ਕੈਨੇਡਾ ਤੋਂ ਲੁੱਟੇ 400 ਕਿਲੋ ਸੋਨੇ ਦਾ ਇਕ ਮੁਕੱਦਮਾ ਅਮਰੀਕਾ ਵਿਚ ਵੀ ਸ਼ੁਰੂ
ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ ਲੁੱਟੇ 400 ਕਿਲੋ ਸੋਨੇ ਨਾਲ ਸਬੰਧਤ ਇਕ ਮੁਕੱਦਮਾ ਅਮਰੀਕਾ ਵਿਚ ਵੀ ਸ਼ੁਰੂ ਹੋ ਰਿਹਾ ਹੈ ਅਤੇ ਪੈਨਸਿਲਵੇਨੀਆ ਸਟੇਟ ਪੁਲਿਸ ਅਰਚਿਤ ਗਰੋਵਰ ਤੇ ਪ੍ਰਸਾਦ ਪਰਮਾਲੰਗਮ ਦੀ ਹਿਰਾਸਤ ਚਾਹੁੰਦੀ ਹੈ ਜੋ ਇਸ ਵੇਲੇ ਕੈਨੇਡਾ ਵਿਚ ਮੌਜੂਦ ਹਨ।
By : Upjit Singh
ਨਿਊ ਯਾਰਕ : ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ ਲੁੱਟੇ 400 ਕਿਲੋ ਸੋਨੇ ਨਾਲ ਸਬੰਧਤ ਇਕ ਮੁਕੱਦਮਾ ਅਮਰੀਕਾ ਵਿਚ ਵੀ ਸ਼ੁਰੂ ਹੋ ਰਿਹਾ ਹੈ ਅਤੇ ਪੈਨਸਿਲਵੇਨੀਆ ਸਟੇਟ ਪੁਲਿਸ ਅਰਚਿਤ ਗਰੋਵਰ ਤੇ ਪ੍ਰਸਾਦ ਪਰਮਾÇਲੰਗਮ ਦੀ ਹਿਰਾਸਤ ਚਾਹੁੰਦੀ ਹੈ ਜੋ ਇਸ ਵੇਲੇ ਕੈਨੇਡਾ ਵਿਚ ਮੌਜੂਦ ਹਨ। ਦੱਸਿਆ ਜਾ ਰਿਹਾ ਹੈ ਕਿ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਇਆ ਇਕ ਹੋਰ ਕੈਨੇਡੀਅਨ ਪਹਿਲਾਂ ਹੀ ਪੈਨਸਿਲਵੇਨੀਆ ਪੁਲਿਸ ਦੀ ਹਿਰਾਸਤ ਵਿਚ ਹੈ। ਦੂਜੇ ਪਾਸੇ ਪੀਲ ਰੀਜਨਲ ਪੁਲਿਸ ਅਮਰੀਕਾ ਵਿਚ ਗ੍ਰਿਫ਼ਤਾਰ ਕਿੰਗ ਮੈਕਲੇਨ ਦੀ ਹਵਾਲਗੀ ਚਾਹੁੰਦੀ ਹੈ ਜੋ ਸੰਭਾਵਤ ਤੌਰ ਲੁੱਟ ਦੌਰਾਨ ਵਰਤਿਆ ਟਰੱਕ ਚਲਾ ਰਿਹਾ ਸੀ। ਫਲੋਰੀਡਾ ਦੀ ਇਕ ਔਰਤ ਨੂੰ ਕਿੰਗ ਮੈਕਲੇਨ ਦੀ ਸਹਾਇਕ ਮੰਨਿਆ ਜਾ ਰਿਹਾ ਹੈ ਪਰ ਉਸ ਵਿਰੁੱਧ ਕੈਨੇਡਾ ਵਿਚ ਕੋਈ ਦੋਸ਼ ਆਇਦ ਨਹੀਂ ਕੀਤਾ ਗਿਆ।
