ਕੈਨੇਡਾ ਡਿਸਐਬੀਲਿਟੀ ਪ੍ਰੋਗਰਾਮ ਅਧੀਨ ਅਰਜ਼ੀਆਂ ਲੈਣ ਦਾ ਸਿਲਸਿਲਾ ਆਰੰਭ
ਕੈਨੇਡਾ ਦੇ ਨਵੇਂ ਡਿਸਐਬੀਲਿਟੀ ਬੈਨੇਫਿਟ ਪ੍ਰੋਗਰਾਮ ਅਧੀਨ ਅਰਜ਼ੀਆਂ ਲੈਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ ਅਤੇ ਯੋਗ ਉਮੀਦਵਾਰਾਂ ਨੂੰ 200 ਡਾਲਰ ਪ੍ਰਤੀ ਮਹੀਨੇ ਤੱਕ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।

ਔਟਵਾ : ਕੈਨੇਡਾ ਦੇ ਨਵੇਂ ਡਿਸਐਬੀਲਿਟੀ ਬੈਨੇਫਿਟ ਪ੍ਰੋਗਰਾਮ ਅਧੀਨ ਅਰਜ਼ੀਆਂ ਲੈਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ ਅਤੇ ਯੋਗ ਉਮੀਦਵਾਰਾਂ ਨੂੰ 200 ਡਾਲਰ ਪ੍ਰਤੀ ਮਹੀਨੇ ਤੱਕ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ। 18 ਸਾਲ ਤੋਂ 64 ਸਾਲ ਤੱਕ ਦੀ ਉਮਰ ਦੇ ਲੋਕ ਜੋ ਕਿਸੇ ਵੀ ਤਰੀਕੇ ਨਾਲ ਸਰੀਰਕ ਤੌਰ ’ਤੇ ਅਸਮਰੱਥ ਹੋਣ, ਇਸ ਯੋਜਨਾ ਦਾ ਲਾਭ ਲੈ ਸਕਦੇ ਹਨ। ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਅਦਾਇਗੀ ਦਾ ਸਿਲਸਿਲਾ ਜੁਲਾਈ ਮਹੀਨੇ ਤੋਂ ਆਰੰਭ ਦਿਤਾ ਜਾਵੇਗਾ।
ਫੈਡਰਲ ਸਰਕਾਰ ਹਰ ਮਹੀਨੇ ਦੇਵੇਗੀ 200 ਡਾਲਰ
ਐਲਬਰਟਾ ਨੂੰ ਛੱਡ ਕੇ ਕੈਨੇਡਾ ਦੇ ਹਰ ਸੂਬੇ ਵੱਲੋਂ ਆਪਣੇ ਬਾਸ਼ਿੰਦਿਆਂ ਨੂੰ ਡਿਸਐਬੀਲਿਟੀ ਪ੍ਰੋਗਰਾਮ ਦਾ ਪੂਰਾ ਲਾਭ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ ਯਾਨੀ ਸੂਬਾ ਪੱਧਰ ’ਤੇ ਮਿਲ ਰਹੀ ਸਹਾਇਤਾ ਬੰਦ ਨਹੀਂ ਕੀਤੀ ਜਾਵੇਗੀ। ਰੁਜ਼ਗਾਰ ਮੰਤਰੀ ਪੈਟੀ ਹੈਦੂ ਨੇ ਕਿਹਾ ਕਿ ਫੈਡਰਲ ਸਰਕਾਰ ਵੱਲੋਂ ਮਿਲਣ ਵਾਲੀ ਆਰਥਿਕ ਸਹਾਇਤਾ ਸਰੀਰਕ ਤੌਰ ’ਤੇ ਅਸਮਰੱਥ ਲੋਕਾਂ ਨੂੰ ਵਧੇਰੇ ਖੁਦਮੁਖਤਿਆਰੀ ਮੁਹੱਈਆ ਕਰਵਾਏਗੀ। ਯੋਜਨਾ ਅਧੀਨ ਸਰਕਾਰ ਵੱਲੋਂ ਕਮਿਊਨਿਟੀ ਜਥੇਬੰਦੀਆਂ ਨੂੰ ਵੀ ਫੰਡਜ਼ ਮੁਹੱਈਆ ਕਰਵਾਏ ਜਾ ਰਹੇ ਹਨ ਤਾਂਕਿ ਜ਼ਰੂਰਤਮੰਦ ਲੋਕਾਂ ਸੇਧ ਦਿੰਦਿਆਂ ਟੈਕਸ ਕ੍ਰੈਡਿਟ ਦੇ ਦਾਇਰੇ ਵਿਚ ਲਿਆਂਦਾ ਜਾ ਸਕੇ।
ਜੁਲਾਈ ਤੋਂ ਮਿਲਣ ਲੱਗੇਗੀ ਆਰਥਿਕ ਸਹਾਇਤਾ
ਇਸੇ ਦੌਰਾਨ ਬੀ.ਸੀ. ਦੀ ਸਮਾਜਿਕ ਵਿਕਾਸ ਮੰਤਰੀ ਸ਼ੀਲਾ ਮੈਲਕਮਸਨ ਨੇ ਕਿਹਾ ਕਿ ਰਹਿਣ-ਸਹਿਣ ਦੇ ਖਰਚੇ ਬੇਹੱਦ ਵਧ ਚੁੱਕੇ ਹਨ ਜਿਸ ਦੇ ਮੱਦੇਨਜ਼ਰ ਡਿਐਬੀਲਿਟੀਜ਼ ਵਾਲੇ ਲੋਕਾਂ ਨੂੰ ਵੱਧ ਤੋਂ ਵੱਧ ਮਦਦ ਦੀ ਜ਼ਰੂਰਤ ਹੈ। ਸਰੀਰਕ ਤੌਰ ’ਤੇ ਅਸਮਰੱਥ ਲੋਕ ਗਰੀਬੀ ਰੇਖਾ ਤੋਂ ਹੇਠਾਂ ਜ਼ਿੰਦਗੀ ਬਤੀਤ ਕਰਦੇ ਹਨ ਅਤੇ ਕਈ ਵਾਰ ਉਨ੍ਹਾਂ ਨੂੰ ਰੋਟੀ ਅਤੇ ਰੈਣ ਬਸੇਰੇ ਵਿਚੋਂ ਕਿਸੇ ਇਕ ਦੀ ਚੋਣ ਕਰਨ ਵਾਸਤੇ ਮਜਬੂਰ ਹੋਣਾ ਪੈਂਦਾ ਹੈ। ਸੂਬਾ ਪੱਧਰ ’ਤੇ ਮਿਲ ਰਹੀ ਸਹਾਇਤਾ ਤੋਂ ਇਲਾਵਾ ਫੈਡਰਲ ਸਹਾਇਤਾ ਨਾਲ ਅਜਿਹੇ ਲੋਕਾਂ ਦਾ ਗੁਜ਼ਾਰਾ ਕੁਝ ਸੁਖਾਲੇ ਤਰੀਕੇ ਨਾਲ ਹੋ ਸਕੇਗਾ।