁਖੀ ਬਣੇ ਅਰਵਿੰਦਰ ਸਿੰਘ ਖੋਸਾ
ਕੈਨੇਡੀਅਨ ਕ੍ਰਿਕਟ ਟੀਮ ਦੀ ਕਪਤਾਨੀ ਪੰਜਾਬੀ ਨੌਜਵਾਨ ਦੇ ਹੱਥਾਂ ਵਿਚ ਜਾਣ ਮਗਰੋਂ ਕ੍ਰਿਕਟ ਕੈਨੇਡਾ ਦੀ ਵਾਗਡੋਰ ਫ਼ਿਰੋਜ਼ਪੁਰ ਦੇ ਅਰਵਿੰਦਰ ਸਿੰਘ ਖੋਸਾ ਨੇ ਸੰਭਾਲ ਲਈ ਹੈ

By : Upjit Singh
ਟੋਰਾਂਟੋ : ਕੈਨੇਡੀਅਨ ਕ੍ਰਿਕਟ ਟੀਮ ਦੀ ਕਪਤਾਨੀ ਪੰਜਾਬੀ ਨੌਜਵਾਨ ਦੇ ਹੱਥਾਂ ਵਿਚ ਜਾਣ ਮਗਰੋਂ ਕ੍ਰਿਕਟ ਕੈਨੇਡਾ ਦੀ ਵਾਗਡੋਰ ਫ਼ਿਰੋਜ਼ਪੁਰ ਦੇ ਅਰਵਿੰਦਰ ਸਿੰਘ ਖੋਸਾ ਨੇ ਸੰਭਾਲ ਲਈ ਹੈ। ਜੀ ਹਾਂ, ਅਰਵਿੰਦਰ ਸਿੰਘ ਖੋਸਾ ਨੇ ਕ੍ਰਿਕਟ ਕੈਨੇਡਾ ਦੀਆਂ ਚੋਣਾਂ ਵਿਚ ਵੱਡੀ ਜਿੱਤ ਦਰਜ ਕਰਦਿਆਂ ਪ੍ਰਧਾਨਗੀ ਦਾ ਤਾਜ ਆਪਣੇ ਸਿਰ ਸਜਾਇਆ। ਕੈਨੇਡਾ ਵਿਚ ਅਫ਼ਰੀਦੀ ਵਜੋਂ ਪ੍ਰਸਿੱਧ ਅਰਵਿੰਦਰ ਖੋਸਾ ਨੇ ਦੱਸਿਆ ਕਿ ਕ੍ਰਿਕਟ ਕੈਨੇਡਾ ਦੀਆਂ ਚੋਣਾਂ ਲੰਮੇ ਸਮੇਂ ਤੋਂ ਲਟਕ ਰਹੀਆਂ ਸਨ ਅਤੇ ਕੌਮਾਂਤਰੀ ਕ੍ਰਿਕਟ ਕੌਂਸਲ ਵੀ ਜਲਦ ਤੋਂ ਜਲਦ ਚੋਣਾਂ ਕਰਵਾਉਣ ਦਾ ਦਬਾਅ ਪਾ ਰਹੀ ਸੀ ਪਰ ਕੋਈ ਵਾਹ ਨਾਲ ਚਲਦੀ ਵੇਖ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਪਿਆ। ਸੁਪਰੀਮ ਕੋਰਟ ਦੇ ਹੁਕਮਾਂ ’ਤੇ ਬੀਤੇ ਦਿਨੀਂ ਹੋਈਆਂ ਚੋਣਾਂ ਦੌਰਾਨ ਕੈਨੇਡਾ ਦੇ 10 ਰਾਜਾਂ ਵਿਚੋਂ 8 ਅਰਵਿੰਦਰ ਸਿੰਘ ਖੋਸਾ ਦੇ ਹੱਕ ਵਿਚ ਭੁਗਤੇ ਅਤੇ ਵੱਡੀ ਲੀਡ ਨਾਲ ਜਿੱਤ ਹਾਸਲ ਕੀਤੀ।
‘ਅਫ਼ਰੀਦੀ’ ਵਜੋਂ ਪ੍ਰਸਿੱਧ ਹੈ ਫ਼ਿਰੋਜ਼ਪੁਰ ਨਾਲ ਸਬੰਧਤ ਅਰਵਿੰਦਰ ਸਿੰਘ
ਅਰਵਿੰਦਰ ਸਿੰਘ ਖੋਸਾ ਨੇ ਕਿਹਾ ਕਿ ਕੈਨੇਡੀਅਨ ਕ੍ਰਿਕਟ ਨੂੰ ਕੌਮਾਂਤਰੀ ਬੁਲੰਦੀਆਂ ’ਤੇ ਲਿਜਾਣ ਲਈ ਪੂਰੀ ਵਾਹ ਲਾ ਦੇਣਗੇ। ਅਰਵਿੰਦਰ ਸਿੰਘ ਖੋਸਾ ਦੇ ਸਰੀਰਕ ਸਿੱਖਿਆ ਅਧਿਪਾਪਕ ਰਹੇ ਗੁਰਨਾਮ ਸਿੰਘ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਦਾ ਸ਼ਾਗਿਰਦ ਫ਼ਿਰੋਜ਼ਪੁਰ ਦੇ ਪਿੰਡ ਕੋਠਾ ਅੰਬਰਹਰ ਨਾਲ ਸਬੰਧਤ ਹੈ। ਉਸ ਦੇ ਪਿਤਾ ਨਿਸ਼ਾਨ ਸਿੰਘ ਖੋਸਾ ਅਤੇ ਚਾਚਾ ਸੁਖਵੰਤ ਸਿੰਘ ਖੋਸਾ ਦੀ ਪ੍ਰੇਰਨਾ ਸਦਕਾ ਹੀ ਕ੍ਰਿਕਟ ਖੇਡਣ ਲੱਗਾ ਅਤੇ ਫਿਰ ਕੈਨੇਡਾ ਵਸਣ ਦਾ ਮਨ ਬਣਾ ਲਿਆ। ਅਰਵਿੰਦਰ ਦੇ ਖੇਡਣ ਦੇ ਸਟਾਈਲ ਕਰ ਕੇ ਹੀ ਉਸ ਦੇ ਹਾਣੀ ਉਸ ਨੂੰ ‘ਅਫ਼ਰੀਦੀ’ ਕਹਿ ਕੇ ਬੁਲਾਉਂਦੇ ਸਨ। ਕੈਨੇਡੀਅਨ ਕ੍ਰਿਕਟ ਵਿਚ ਸਿਖ਼ਰਲਾ ਰੁਤਬਾ ਹਾਸਲ ਹੋਣ ’ਤੇ ਅਰਵਿੰਦਰ ਸਿੰਘ ਖੋਸਾ ਨੂੰ ਲਗਾਤਾਰ ਵਧਾਈ ਸੁਨੇਹੇ ਆ ਰਹੇ ਹਨ। ਦੱਸ ਦੇਈਏ ਕਿ ਹਾਲ ਵਿਚ ਟੀ-20 ਵਰਲਡ ਕੱਪ ਦੌਰਾਨ ਕੈਨੇਡੀਅਨ ਕ੍ਰਿਕਟ ਟੀਮ ਦੀ ਅਗਵਾਈ ਦਿਲਪ੍ਰੀਤ ਬਾਜਵਾ ਨੇ ਕੀਤੀ ਜੋ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਹੈ।


