ਅਮਰੀਕਾ ਤੋਂ ਕੈਨੇਡਾ ਵੱਲ ਵਗ ਰਿਹੈ ਨਸ਼ਿਆਂ ਅਤੇ ਹਥਿਆਰਾਂ ਦਾ ਦਰਿਆ
ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਕੈਨੇਡਾ ਤੋਂ ਭਾਰੀ ਮਿਕਦਾਰ ਵਿਚ ਫੈਂਟਾਨਿਲ ਅਮਰੀਕਾ ਪੁੱਜਣ ਦੇ ਦੋਸ਼ ਲਾਉਂਦਿਆਂ ਕੈਨੇਡੀਅਨ ਵਸਤਾਂ ਉਤੇ ਭਾਰੀ ਭਰਕਮ ਟੈਕਸ ਲਾਏ ਜਾ ਰਹੇ ਹਨ

ਟੋਰਾਂਟੋ : ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਕੈਨੇਡਾ ਤੋਂ ਭਾਰੀ ਮਿਕਦਾਰ ਵਿਚ ਫੈਂਟਾਨਿਲ ਅਮਰੀਕਾ ਪੁੱਜਣ ਦੇ ਦੋਸ਼ ਲਾਉਂਦਿਆਂ ਕੈਨੇਡੀਅਨ ਵਸਤਾਂ ਉਤੇ ਭਾਰੀ ਭਰਕਮ ਟੈਕਸ ਲਾਏ ਜਾ ਰਹੇ ਹਨ ਪਰ ਕੈਨੇਡਾ ਬਾਰਡਰ ਸਰਵਿਸਿਜ਼ ਦੀ ਤਾਜ਼ਾ ਰਿਪੋਰਟ ਵੱਖਰੀ ਕਹਾਣੀ ਬਿਆਨ ਕਰ ਰਹੀ ਹੈ। ਰਿਪੋਰਟ ਮੁਤਾਬਕ ਅਮਰੀਕਾ ਤੋਂ ਕੈਨੇਡਾ ਵੱਲ ਆ ਰਹੇ ਨਸ਼ਿਆਂ ਦੀ ਮਿਕਦਾਰ ਦੋ ਸਾਲ ਵਿਚ ਦੁੱਗਣੀ ਹੋ ਚੁੱਕੀ ਹੈ ਅਤੇ ਨਾਜਾਇਜ਼ ਹਥਿਆਰਾਂ ਨੂੰ ਵੀ ਬਾਰਡਰ ਪਾਰ ਕਰਵਾੳਣ ਦੇ ਯਤਨਾਂ ਵਿਚ ਤੇਜ਼ ਵਾਧਾ ਹੋ ਰਿਹਾ ਹੈ। ਮਿਸਾਲ ਵਜੋਂ 2022 ਦੌਰਾਨ ਸੀ.ਬੀ.ਐਸ.ਏ. ਵੱਲੋਂ ਅਮਰੀਕਾ ਤੋਂ ਆ ਰਹੇ 3,800 ਕਿਲੋ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਪਰ ਪਿਛਲੇ ਸਾਲ ਇਹ ਅੰਕੜਾ 8,300 ਕਿਲੋ ’ਤੇ ਪੱਜ ਗਿਆ ਜੋ 118 ਫ਼ੀ ਸਦੀ ਵਾਧਾ ਬਣਦਾ ਹੈ।
ਸੀ.ਬੀ.ਐਸ.ਏ. ਦੀ ਤਾਜ਼ਾ ਰਿਪੋਰਟ ਵਿਚ ਕੀਤਾ ਗਿਆ ਦਾਅਵਾ
