ਕੈਨੇਡਾ ਦੀ ਵਿਲੱਖਣ ਜ਼ਿਮਨੀ ਚੋਣ ਲਈ ਐਡਵਾਂਸ ਪੋਲਿੰਗ ਮੁਕੰਮਲ
ਕੈਨੇਡੀਅਨ ਇਤਿਹਾਸ ਦੀ ਵਿਲੱਖਣ ਜ਼ਿਮਨੀ ਚੋਣ ਲਈ ਐਡਵਾਂਸ ਪੋਲਿੰਗ ਮੁਕੰਮਲ ਹੋ ਚੁੱਕੀ ਹੈ ਅਤੇ ਸ਼ੁੱਕਰਵਾਰ ਤੋਂ ਸੋਮਵਾਰ ਤੱਕ 14,434 ਵੋਟਰਾਂ ਨੇ ਵੋਟ ਦੇ ਹੱਕ ਦੀ ਵਰਤੋਂ ਕੀਤੀ।

By : Upjit Singh
ਕੈਲਗਰੀ : ਕੈਨੇਡੀਅਨ ਇਤਿਹਾਸ ਦੀ ਵਿਲੱਖਣ ਜ਼ਿਮਨੀ ਚੋਣ ਲਈ ਐਡਵਾਂਸ ਪੋਲਿੰਗ ਮੁਕੰਮਲ ਹੋ ਚੁੱਕੀ ਹੈ ਅਤੇ ਸ਼ੁੱਕਰਵਾਰ ਤੋਂ ਸੋਮਵਾਰ ਤੱਕ 14,434 ਵੋਟਰਾਂ ਨੇ ਵੋਟ ਦੇ ਹੱਕ ਦੀ ਵਰਤੋਂ ਕੀਤੀ। ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੈ ਪੌਇਲੀਐਵ ਸਣੇ 214 ਉਮੀਦਵਾਰਾਂ ਦੀ ਕਿਸਮਤ ਦਾ ਅੰਤਮ ਫੈਸਲਾ 18 ਅਗਸਤ ਨੂੰ ਹੋਵੇਗਾ ਜਦੋਂ ਐਲਬਰਟਾ ਦੇ ਬੈਟਲ ਰਿਵਰ-ਕ੍ਰੋਅਫੂਟ ਪਾਰਲੀਮਾਨੀ ਵਿਚ ਵੋਟਾਂ ਪੈਣ ਮਗਰੋਂ ਗਿਣਤੀ ਆਰੰਭੀ ਜਾਵੇਗੀ। ਇਲੈਕਸ਼ਨਜ਼ ਕੈਨੇਡਾ ਨੇ ਦੱਸਿਆ ਕਿ ਐਡਵਾਂਸ ਪੋਲਿੰਗ ਦੌਰਾਨ ਵੋਟਰਾਂ ਨੂੰ ਖਾਲੀ ਪਰਚੀਆਂ ਦਿਤੀਆਂ ਗਈਆਂ ਜਿਨ੍ਹਾਂ ਉਤੇ ਆਪਣੇ ਮਨਪਸੰਦ ਉਮੀਦਵਾਰ ਦਾ ਨਾਂ ਲਿਖਣਾ ਸੀ। 200 ਤੋਂ ਵੱਧ ਉਮੀਦਵਾਰ ਹੋਣ ਕਾਰਨ ਕਿਤਾਬਚੇ ਦੇ ਰੂਪ ਵਿਚ ਉਮੀਦਵਾਰਾਂ ਦੀ ਸੂਚੀ ਦੀਆਂ ਕਈ ਕਾਪੀਆਂ ਹਰ ਪੋਲਿੰਗ ਸਟੇਸ਼ਨ ’ਤੇ ਮੁਹੱਈਆ ਕਰਵਾਈਆਂ ਗਈਆਂ ਤਾਂਕਿ ਵੋਟਰ ਆਪਣੇ ਮਨਪਸੰਦ ਉਮੀਦਵਾਰ ਦਾ ਨਾਂ ਦੇਖ ਕੇ ਪਰਚੀ ’ਤੇ ਲਿਖ ਸਕਣ।
