Begin typing your search above and press return to search.

ਕੈਨੇਡਾ ਵਿਚ ਪੰਜਾਬੀ ਕਾਰੋਬਾਰੀਆਂ ’ਤੇ ਮੁੜ ਹਮਲਾ

ਕੈਨੇਡਾ ਵਿਚ ਪੰਜਾਬੀ ਕਾਰੋਬਾਰੀਆਂ ਨੂੰ ਮੁੜ ਨਿਸ਼ਾਨਾ ਬਣਾਇਆ ਗਿਆ ਜਦੋਂ ਸਰੀ ਵਿਖੇ ਅਣਪਛਾਤੇ ਹਮਲਾਵਰ ਅੰਨ੍ਹੇਵਾਹ ਗੋਲੀਆਂ ਚਲਾ ਕੇ ਫਰਾਰ ਹੋ ਗਏ।

ਕੈਨੇਡਾ ਵਿਚ ਪੰਜਾਬੀ ਕਾਰੋਬਾਰੀਆਂ ’ਤੇ ਮੁੜ ਹਮਲਾ
X

Upjit SinghBy : Upjit Singh

  |  6 Aug 2024 4:50 PM IST

  • whatsapp
  • Telegram

ਸਰੀ : ਕੈਨੇਡਾ ਵਿਚ ਪੰਜਾਬੀ ਕਾਰੋਬਾਰੀਆਂ ਨੂੰ ਮੁੜ ਨਿਸ਼ਾਨਾ ਬਣਾਇਆ ਗਿਆ ਜਦੋਂ ਸਰੀ ਵਿਖੇ ਅਣਪਛਾਤੇ ਹਮਲਾਵਰ ਅੰਨ੍ਹੇਵਾਹ ਗੋਲੀਆਂ ਚਲਾ ਕੇ ਫਰਾਰ ਹੋ ਗਏ। ਗੋਲੀਬਾਰੀ ਦੀ ਵਾਰਦਾਤ ਸੁੱਖ ਹੇਅਰ ਐਂਡ ਬਿਊਟੀ ਸੈਲੂਨ ਵਿਖੇ ਵਾਪਰੀ ਜਿਸ ਦੇ ਆਲੇ-ਦੁਆਲੇ ਸਾਰੀਆਂ ਦੁਕਾਨਾਂ ਭਾਰਤੀ ਭਾਈਚਾਰੇ ਨਾਲ ਸਬੰਧਤ ਹਨ। ਆਰ.ਸੀ.ਐਮ.ਪੀ. ਨੇ ਦੱਸਿਆ ਕਿ ਸਰੀ ਦੇ 72ਵੇਂ ਐਵੇਨਿਊ ਵਿਖੇ ਸਥਿਤ ਦੁਕਾਨ ’ਤੇ 4 ਅਗਸਤ ਦੀ ਰਾਤ ਤਕਰੀਬਨ 11 ਵਜੇ ਗੋਲੀਆਂ ਚੱਲੀਆਂ। ਖੁਸ਼ਕਿਸਮਤੀ ਨਾਲ ਵਾਰਦਾਤ ਵੇਲੇ ਦੁਕਾਨ ਵਿਚ ਕੋਈ ਮੌਜੂਦ ਨਹੀਂ ਸੀ ਅਤੇ ਕਿਸੇ ਦੇ ਜ਼ਖਮੀ ਹੋਣ ਦੀ ਰਿਪੋਰਟ ਨਹੀਂ। ਮੌਕਾ ਏ ਵਾਰਦਾਤ ’ਤੇ ਪੜਤਾਲ ਕਰ ਰਹੇ ਅਫਸਰਾਂ ਨੇ ਦੇਖਿਆ ਕਿ ਗੋਲੀਆਂ ਕਾਰਨ ਸੈਲੂਨ ਦੇ ਮੂਹਰਲੇ ਹਿੱਸੇ ਵਿਚ ਚਾਰ ਵੱਡੇ ਸੁਰਾਖ ਬਣ ਗਏ। ਹਮਲਾਵਰਾਂ ਦੀ ਸੀ.ਸੀ.ਟੀ.ਵੀ. ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਪੈਦਲ ਜਾ ਰਹੇ ਦੋ ਜਣਿਆਂ ਵਿਚੋਂ ਇਕ ਨੇ ਸੁੱਖ ਹੇਅਰ ਐਂਡ ਬਿਊਟੀ ਸੈਲੂਨ ਦੇ ਬਹਰ ਰੁਕ ਦੇ ਗੋਲੀਆਂ ਚਲਾਈਆਂ ਅਤੇ ਇਸ ਮਗਰੋਂ ਦੋਵੇਂ ਜਣੇ ਫਰਾਰ ਹੋ ਗਏ। ਫਿਲਹਾਲ ਵਾਰਦਾਤ ਦੇ ਮਕਸਦ ਬਾਰੇ ਪਤਾ ਨਹੀਂ ਲੱਗ ਸਕਿਆ।