ਅਰਚਿਤ ਗਰੋਵਰ ਅਤੇ ਪ੍ਰਸਾਦ ਪਰਮਾÇਲੰਗਮ ਦੀ ਹਵਾਲਗੀ ਚਾਹੁੰਦੈ ਅਮਰੀਕਾ
ਪੀਲ ਰੀਜਨਲ ਪੁਲਿਸ ਵੱਲੋਂ ਚਾਰ ਮਹੀਨੇ ਪਹਿਲਾਂ 400 ਕਿਲੋ ਸੋਨੇ ਦੀ ਲੁੱਟ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕੀਤਾ ਗਿਆ ਤਾਂ ਅਮਰੀਕਾ ਦੇ ਜਾਂਚਕਰਤਾਵਾਂ ਨੇ ਦੱਸਿਆ ਕਿ ਸੋਨੇ ਦਾ ਕੁਝ ਹਿੱਸਾ ਵੇਚ ਕੇ ਅਮਰੀਕਾ ਤੋਂ ਹਥਿਆਰ ਖਰੀਦੇ ਗਏ ਪਰ ਇਹ ਕੈਨੇਡਾ ਪਹੁੰਚਣ ਤੋਂ ਪਹਿਲਾਂ ਹੀ ਫੜੇ ਗਏ। ਅਮਰੀਕਾ ਦੇ ਨਿਆਂ ਵਿਭਾਗ ਨੇ ਦੋਸ਼ ਲਾਇਆ ਹੈ ਕਿ ਪ੍ਰਸਾਦ ਪਰਮਾÇਲੰਗਮ ਅਤੇ ਹੋਰਨਾਂ ਵੱਲੋਂ ਅਪ੍ਰੈਲ 2023 ਵਿਚ ਅਮਰੀਕਾ ਤੋਂ ਕੈਨੇਡਾ ਹਥਿਆਰਾਂ ਦੀ ਤਸਕਰੀ ਕਰਨ ਦਾ ਯਤਨ ਕੀਤਾ ਗਿਆ। ਹੈਲੀਫੈਕਸ ਦੀ ਡਲਹੌਜ਼ੀ ਯੂਨੀਵਰਸਿਟੀ ਵਿਚ ਕਾਨੂੰਨ ਦੇ ਪ੍ਰੋਫੈਸਰ ਰੌਬਰਟ ਕਰੀ ਦਾ ਇਸ ਮਾਮਲੇ ਬਾਰੇ ਕਹਿਣਾ ਹੈ ਕਿ ਹਵਾਲਗੀ ਪ੍ਰਕਿਰਿਆ ਵਿਚ ਬਹੁਤ ਸਮਾਂ ਲੱਗ ਸਕਦਾ ਹੈ। ਇਸ ਵੇਲੇ ਔਸਤ ਸਮਾਂ 18 ਮਹੀਨੇ ਤੋਂ ਤਿੰਨ ਸਾਲ ਦਰਮਿਆਨ ਚੱਲ ਰਿਹਾ ਹੈ ਅਤੇ ਜੇ ਕਿਸੇ ਸ਼ੱਕੀ ਨੇ ਹਵਾਲਗੀ ਵਿਰੁੱਧ ਅਪੀਲ ਕਰ ਦਿਤੀ ਤਾਂ ਸਮਾਂ ਹੋਰ ਵੀ ਵਧ ਸਕਦਾ ਹੈ। ਟੋਰਾਂਟੋ ਦੇ ਕ੍ਰਿਮੀਨਲ ਡਿਫੈਂਸ ਲਾਅਇਰ ਲੀਓ ਐਡਲਰ ਦਾ ਵੀ ਇਹੀ ਮੰਨਣਾ ਹੈ ਕਿ ਕੋਈ ਹੋਰ ਰਾਹ ਬਾਕੀ ਨਾ ਬਚਣ ’ਤੇ ਹਵਾਲਗੀ ਵਾਲਾ ਰਸਤਾ ਚੁਣਿਆ ਜਾਵੇ।
ਪੈਨਸਿਲਵੇਨੀਆ ਪੁਲਿਸ ਦੀ ਹਿਰਾਸਤ ਵਿਚ ਹੈ ਇਕ ਕੈਨੇਡੀਅਨ
