ਕੈਨੇਡਾ ’ਚ ਡੁੱਬੇ ਭਾਰਤੀ ਪਰਵਾਰ ਦੇ ਮਾਮਲੇ ’ਚ ਕਾਰਵਾਈ
ਕੈਨੇਡਾ-ਅਮਰੀਕਾ ਦੇ ਬਾਰਡਰ ’ਤੇ ਨਦੀ ਵਿਚ ਡੁੱਬਣ ਕਾਰਨ ਜਾਨ ਗਵਾਉਣ ਵਾਲੇ ਭਾਰਤੀ ਪਰਵਾਰ ਦੇ ਮਾਮਲੇ ਵਿਚ ਕਿਊਬੈਕ ਦੀ ਅਦਾਲਤ ਨੇ 2 ਮਨੁੱਖੀ ਤਸਕਰਾਂ ਨੂੰ ਅਮਰੀਕਾ ਦੇ ਸਪੁਰਦ ਕਰਨ ਦਾ ਫੈਸਲਾ ਸੁਣਾਇਆ ਹੈ।

ਮੌਂਟਰੀਅਲ : ਕੈਨੇਡਾ-ਅਮਰੀਕਾ ਦੇ ਬਾਰਡਰ ’ਤੇ ਨਦੀ ਵਿਚ ਡੁੱਬਣ ਕਾਰਨ ਜਾਨ ਗਵਾਉਣ ਵਾਲੇ ਭਾਰਤੀ ਪਰਵਾਰ ਦੇ ਮਾਮਲੇ ਵਿਚ ਕਿਊਬੈਕ ਦੀ ਅਦਾਲਤ ਨੇ 2 ਮਨੁੱਖੀ ਤਸਕਰਾਂ ਨੂੰ ਅਮਰੀਕਾ ਦੇ ਸਪੁਰਦ ਕਰਨ ਦਾ ਫੈਸਲਾ ਸੁਣਾਇਆ ਹੈ। ਜਸਟਿਸ ਗ੍ਰੈਗਰੀ ਮੂਰ ਨੇ ਕਿਹਾ ਕਿ ਸਰਕਾਰੀ ਵਕੀਲ ਵੱਲੋਂ ਪੇਸ਼ ਸਬੂਤ ਮਨੁੱਖੀ ਤਸਕਰਾਂ ਦਾ ਗੁਨਾਹ ਜਗ-ਜ਼ਾਹਰ ਕਰਨ ਲਈ ਕਾਫ਼ੀ ਹਨ ਅਤੇ ਹੁਣ ਦੋਹਾਂ ਨੂੰ ਗੁਆਂਢੀ ਮੁਲਕ ਭੇਜਣ ਦੀ ਪ੍ਰਕਿਰਿਆ ਆਰੰਭੀ ਜਾਵੇ। ਅਦਾਲਤੀ ਹੁਕਮਾਂ ਦੇ ਬਾਵਜੂਦ ਦੋਹਾਂ ਨੂੰ ਅਮਰੀਕਾ ਦੇ ਸਪੁਰਦ ਕਰਨ ਦਾ ਅੰਤਮ ਫੈਸਲਾ ਕੈਨੇਡਾ ਦੇ ਨਿਆਂ ਮੰਤਰੀ ਵੱਲੋਂ ਲਿਆ ਜਾਣਾ ਹੈ। ਦੱਸ ਦੇਈਏ ਕਿ 29 ਮਾਰਚ 2023 ਨੂੰ ਵਾਪਰੇ ਦੁਖਾਂਤ ਦੌਰਾਨ ਜਾਨ ਗਵਾਉਣ ਵਾਲਿਆਂ ਵਿਚ ਗੁਜਰਾਤ ਦੇ ਮਹਿਸਾਣਾ ਇਲਾਕੇ ਨਾਲ ਸਬੰਧਤ 50 ਸਾਲ ਦਾ ਪ੍ਰਵੀਨਭਾਈ ਵੇਲਜੀਭਾਈ ਚੌਧਰੀ, ਉਸ ਦੀ ਪਤਨੀ ਅਤੇ ਦੋ ਬੱਚੇ ਸ਼ਾਮਲ ਸਨ ਜਦਕਿ ਰੋਮਾਨੀਆ ਨਾਲ ਸਬੰਧਤ ਇਕ ਪਰਵਾਰ ਵੀ ਨਦੀ ਵਿਚ ਡੁੱਬ ਗਿਆ।