14 ਹਜ਼ਾਰ ਤੋਂ ਵੱਧ ਲੋਕ ਵੋਟ ਪਾਉਣ ਪੁੱਜੇ
ਕੈਨੇਡਾ ਦਾ ਚੋਣ ਕਾਨੂੰਨ ਹਾਲਾਤ ਦੇ ਮੱਦੇਨਜ਼ਰ ਇਲੈਕਸ਼ਨਜ਼ ਕੈਨੇਡਾ ਨੂੰ ਆਰਜ਼ੀ ਤਬਦੀਲੀਆਂ ਕਰਨ ਦੀ ਇਜਾਜ਼ਤ ਦਿੰਦਾ ਹੈ ਅਤੇ ਇਸੇ ਤਹਿਤ ਪਰਚੀਆਂ ’ਤੇ ਨਾਂ ਲਿਖਣ ਵਾਲਾ ਤਰੀਕਾ ਅਪਣਾਇਆ ਗਿਆ ਹੈ। ਦੂਜੇ ਪਾਸੇ ਚੋਣ ਸੁਧਾਰਾਂ ਦੀ ਵਕਾਲਤ ਕਰਨ ਵਾਲੀ ਜਥੇਬੰਦੀ ਲੌਂਗੈਸਟ ਬੈਲਟ ਕਮੇਟੀ ਵੱਲੋਂ ਪਰਚੀ ’ਤੇ ਨਾਂ ਲਿਖਣ ਵਾਲੇ ਤਰੀਕੇ ਨੂੰ ਵਾਜਬ ਮੰਨਿਆ ਜਾ ਰਿਹਾ ਹੈ ਪਰ ਇਲੈਕਸ਼ਨਜ਼ ਕੈਨੇਡਾ ਵੱਲੋਂ ਪਹਿਲਾਂ ਹੀ ਸੁਚੇਤ ਕੀਤਾ ਜਾ ਚੁੱਕਾ ਹੈ ਕਿ ਵੋਟਾਂ ਦੀ ਗਿਣਤੀ ਕਰਨ ਵਿਚ ਹੁਣ ਵੀ ਵਾਧੂ ਸਮਾਂ ਲੱਗ ਸਕਦਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਜੇ ਵੋਟਰ ਪਰਚੀ ’ਤੇ ਸਾਰੇ ਨਾਂ ਛਾਪ ਕੇ ਲੋਕਾਂ ਨੂੰ ਦਿਤੇ ਜਾਂਦੇ ਤਾਂ ਇਸ ਦੀ ਲੰਬਾਈ ਇਕ ਮੀਟਰ ਤੋਂ ਵਧ ਜਾਣੀ ਸੀ ਅਤੇ ਅਜਿਹੇ ਵਿਚ ਨਾ ਸਿਰਫ਼ ਵੋਟ ਪਾਉਣ ਵੇਲੇ ਦਿੱਕਤਾਂ ਆਉਂਦੀਆਂ ਸਗੋਂ ਵੋਟਾਂ ਦੀ ਗਿਣਤੀ ਵਿਚ ਬਹੁਤ ਜ਼ਿਆਦਾ ਸਮਾਂ ਲਗਦਾ। ਚੇਤੇ ਰਹੇ ਕਿ ਕੈਨੇਡਾ ਦੇ ਚੋਣ ਇਤਿਹਾਸ ਵਿਚ ਕਿਸੇ ਇਕ ਹਲਕੇ ਤੋਂ ਚੋਣ ਲੜ ਰਹੇ ਉਮੀਦਵਾਰਾਂ ਦਾ ਪਿਛਲਾ ਰਿਕਾਰਡ 91 ਦਰਜ ਕੀਤਾ ਗਿਆ ਅਤੇ ਮਜ਼ਬੂਤ ਦਾਅਵੇਦਾਰ ਮੰਨੇ ਜਾ ਰਹੇ ਪਿਅਰੇ ਪੌਇਲੀਐਵ ਲਿਬਰਲ ਪਾਰਟੀ ਦੇ ਗੈਰਤਜਰਬੇਕਾਰ ਉਮੀਦਵਾਰ ਤੋਂ ਹਾਰ ਗਏ।
ਪੌਇਲਐਵ ਸਣੇ 214 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ 18 ਅਗਸਤ ਨੂੰ
