ਕੈਨੇਡਾ ਵਿਚ ਐਡਵਾਂਸ ਪੋਲਿੰਗ ਅੱਜ ਤੋਂ
ਕੈਨੇਡਾ ਵਿਚ ਅੱਜ ਤੋਂ ਐਡਵਾਂਸ ਪੋਲਿੰਗ ਸ਼ੁਰੂ ਹੋ ਰਹੀ ਹੈ ਜੋ 21 ਅਪ੍ਰੈਲ ਤੱਕ ਜਾਰੀ ਰਹੇਗੀ।

By : Upjit Singh
ਟੋਰਾਂਟੋ : ਕੈਨੇਡਾ ਵਿਚ ਅੱਜ ਤੋਂ ਐਡਵਾਂਸ ਪੋਲਿੰਗ ਸ਼ੁਰੂ ਹੋ ਰਹੀ ਹੈ ਜੋ 21 ਅਪ੍ਰੈਲ ਤੱਕ ਜਾਰੀ ਰਹੇਗੀ। 28 ਅਪ੍ਰੈਲ ਨੂੰ ਵੋਟਾਂ ਪਾਉਣ ਤੋਂ ਅਸਮਰੱਥ ਲੋਕ ਸ਼ੁੱਕਰਵਾਰ, ਸ਼ਨਿੱਚਰਵਾਰ, ਐਤਵਾਰ ਅਤੇ ਸੋਮਵਾਰ ਨੂੰ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ ਆਪਣੇ ਨੇੜਲੇ ਪੋਲਿੰਗ ਸਟੇਸ਼ਨ ’ਤੇ ਜਾ ਕੇ ਵੋਟ ਪਾ ਸਕਦੇ ਹਨ। ਇਲੈਕਸ਼ਨਜ਼ ਕੈਨੇਡਾ ਵੱਲੋਂ ਰਜਿਸਟਰਡ ਵੋਟਰਾਂ ਨੂੰ ਭੇਜੇ ਗਏ ਵੋਟਰ ਇਨਫਰਮੇਸ਼ਨ ਕਾਰਡ ਵਿਚ ਐਡਵਾਂਸ ਪੋਲਿੰਗ ਬਾਰੇ ਮੁਕੰਮਲ ਜਾਣਕਾਰੀ ਦਿਤੀ ਗਈ ਹੈ ਅਤੇ ਵੋਟ ਪਾਉਣ ਦੀ ਜਗ੍ਹਾ ਬਾਰੇ ਖਾਸ ਤੌਰ ’ਤੇ ਦੱਸਿਆ ਗਿਆ ਹੈ। ਇਲੈਕਸ਼ਨਜ਼ ਕੈਨੇਡਾ ਦਾ ਕਹਿਣਾ ਹੈ ਕਿ ਐਡਵਾਂਸ ਪੋਲਿੰਗ ਸਟੇਸ਼ਨ ਅਤੇ 28 ਅਪ੍ਰੈਲ ਵਾਲੇ ਪੋਲਿੰਗ ਸਟੇਸ਼ਨਾਂ ਦਾ ਪਤਾ ਵੱਖੋ ਵੱਖਰਾ ਹੋ ਸਕਦਾ ਹੈ ਜਿਸ ਨੂੰ ਵੇਖਦਿਆਂ ਇਨਫ਼ਰਮੇਸ਼ਨ ਕਾਰਡ ਵਿਚ ਦਿਤੀ ਜਾਣਕਾਰੀ ਦੇ ਆਧਾਰ ’ਤੇ ਤੈਅਸ਼ੁਦਾ ਪੋਲਿੰਗ ਸਟੇਸ਼ਨ ’ਤੇ ਹੀ ਪੁੱਜਿਆ ਜਾਵੇ। ਸੂਬਾਈ ਚੋਣਾਂ ਵਿਚ ਅਜਿਹਾ ਨਹੀਂ ਹੁੰਦਾ ਜਿਥੇ ਕੋਈ ਵੋਟਰ ਸੂਬੇ ਦੇ ਕਿਸੇ ਵੀ ਪੋÇਲੰਗ ਸਟੇਸ਼ਨ ’ਤੇ ਜਾ ਕੇ ਵੋਟ ਪਾ ਸਕਦਾ ਹੈ। ਬੇਘਰ ਲੋਕਾਂ, ਲੌਂਗ ਟਰਮ ਕੇਅਰ ਵਿਚ ਰਹਿ ਰਹੇ ਲੋਕਾਂ ਜਾਂ ਸਜ਼ਾ ਭੁਗਤ ਰਹੇ ਲੋਕਾਂ ਵਾਸਤੇ ਇਲੈਕਸ਼ਨਜ਼ ਕੈਨੇਡਾ ਵੱਲੋਂ ਵੋਟਿੰਗ ਦੇ ਖਾਸ ਪ੍ਰਬੰਧ ਕੀਤੇ ਗਏ ਹਨ। ਜਿਹੜੇ ਲੋਕ ਕਤਾਰਾਂ ਤੋਂ ਬਚਣਾ ਚਾਹੁੰਦੇ ਹਨ, ਉਹ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ ਚਾਰ ਵਜੇ ਤੱਕ ਐਡਵਾਂਸ ਪੋÇਲੰਗ ਸਟੇਸ਼ਨ ਜਾਣ ਤੋਂ ਗੁਰੇਜ਼ ਕਰਨ।