2 ਮਨੁੱਖੀ ਤਸਕਰਾਂ ਨੂੰ ਅਮਰੀਕਾ ਹਵਾਲੇ ਕਰਨ ਦੇ ਹੁਕਮ
ਜਾਂਚਕਰਤਾਵਾਂ ਮੁਤਾਬਕ ਦੋਹਾਂ ਪਰਵਾਰਾਂ ਨੂੰ ਕਿਸ਼ਤੀ ਵਿਚ ਬੈਠਣ ਲਈ ਮਜਬੂਰ ਕੀਤਾ ਗਿਆ ਜਦਕਿ ਮੌਸਮ ਬੇਹੱਦ ਖਰਾਬ ਸੀ ਅਤੇ ਤੇਜ਼ ਹਵਾਵਾਂ ਚੱਲ ਰਹੀਆਂ ਸਨ। ਪ੍ਰਵੀਨ ਚੌਧਰੀ ਨੇ ਕੈਨੇਡਾ ਦੇ ਰਸਤੇ ਅਮਰੀਕਾ ਪੁੱਜਣ ਲਈ ਮਨੁੱਖੀ ਤਸਕਰਾਂ ਨਾਲ ਇਕ ਲੱਖ ਡਾਲਰ ਦਾ ਸੌਦਾ ਕੀਤਾ। ਉਹ ਆਪਣੀ ਪਤਨੀ ਅਤੇ ਦੋ ਬੱਚਿਆਂ ਸਣੇ ਦੋ ਮਹੀਨੇ ਪਹਿਲਾਂ ਵਿਜ਼ਟਰ ਵੀਜ਼ਾ ’ਤੇ ਕੈਨੇਡਾ ਆਇਆ ਸੀ ਅਤੇ ਨਾਜਾਇਜ਼ ਤਰੀਕੇ ਨਾਲ ਅਮਰੀਕਾ ਦਾਖਲ ਹੋਣ ਦੀ ਕੋਸ਼ਿਸ਼ ਦੌਰਾਨ ਪੂਰਾ ਪਰਵਾਰ ਸੇਂਟ ਲਾਰੈਂਸ ਨਦੀ ਵਿਚ ਡੁੱਬ ਗਿਆ। ਗੁਜਰਾਤੀ ਪਰਵਾਰ ਦੇ ਕੈਨੇਡਾ ਰਹਿੰਦੇ ਰਿਸ਼ਤੇਦਾਰਾਂ ਨੇ ਇਸ ਦੁਖਾਂਤ ਬਾਰੇ ਮਹਿਸਾਣਾ ਵਿਖੇ ਹੋਰਨਾਂ ਰਿਸ਼ਤੇਦਾਰਾਂ ਨੂੰ ਇਤਲਾਹ ਦਿਤੀ। ਪ੍ਰਵੀਨਭਾਈ ਦੇ ਚਚੇਰੇ ਭਰਾ ਜਸੂਭਾਈ ਚੌਧਰੀ ਨੇ ਦੱਸਿਆ ਕਿ ਪਰਵਾਰ ਦੇ ਵਿਜ਼ਟਰ ਵੀਜ਼ਾ ’ਤੇ ਕੈਨੇਡਾ ਜਾਣ ਵੇਲੇ ਕਿਸੇ ਨੂੰ ਨਹੀਂ ਸੀ ਪਤਾ ਕਿ ਇਹ ਸਾਰੇ ਅਮਰੀਕਾ ਜਾਣਾ ਚਾਹੁੰਦੇ ਸਨ।
