ਏਅਰ ਕੈਨੇਡਾ ਦੇ ਮੁਲਾਜ਼ਮਾਂ ਦੀ ਹੜਤਾਲ ਖਤਮ
ਏਅਰ ਕੈਨੇਡਾ ਦੇ ਮੁਲਾਜ਼ਮਾਂ ਦੀ ਹੜਤਾਲ ਵੱਡੇ ਤੜਕੇ ਖਤਮ ਹੋ ਗਈ ਜਦੋਂ ਮੈਨੇਜਮੈਂਟ ਅਤੇ ਮੁਲਾਜ਼ਮ ਯੂਨੀਅਨ ਨੇ ਸਮਝੌਤੇ ’ਤੇ ਪੁੱਜਣ ਦਾ ਐਲਾਨ ਕਰ ਦਿਤਾ।

By : Upjit Singh
ਟੋਰਾਂਟੋ : ਏਅਰ ਕੈਨੇਡਾ ਦੇ ਮੁਲਾਜ਼ਮਾਂ ਦੀ ਹੜਤਾਲ ਵੱਡੇ ਤੜਕੇ ਖਤਮ ਹੋ ਗਈ ਜਦੋਂ ਮੈਨੇਜਮੈਂਟ ਅਤੇ ਮੁਲਾਜ਼ਮ ਯੂਨੀਅਨ ਨੇ ਸਮਝੌਤੇ ’ਤੇ ਪੁੱਜਣ ਦਾ ਐਲਾਨ ਕਰ ਦਿਤਾ। 10 ਹਜ਼ਾਰ ਤੋਂ ਵੱਧ ਫਲਾਈਟ ਅਟੈਂਡੈਂਟਸ ਦੀ ਅਗਵਾਈ ਕਰ ਰਹੀ ਕੈਨੇਡੀਅਨ ਯੂਨੀਅਨ ਆਫ਼ ਪਬਲਿਕ ਇੰਪਲੌਈਜ਼ ਨੇ ਦੱਸਿਆ ਕਿ ਫੈਡਰਲ ਸਰਕਾਰ ਵੱਲੋਂ ਨਿਯੁਕਤ ਵਿਚੋਲੇ ਦੀ ਸਹਾਇਤਾ ਨਾਲ 9 ਘੰਟੇ ਦੀ ਲੰਮੀ ਮੀਟਿੰਗ ਮਗਰੋਂ ਸਮਝੌਤਾ ਸੰਭਵ ਹੋ ਸਕਿਆ।
ਯੂਨੀਅਨ ਅਤੇ ਮੈਨੇਜਮੈਂਟ ਦਰਮਿਆਨ ਹੋਇਆ ਸਮਝੌਤਾ
ਉਧਰ ਏਅਰ ਕੈਨੇਡਾ ਨੇ ਵੀ ਸਮਝੌਤਾ ਹੋਣ ਦੀ ਤਸਦੀਕ ਕਰ ਦਿਤੀ। ਏਅਰ ਕੈਨੇਡਾ ਦੇ ਪ੍ਰੈਜ਼ੀਡੈਂਟ ਅਤੇ ਮੁੱਖ ਕਾਰਜਕਾਰੀ ਅਫ਼ਸਰ ਮਾਈਕਲ ਰੂਸੋ ਵੱਲੋਂ ਮੁਸਾਫ਼ਰਾਂ ਨੂੰ ਸਬਰ ਰੱਖਣ ਦੀ ਸਲਾਹ ਦਿਤੀ ਗਈ ਹੈ ਕਿਉਂਕਿ ਫਲਾਈਟਸ ਪੂਰੀ ਤਰ੍ਹਾਂ ਬਹਾਲ ਹੋਣ ਵਿਚ ਇਕ ਹਫ਼ਤਾ ਜਾਂ ਉਸ ਤੋਂ ਵੱਧ ਸਮਾਂ ਲੱਗ ਸਕਦਾ ਹੈ। ਉਨ੍ਹਾਂ ਕਿਹਾ ਕਿ ਫਲਾਈਟਸ ਰੱਦ ਹੋਣ ਕਾਰਨ ਮੁਸਾਫ਼ਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਜਿਸ ਵਾਸਤੇ ਏਅਰਲਾਈਨ ਨੂੰ ਬੇਹੱਦ ਅਫਸੋਸ ਹੈ। ਹੁਣ ਜਲਦ ਤੋਂ ਜਲਦ ਫਲਾਈਟਸ ਬਹਾਲ ਕਰਨ ’ਤੇ ਜ਼ੋਰ ਦਿਤਾ ਜਾ ਰਿਹਾ ਹੈ।