ਹੱਦ ਤੋਂ ਜ਼ਿਆਦਾ ਉਮੀਦਵਾਰਾਂ ਕਾਰਨ ਕੰਜ਼ਰਵੇਟਿਵ ਅਤੇ ਲਿਬਰਲ ਦੋਹਾਂ ਪਾਰਟੀਆਂ ਨੂੰ ਅਤੀਤ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਲਿਬਰਲ ਪਾਰਟੀ ਦਾ ਗੜ੍ਹ ਮੰਨੀ ਜਾਂਦੀ ਟੋਰਾਂਟੋ-ਸੇਂਟ ਪੌਲ ਸੀਟ ’ਤੇ ਜ਼ਿਮਨੀ ਚੋਣ ਦੌਰਾਨ ਉਮੀਦਵਾਰਾਂ ਦੀ ਗਿਣਤੀ ਬਹੁਤ ਜ਼ਿਆਦਾ ਹੋਣ ਕਰ ਕੇ ਹੀ ਇਹ ਸੀਟ ਕੁਝ ਵੋਟਾਂ ਦੇ ਫਰਕ ਨਾਲ ਕੰਜ਼ਰਵੇਟਿਵ ਪਾਰਟੀ ਦੀ ਝੋਲੀ ਵਿਚ ਚਲੀ ਗਈ ਪਰ ਇਸ ਸਾਲ 28 ਅਪ੍ਰੈਲ ਨੂੰ ਹੋਈਆਂ ਚੋਣਾਂ ਦੌਰਾਨ ਲਿਬਰਲ ਪਾਰਟੀ ਨੇ ਇਹ ਸੀਟ ਮੁੜ ਜਿੱਤ ਲਈ। ਦਿਲਚਸਪ ਗੱਲ ਇਹ ਹੈ ਕਿ ਕੰਜ਼ਰਵੇਟਿਵ ਪਾਰਟੀ ਦੇ ਐਮ.ਪੀ. ਡੈਮੀਅਨ ਕੁਰੇਕ ਨੇ ਪਾਰਟੀ ਆਗੂ ਪਿਅਰੇ ਪੌਇਲੀਐਵ ਨੂੰ ਹਾਊਸ ਆਫ ਕਾਮਨਜ਼ ਵਿਚ ਪਹੁੰਚਾਉਣ ਲਈ ਅਸਤੀਫ਼ਾ ਦਿਤਾ ਸੀ ਪਰ ਮੌਜੂਦਾ ਹਾਲਾਤ ਪੌਇਲੀਐਵ ਦੀ ਯਕੀਨੀ ਜਿੱਤ ਵੱਲ ਇਸ਼ਾਰਾ ਨਹੀਂ ਕਰ ਰਹੇ। ਬੈਟਲ ਰਿਵਰ-ਕ੍ਰੋਅਫੂਟ ਹਲਕਾ 2004 ਤੋਂ ਕੰਜ਼ਰਵੇਟਿਵ ਪਾਰਟੀ ਦਾ ਗੜ੍ਹ ਬਣਿਆ ਹੋਇਆ ਹੈ ਅਤੇ ਅਪ੍ਰੈਲ ਵਿਚ ਹੋਈਆਂ ਆਮ ਚੋਣਾਂ ਦੌਰਾਨ ਡੈਮੀਅਨ ਕੁਰੇਕ ਨੇ 83 ਫੀ ਸਦੀ ਵੋਟਾਂ ਹਾਸਲ ਕਰਦਿਆਂ ਜਿੱਤ ਦਰਜ ਕੀਤੀ ਸੀ। ਪੇਸ਼ੇ ਵਜੋਂ ਕਿਸਾਨ ਡੈਮੀਅਨ ਕੁਰੇਕ 2019 ਤੋਂ ਐਮ.ਪੀ. ਸਨ ਪਰ ਸੰਸਦ ਵਿਚ ਪਾਰਟੀ ਆਗੂ ਦੀ ਗੈਰਹਾਜ਼ਰੀ ਨੇ ਉਨ੍ਹਾਂ ਨੂੰ ਨਿਰਾਸ਼ ਕਰ ਦਿਤਾ।


