ਬਰੈਂਪਟਨ ’ਚ ਇਕ ਹੋਰ ਭਾਰਤੀ ਪਰਵਾਰ ’ਤੇ ਚੱਲੀਆਂ ਗੋਲੀਆਂ!
ਕੈਨੇਡਾ ਵਿਚ ਇਕ ਹੋਰ ਭਾਰਤੀ ਪਰਵਾਰ ਦੇ ਘਰ ਉਤੇ ਦਿਨ-ਦਿਹਾੜੇ ਗੋਲੀਆਂ ਚੱਲਣ ਦਾ ਕਥਿਤ ਮਾਮਲਾ ਸਾਹਮਣੇ ਆਇਆ ਹੈ

By : Upjit Singh
ਬਰੈਂਪਟਨ : ਕੈਨੇਡਾ ਵਿਚ ਇਕ ਹੋਰ ਭਾਰਤੀ ਪਰਵਾਰ ਦੇ ਘਰ ਉਤੇ ਦਿਨ-ਦਿਹਾੜੇ ਗੋਲੀਆਂ ਚੱਲਣ ਦਾ ਕਥਿਤ ਮਾਮਲਾ ਸਾਹਮਣੇ ਆਇਆ ਹੈ। ਬਰੈਂਪਟਨ ਵਿਚ ਗੋਲੀਆਂ ਚਲਾ ਰਹੇ ਬੰਦੂਕਧਾਰੀ ਅਤੇ ਵਾਰਦਾਤ ਦੀ ਰਿਕਾਰਡਿੰਗ ਕਰ ਰਹੇ ਉਸ ਦੇ ਸਾਥੀ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਉਨ੍ਹਾਂ ਨੂੰ ਪੰਜਾਬੀ ਬੋਲਦਿਆਂ ਸੁਣਿਆ ਜਾ ਸਕਦਾ ਹੈ।
ਦਿਨ ਦਿਹਾੜੇ ਗੋਲੀਬਾਰੀ ਦੀ ਵੀਡੀਓ ਹੋ ਰਹੀ ਵਾਇਰਲ
ਵੀਡੀਓ ਰਿਕਾਰਡ ਕਰਨ ਵਾਲੇ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਜਦਕਿ ਗੋਲੀਆਂ ਚਲਾਉਣ ਵਾਲੇ ਨੇ ਚਿਹਰਾ ਢਕਿਆ ਹੋਇਆ ਹੈ ਜੋ ਇਕ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਘੱਟੋ ਘੱਟ ਪੰਜ ਗੋਲੀਆਂ ਚਲਾਉਂਦਾ ਹੈ। ਇਸ ਮਗਰੋਂ ਦੋਵੇਂ ਮੌਕਾ ਏ ਵਾਰਦਾਤ ਤੋਂ ਫ਼ਰਾਰ ਹੋ ਜਾਂਦੇ ਹਨ। ਗੋਲੀਬਾਰੀ ਦੌਰਾਨ ਕਿਸੇ ਦੇ ਜ਼ਖਮੀ ਹੋਣ ਦੀ ਰਿਪੋਰਟ ਨਹੀਂ ਪਰ ਇਲਾਕੇ ਵਿਚ ਸਹਿਮ ਦਾ ਮਾਹੌਲ ਹੈ। ਫ਼ਿਲਹਾਲ ਵਾਰਦਾਤ ਬਾਰੇ ਪੀਲ ਰੀਜਨਲ ਪੁਲਿਸ ਦੀ ਟਿੱਪਣੀ ਹਾਸਲ ਨਹੀਂ ਹੋ ਸਕੀ। ਇਹ ਘਟਨਾ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਸਰੀ ਵਿਖੇ ਕਪਿਲ ਸ਼ਰਮਾ ਦੇ ਕੈਫੇ ਉਤੇ ਗੋਲੀਬਾਰੀ ਦਾ ਮਾਮਲਾ ਭਖਿਆ ਹੋਇਆ ਹੈ। ਕਾਰ ਵਿਚ ਬੈਠੇ ਇਕ ਸ਼ੱਕੀ ਵੱਲੋਂ ਗੋਲੀਆਂ ਚਲਾਉਣ ਦੌਰਾਨ ਕੈਫੇ ਵਿਚ ਸਟਾਫ਼ ਮੌਜੂਦ ਸੀ ਪਰ ਸਾਰੇ ਵਾਲ-ਵਾਲ ਬਚ ਗਏ।
ਕੈਨੇਡਾ ਵਸਦੇ ਭਾਰਤੀਆਂ ਵਿਚ ਸਹਿਮ ਦਾ ਮਾਹੌਲ
ਭਾਰਤੀ ਮੀਡੀਆ ਵਿਚ ਆਈਆਂ ਰਿਪੋਰਟਾਂ ਮੁਤਾਬਕ ਕਪਿਲ ਸ਼ਰਮਾ ਦੇ ਕੈਫੇ ’ਤੇ ਬਦਲਾਲਊ ਕਾਰਵਾਈ ਤਹਿਤ ਹਮਲਾ ਕਰਵਾਇਆ ਗਿਆ। ਦੂਜੇ ਪਾਸੇ ਉਨਟਾਰੀਓ ਦੇ ਪਿਕਰਿੰਗ ਵਿਖੇ 67 ਸਾਲਾ ਇਕ ਔਰਤ ਦੀ ਲਾਸ਼ ਸੂਟਕੇਸ ਵਿਚੋਂ ਬਰਾਮਦ ਕੀਤੀ ਗਈ। ਪੁਲਿਸ ਨੇ ਦੱਸਿਆ ਕਿ ਸੂਟਕੇਸ ਹਾਈਵੇਅ 401 ਦੀਆਂ ਈਸਟ ਬਾਊਂਡ ਲੇਨਜ਼ ਦੇ ਨੇੜੇ ਮਿਲਿਆ। ਕੁਝ ਮੀਡੀਆ ਰਿਪੋਰਟਾਂ ਮੁਤਾਬਕ ਪੁਲਿਸ ਵੱਲੋਂ ਇਸ ਮਾਮਲੇ ਵਿਚ ਇਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਪਰ ਉਸ ਦੀ ਪਛਾਣ ਸਾਹਮਣੇ ਨਹੀਂ ਆ ਸਕੀ।