ਸਰੀ ਵਿਖੇ ਅਣਪਛਾਤੇ ਹਮਲਾਵਰਾਂ ਨੇ ਚਲਾਈਆਂ ਗੋਲੀਆਂ

ਬਿਲਕੁਲ ਨਾਲ ਲਗਦੀ ਢੇਸੀ ਮੀਟ ਸ਼ੌਪ ਦੇ ਮਾਲਕ ਕੁਲਜੀਤ ਸੰਧੂ ਗੋਲੀਬਾਰੀ ਦੀ ਵਾਰਦਾਤ ਤੋਂ ਬੇਹੱਦ ਚਿੰਤਤ ਨਜ਼ਰ ਆਏ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਦੌਰਾਨ ਸਰੀ ਦੇ ਹਾਲਾਤ ਬਦਤਰ ਹੁੰਦੇ ਜਾ ਰਹੇ ਹਨ ਅਤੇ ਕੋਈ ਦਿਨ ਹੀ ਖਾਲੀ ਜਾਂਦਾ ਹੈ ਜਦੋਂ ਗੋਲੀਆਂ ਨਹੀਂ ਚਲਦੀਆਂ। ਕੁਲਜੀਤ ਸੰਧੂ ਦੀ ਘਬਰਾਹਟ ਪੂਰੀ ਤਰ੍ਹਾਂ ਵਾਜਬ ਹੈ ਕਿਉਂਕਿ ਸਵਾਲ ਇਹ ਉਠਦਾ ਕਿ ਗੋਲੀਬਾਰੀ ਦਾ ਨਿਸ਼ਾਨਾ ਆਖਰਕਾਰ ਕੌਣ ਸੀ। ਵਾਰਦਾਤ ਵਾਲੀ ਥਾਂ ਨੇੜੇ ਇਕ ਅਪਾਰਟਮੈਂਟ ਵਿਚ ਰਹਿੰਦੇ ਸਾਹਿਬ ਵਾਲੀਆਂ ਨੇ ਕਿਹਾ ਕਿ ਉਨ੍ਹਾਂ ਨੇ ਗੋਲੀਆਂ ਦੀ ਆਵਾਜ਼ ਨਹੀਂ ਸੁਣੀ ਪਰ ਇਸ ਮਗਰੋਂ ਪੈਦਾ ਹੋਇਆ ਡਰ ਆਂਢ ਗੁਆਂਢ ਵਿਚ ਰਹਿੰਦੇ ਹਰ ਸ਼ਖਸ ਦੇ ਚਿਹਰੇ ’ਤੇ ਨਜ਼ਰ ਆ ਰਿਹਾ ਸੀ। ਸਾਹਿਬ ਵਾਲੀਆ ਨੇ ਸਵਾਲੀਆ ਲਹਿਜ਼ੇ ਵਿਚ ਕਿਹਾ ਕਿਹਾ ਕਿ ਜੇ ਦੁਕਾਨ ਦੇ ਅੰਦਰ ਕੋਈ ਹੁੰਦਾ ਤਾਂ ਅਣਹੋਣੀ ਵੀ ਵਾਪਰ ਸਕਦੀ ਸੀ। ਸਰੀ. ਆਰ.ਸੀ.ਐਮ.ਪੀ. ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਮਾਮਲੇ ਨਾਲ ਸਬੰਧਤ ਜਾਣਕਾਰੀ ਹੋਵੇ ਤਾਂ ਉਹ ਜਾਂਚਕਰਤਾਵਾਂ ਨਾਲ 604 599 0502 ’ਤੇ ਸੰਪਰਕ ਕਰੇ। ਕਾਲ ਕਰਨ ਵਾਲੇ ਵੱਲੋਂ ਫਾਈਲ ਨੰਬਰ 2024-114887 ਦਾ ਜ਼ਿਕਰ ਲਾਜ਼ਮੀ ਤੌਰ ’ਤੇ ਕੀਤਾ ਜਾਵੇ।

ਪੰਜਾਬੀ ਭਾਈਚਾਰੇ ਵਿਚ ਘਬਰਾਹਟ ਵਾਲਾ ਮਾਹੌਲ

ਇਥੇ ਦਸਣਾ ਬਣਦਾ ਹੈ ਕਿ ਕੁਝ ਦਿਨ ਪਹਿਲਾਂ ਹੀ ਐਡਮਿੰਟਨ ਪੁਲਿਸ ਵੱਲੋਂ ਪ੍ਰੌਜੈਕਟ ਗੈਸਲਾਈਟ ਅਧੀਨ ਵੱਡੀ ਕਾਰਵਾਈ ਕਰਦਿਆਂ ਸਾਊਥ ਏਸ਼ੀਅਨ ਕਾਰੋਬਾਰੀਆਂ ਤੋਂ ਜਬਰੀ ਵਸੂਲੀ ਦੇ ਮਾਮਲੇ ਵਿਚ ਛੇ ਪੰਜਾਬੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਜਿਨ੍ਹਾਂ ਦੀ ਸ਼ਨਾਖਤ ਜਸ਼ਨਦੀਪ ਕੌਰ, ਗੁਰਕਰਨ ਸਿੰਘ, ਮਾਨਵ ਹੀਰ, ਪਰਮਿੰਦਰ ਸਿੰਘ, ਦਿਵਨੂਰ ਆਸ਼ਟ ਅਤੇ 17 ਸਾਲ ਦੇ ਇਕ ਅੱਲ੍ਹੜ ਵਜੋਂ ਕੀਤੀ ਗਈ। ਇਸ ਤੋਂ ਇਲਾਵਾ 34 ਸਾਲ ਦੇ ਮਨਿੰਦਰ ਧਾਲੀਵਾਲ ਵਿਰੁੱਧ ਕੈਨੇਡਾ ਪੱਧਰੀ ਵਾਰੰਟ ਵੀ ਜਾਰੀ ਕੀਤੇ ਗਏ। ਐਡਮਿੰਟਨ ਪੁਲਿਸ ਨੇ ਮਨਿੰਦਰ ਧਾਲੀਵਾਲ ਨੂੰ ਬ੍ਰਦਰਜ਼ ਕੀਪਰਜ਼ ਗਿਰੋਹ ਦਾ ਮੈਂਬਰ ਦੱਸਿਆ ਜੋ ਲੋਅਰ ਮੇਨਲੈਂਡ ਇਲਾਕੇ ਵਿਚ ਸਰਗਰਮ ਹੈ। ਪੁਲਿਸ ਨੇ ਇਥੋਂ ਤੱਕ ਆਖ ਦਿਤਾ ਕਿ ਬ੍ਰਦਰਜ਼ ਕੀਪਰਜ਼ ਗੈਂਗ ਨੂੰ ਧਾਲੀਵਾਲ ਕ੍ਰਾਈਮ ਗਰੁੱਪ ਕਹਿ ਲਿਆ ਜਾਵੇ ਤਾਂ ਕੁਝ ਗਲਤ ਨਹੀਂ ਹੋਵੇਗਾ। ਪੁਲਿਸ ਦਾ ਮੰਨਣਾ ਹੈ ਕਿ ਮਨਿੰਦਰ ਧਾਲੀਵਾਲ ਨੇ ਆਪਣਾ ਭੇਖ ਵਟਾ ਲਿਆ ਪਰ ਉਸ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।

Next Story
ਤਾਜ਼ਾ ਖਬਰਾਂ
Share it