ਮਾਰਚ 2023 ਵਿਚ ਵਾਪਰਿਆ ਸੀ ਦੁਖਾਂਤ
ਉਧਰ ਕਿਊਬੈਕ ਦੇ ਅਕਵੇਜ਼ਨ ਮੋਹੌਕ ਇਲਾਕੇ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕਿਸ਼ਤੀ ਦੇਣ ਵਾਲੇ ਸ਼ਖਸ ਦੀ ਪਛਾਣ ਕੇਸੀ ਓਕਸ ਵਜੋਂ ਕੀਤੀ ਗਈ ਅਤੇ ਉਸ ਦੀ ਲਾਸ਼ ਜੁਲਾਈ ਮਹੀਨੇ ਦੌਰਾਨ ਸੇਂਟ ਲਾਰੈਂਸ ਨਦੀ ਵਿਚੋਂ ਕੱਢੀ ਜਾ ਸਕੀ। ਇਕ ਸਾਬਕਾ ਫ਼ਾਇਰ ਫਾਈਟਰ ਨੇ ਉਸ ਵੇਲੇ ਕਿਹਾ ਸੀ ਕਿ ਸੇਂਟ ਲਾਰੈਂਸ ਨਦੀ ਵਿਚ ਡੁੱਬਣ ਵਾਲੇ ਭਾਵੇਂ ਵਿਦੇਸ਼ਾਂ ਤੋਂ ਆਏ ਸਨ ਪਰ ਇਸ ਦੁਖਾਂਤ ਦਾ ਸਥਾਨਕ ਮੂਲ ਬਾਸ਼ਿੰਦਿਆਂ ’ਤੇ ਡੂੰਘਾ ਅਸਰ ਪਿਆ ਹੈ। ਸੇਂਟ ਲਾਰੈਂਸ ਨਦੀ ਅਤੇ ਇਸ ਦੇ ਨਾਲ ਲਗਦਾ ਸੁੰਨਸਾਨ ਇਲਾਕਾ ਅਕਸਰ ਹੀ ਮਨੁੱਖੀ ਤਸਕਰਾਂ ਦਾ ਗੜ੍ਹ ਰਿਹਾ ਹੈ। ਚੇਤੇ ਰਹੇ ਕਿ ਜਨਵਰੀ 2022 ਵਿਚ ਮੈਨੀਟੋਬਾ ਤੋਂ ਅਮਰੀਕਾ ਦਾਖਲ ਹੁੰਦੇ ਗੁਜਰਾਤੀ ਪਰਵਾਰ ਨੇ ਠੰਢ ਵਿਚ ਦਮ ਤੋੜ ਦਿਤਾ ਸੀ। ਮਨਫ਼ੀ 35 ਡਿਗਰੀ ਤਾਪਮਾਨ ਵਿਚ ਪਰਵਾਰ ਨੂੰ ਬਾਰਡਰ ਪਾਰ ਕਰਨ ਲਈ ਮਜਬੂਰ ਕੀਤਾ ਗਿਆ ਪਰ ਗਰਮ ਕੱਪੜਿਆਂ ਦੀ ਘਾਟ ਕਾਰਨ ਕੋਈ ਵੀ ਬਾਰਡਰ ਤੱਕ ਨਾ ਪਹੁੰਚ ਸਕਿਆ ਜਦਕਿ ਇਨ੍ਹਾਂ ਦੇ ਕੁਝ ਸਾਥੀਆਂ ਨੂੰ ਅਮਰੀਕਾ ਦੇ ਬਾਰਡਰ ਏਜੰਟਾਂ ਨੇ ਗ੍ਰਿਫ਼ਤਾਰ ਕਰ ਲਿਆ।