ਉਨ੍ਹਾਂ ਕਿਹਾ ਕਿ ਜੇ ਕੈਨੇਡਾ ਸਰਕਾਰ ਦੋਸ਼ ਵਾਪਸ ਲੈ ਲੈਂਦੀ ਹੈ ਤਾਂ ਸ਼ੱਕੀਆਂ ਨੂੰ ਅਮਰੀਕਾ ਭੇਜਣ ਦਾ ਰਾਹ ਸੌਖਾ ਹੋ ਜਾਵੇਗਾ। ਦੱਸ ਦੇਈਏ ਕਿ ਕੈਨੇਡਾ ਤੋਂ ਹਵਾਲਗੀ ਰਾਹੀਂ ਕਿਸੇ ਸ਼ੱਕੀ ਨੂੰ ਅਮਰੀਕਾ ਦੇ ਸਪੁਰਦ ਕਰਨ ਲਈ ਤਿੰਨ ਪੜਾਵਾਂ ਵਿਚੋਂ ਲੰਘਣਾ ਪੈਂਦਾ ਹੈ। ਸਭ ਤੋਂ ਪਹਿਲਾਂ ਫੈਡਰਲ ਜਸਟਿਸ ਸਿਸਟਮ ਤੋਂ ਹਵਾਲਗੀ ਬਾਰੇ ਸੁਣਵਾਈ ਦੀ ਪ੍ਰਵਾਨਗੀ ਲੈਣੀ ਹੁੰਦੀ ਹੈ। ਇਸ ਕੰਮ ਵਿਚ 30 ਦਿਨ ਲੱਗ ਸਕਦੇ ਹਨ। ਫਿਰ ਮਾਮਲਾ ਅਦਾਲਤ ਵਿਚ ਪੁੱਜ ਜਾਂਦਾ ਹੈ ਅਤੇ ਜੱਜ ਨੇ ਫੈਸਲਾ ਕਰਨਾ ਹੁੰਦਾ ਹੈ ਕਿ ਸਬੰਧਤ ਸ਼ੱਕੀ ਨੂੰ ਗੁਆਂਢੀ ਮੁਲਕ ਦੇ ਸਪੁਰਦ ਕੀਤਾ ਜਾਵੇ ਜਾਂ ਨਹੀਂ। ਇਸ ਮਗਰੋਂ ਮਾਮਲਾ ਕੈਨੇਡਾ ਦੇ ਨਿਆਂ ਮੰਤਰੀ ਕੋਲ ਆਉਂਦਾ ਹੈ ਅਤੇ ਜੇ ਮਾਮਲਾ ਤੈਅ ਮਾਪਦੰਡਾਂ ’ਤੇ ਖਰਾ ਨਹੀਂ ਉਤਰਦਾ ਤਾਂ ਸ਼ੱਕੀ ਨੂੰ ਰਿਹਾਅ ਕੀਤਾ ਜਾ ਸਕਦਾ ਹੈ। ਅਰਚਿਤ ਗਰੋਵਰ ਅਤੇ ਪ੍ਰਸਾਦ ਪਰਮਾÇਲੰਗਮ ਤੋਂ ਬਗੈਰ ਅਮਰੀਕਾ ਦੀ ਅਦਾਲਤ ਵਿਚ ਮੁਕੱਦਮਾ ਸ਼ੁਰੂ ਹੋਵੇਗਾ ਅਤੇ ਜੇ ਕਿੰਗ ਮੈਕਲੇਨ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ ਤਾਂ ਦੋਹਾਂ ਨੂੰ ਕੈਨੇਡਾ ਤੋਂ ਅਮਰੀਕਾ ਲਿਜਾਣਾ ਸੌਖਾ ਹੋ ਸਕਦਾ ਹੈ। ਫਿਰ ਵੀ ਦੋਹਾਂ ਮੁਲਕਾਂ ਦੇ ਸਰਕਾਰੀ ਵਕੀਲਾਂ ਨੂੰ ਇਹ ਸਾਬਤ ਕਰਨਾ ਹੋਵੇਗਾ ਕਿ ਸੋਨੇ ਦੀ ਲੁੱਟ ਅਤੇ ਸੋਨਾ ਵੇਚ ਕੇ ਹਥਿਆਰ ਖਰੀਦਣ ਦੇ ਅਪਰਾਧ ਵੱਖੋ ਵੱਖਰੇ ਸਮੇਂ ’ਤੇ ਕੀਤੇ ਗਏ।