21 ਅਪ੍ਰੈਲ ਤੱਕ ਪਾਈਆਂ ਜਾ ਸਕਣਗੀਆਂ ਵੋਟਾਂ
ਵੋਟ ਪਾਉਣ ਦੇ ਇੱਛਕ ਲੋਕ ਕੋਲ ਸਰਕਾਰ ਵੱਲੋਂ ਜਾਰੀ ਫੋਟੋ ਆਈ.ਡੀ. ਕਾਰਡ ਹੋਣਾ ਲਾਜ਼ਮੀ ਹੈ ਜਿਸ ਵਿਚ ਨਾਂ ਅਤੇ ਪਤਾ ਸਾਫ਼ ਤੌਰ ’ਤੇ ਲਿਖਿਆ ਹੋਵੇ। ਮਿਸਾਲ ਵਜੋਂ ਡਰਾਈਵਿੰਗ ਲਾਇਸੰਸ ਵਰਤਿਆ ਜਾ ਸਕਦਾ ਹੈ। ਜੇ ਤੁਹਾਡੇ ਕੋਲ ਕੋਈ ਸ਼ਨਾਖਤੀ ਕਾਰਡ ਨਹੀਂ ਤਾਂ ਆਪਣਾ ਨਾਂ ਅਤੇ ਪਤਾ ਕਾਗਜ਼ ’ਤੇ ਲਿਖ ਕੇ ਦਿਉ ਅਤੇ ਇਕ ਅਜਿਹਾ ਸ਼ਖਸ ਲਿਆਂਦਾ ਜਾਵੇ ਜੋ ਤੁਹਾਨੂੰ ਜਾਣਦਾ ਹੋਵੇ। ਲਿਆਂਦੇ ਗਏ ਸ਼ਖਸ ਕੋਲ ਫੋਟੋ ਸ਼ਨਾਖਤੀ ਕਾਰਡ ਹੋਣਾ ਲਾਜ਼ਮੀ ਹੈ। ਐਡਵਾਂਸ ਪੋਲਿੰਗ ਸਟੇਸ਼ਨਾਂ ਤੋਂ ਇਲਾਵਾ ਇਲੈਕਸ਼ਨਜ਼ ਕੈਨੇਡਾ ਦੇ 500 ਦਫ਼ਤਰਾਂ ਵਿਚ ਜਾ ਕੇ ਵੀ ਵੋਟ ਪਾਈ ਜਾ ਸਕਦੀ ਹੈ। ਇਨ੍ਹਾਂ ਦਫ਼ਤਰਾਂ ਵਿਚ ਵੋਟ ਪਾਉਣ ਦੀ ਸਹੂਲਤ 22 ਅਪ੍ਰੈਲ ਨੂੰ ਸ਼ਾਮ 6 ਵਜੇ ਤੱਕ ਜਾਰੀ ਰਹੇਗੀ।
ਇਲੈਕਸ਼ਨਜ਼ ਕੈਨੇਡਾ ਦੇ ਦਫ਼ਤਰ ਵਿਚ 22 ਅਪ੍ਰੈਲ ਤੱਕ ਵੋਟ ਪਾਉਣ ਦੀ ਸਹੂਲਤ
ਇਲੈਕਸ਼ਨਜ਼ ਕੈਨੇਡਾ ਦੇ ਦਫ਼ਤਰਾਂ ਵਿਚ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ, ਸ਼ਨਿੱਚਰਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਅਤੇ ਐਤਵਾਰ ਨੂੰ ਦੁਪਹਿਰ 12 ਵਜੇ ਤੋਂ 4 ਵਜੇ ਤੱਕ ਵੋਟ ਪਾਈ ਜਾ ਸਕਦੀ ਹੈ। ਕੈਨੇਡਾ ਦੇ ਲੋਕ ਡਾਕ ਰਾਹੀਂ ਵੀ ਵੋਟ ਪਾ ਸਕਦੇ ਹਨ ਅਤੇ ਇਸ ਮਕਸਦ ਲਈ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ ਜਾਂ 22 ਅਪ੍ਰੈਲ ਨੂੰ ਸ਼ਾਮ 6 ਵਜੇ ਤੋਂ ਪਹਿਲਾਂ ਇਲੈਕਸ਼ਨਜ਼ ਕੈਨੇਡਾ ਦੇ ਕਿਸੇ ਦਫ਼ਤਰ ਨਾਲ ਸੰਪਰਕ ਕੀਤਾ ਜਾਵੇ। 28 ਅਪ੍ਰੈਲ ਨੂੰ ਵੋਟਾਂ ਵਾਲੇ ਦਿਨ ਈਸਟ੍ਰਨ ਟਾਈਮ ਜ਼ੋਨ ਮੁਤਾਬਕ ਸਵੇਰੇ 9.30 ਵਜੇ ਵੋਟਾਂ ਪੈਣ ਦਾ ਸਿਲਸਿਲਾ ਸ਼ੁਰੂ ਹੋਵੇਗਾ ਅਤੇ ਰਾਤ 9.30 ਵਜੇ ਤੱਕ ਜਾਰੀ ਰਹੇਗਾ।