ਅਮਰੀਕਾ ਤੋਂ ਆ ਰਹੇ ਨਸ਼ਿਆਂ ਵਿਚ ਕੋਕੀਨ, ਹਸ਼ੀਸ਼, ਹੈਰੋਇਨ, ਅਫ਼ੀਮ, ਮੈਥਾਡੌਨ ਅਤੇ ਮੌਰਫ਼ਿਨ ਸ਼ਾਮਲ ਹਨ। ਦੂਜੇ ਪਾਸੇ ਟੋਰਾਂਟੋ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਇਕ ਵੱਡੇ ਗਿਰੋਹ ਦਾ ਪਰਦਾ ਫਾਸ਼ ਕਰਦਿਆਂ ਜਨਵਰੀ ਮਹੀਨੇ ਦੌਰਾਨ 835 ਕਿਲੋ ਕੋਕੀਨ ਜ਼ਬਤ ਕੀਤੀ ਗਈ। ਇਸ ਤੋਂ ਇਲਾਵਾ ਡ੍ਰਗ ਡੋਜ਼ ਦੀ ਗਿਣਤੀ ਵਿਚ ਤਿੰਨ ਗੁਣਾ ਵਾਧਾ ਹੋਇਆ ਹੈ। 2022 ਦੌਰਾਨ 1 ਲੱਖ 12 ਹਜ਼ਾਰ ਤੋਂ ਵੱਧ ਡ੍ਰਗ ਡੋਜ਼ ਜ਼ਬਤ ਕੀਤੀਆਂ ਗਈਆਂ ਪਰ 2024 ਦੌਰਾਨ ਇਹ ਅੰਕੜਾ ਤਿੰਨ ਗੁਣਾ ਵਾਧੇ ਨਾਲ 4 ਲੱਖ 70 ਹਜ਼ਾਰ ਦੇ ਨੇੜੇ ਪੁੱਜ ਗਿਆ। ਸਰਹੱਦੀ ਸੁਰੱਖਿਆ ਦੇ ਮਾਹਰਾਂ ਦਾ ਕਹਿਣਾ ਹੈ ਕਿ ਅਮਰੀਕਾ ਤੋਂ ਕੈਨੇਡਾ ਵੱਲ ਨਸ਼ਿਆਂ ਦੀ ਖੇਪ ਲਿਜਾਣੀ ਕਾਫ਼ੀ ਸੌਖੀ ਹੈ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਤਕਰੀਬਨ 4 ਲੱਖ ਲੋਕ ਬਾਰਡਰ ਪਾਰ ਕਰਦੇ ਹਨ ਅਤੇ ਇਨ੍ਹਾਂ ਵਿਚੋਂ ਜ਼ਿਆਦਾਤਰ ਦੀ ਡੂੰਘਾਈ ਨਾਲ ਤਲਾਸ਼ੀ ਨਹੀਂ ਲਈ ਜਾਂਦੀ।
ਟਰੰਪ ਲਾ ਚੁੱਕੇ ਨੇ ਕੈਨੇਡਾ ਤੋਂ ਨਸ਼ੇ ਆਉਣ ਦੇ ਦੋਸ਼
ਉਨ੍ਹਾਂ ਇਹ ਵੀ ਕਿਹਾ ਕਿ ਭਾਵੇਂ ਟਰੰਪ ਨੂੰ ਖੁਸ਼ ਕਰਨ ਵਾਸਤੇ ਕੈਨੇਡਾ ਸਰਕਾਰ ਵੱਲੋਂ ਸਰਹੱਦੀ ਸੁਰੱਖਿਆ ’ਤੇ 1.3 ਅਰਬ ਡਾਲਰ ਖਰਚ ਕੀਤੇ ਜਾਣਗੇ ਪਰ ਅਸਲ ਫਾਇਦਾ ਕੈਨੇਡਾ ਨੂੰ ਹੀ ਹੋਵੇਗਾ ਜਦੋਂ ਨਸ਼ੇ ਅਤੇ ਹਥਿਆਰ ਬਾਰਡਰ ’ਤੇ ਰੋਕ ਦਿਤੇ ਜਾਣਗੇ ਅਤੇ ਕੈਨੇਡੀਅਨ ਕਮਿਊਨਿਟੀਜ਼ ਪਹਿਲਾਂ ਨਾਲੋਂ ਸੁਰੱਖਿਅਤ ਮਹਿਸੂਸ ਕਰਨਗੀਆਂ। ਦੱਸ ਦੇਈਏ ਕਿ ਅਮਰੀਕਾ ਦੇ ਬਾਰਡਰ ਅਫ਼ਸਰਾਂ ਵੱਲੋਂ ਪਿਛਲੇ ਸਾਲ ਉਤਰੀ ਸਰਹੱਦ ’ਤੇ ਤਕਰੀਬਨ 20 ਕਿਲੋ ਫੈਂਟਾਨਿਲ ਬਰਾਮਦ ਕੀਤੀ ਗਈ ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਅਮਰੀਕਾ ਪੁੱਜ ਰਹੇ ਨਸ਼ਿਆਂ ਵਿਚ ਕੈਨੇਡਾ ਦੀ ਹਿੱਸੇਦਾਰ ਬੇਹੱਦ ਮਾਮੂਲੀ ਬਣਦੀ ਹੈ। ਫਿਰ ਵੀ ਆਰ.ਸੀ.ਐਮ.ਪੀ. ਦੇ ਡਿਪਟੀ ਕਮਿਸ਼ਨਰ ਕੈਵਿਨ ਬਰੌਸੋ ਨੂੰ ਫੈਂਟਾਨਿਲ ਜ਼ਾਰ ਨਿਯੁਕਤ ਕੀਤਾ ਗਿਆ ਹੈ। ਉਧਰ ਹਥਿਆਰਾਂ ਦਾ ਜ਼ਿਕਰ ਕੀਤਾ ਜਾਵੇ ਤਾਂ 2022 ਦੌਰਾਨ ਸੀ.ਬੀ.ਐਸ.ਏ. ਵੱਲੋਂ ਅਮਰੀਕਾ ਤੋਂ ਆ ਰਹੇ 581 ਹਥਿਆਰ ਜ਼ਬਤ ਕੀਤੇ ਗਏ ਅਤੇ ਪਿਛਲੇ ਸਾਲ ਇਹ ਅੰਕੜਾ 839 ਦਰਜ ਕੀਤਾ ਗਿਆ। ਕੈਨੇਡਾ ਵਿਚ ਨਾਜਾਇਜ਼ ਹਥਿਆਰਾਂ ਦਾ ਮੁੱਖ ਸਰੋਤ ਅਮਰੀਕਾ ਹੈ ਕਿਉਂਕਿ ਪਿਛਲੇ ਸਾਲ ਜ਼ਬਤ ਕੀਤੇ ਕੁਲ ਹਥਿਆਰਾਂ ਵਿਚੋਂ ਸਿਰਫ਼ 93 ਹੀ ਦੁੁਨੀਆਂ ਦੇ ਹੋਰਨਾਂ ਮੁਲਕਾਂ ਤੋਂ ਕੈਨੇਡਾ ਪੁੱਜੇ। ਇਕੱਲੀ ਟੋਰਾਂਟੋ ਪੁਲਿਸ ਵੱਲੋਂ 2024 ਦੌਰਾਨ 717 ਪਸਤੌਲਾਂ ਅਤੇ ਬੰਦੂਕਾਂ ਬਰਾਮਦ ਕੀਤੀਆਂ ਗਈਆਂ ਅਤੇ ਇਨ੍ਹਾਂ ਵਿਚੋਂ 91 ਫੀ ਸਦੀ ਹੈਂਡਗੰਨਜ਼ ਅਮਰੀਕਾ ਤੋਂ ਆਈਆਂ ਸਨ। ਸਾਲ 2018 ਮਗਰੋਂ ਟੋਰਾਂਟੋ ਪੁਲਿਸ ਵੱਲੋਂ ਬਰਾਮਦ ਨਾਜਾਇਜ਼ ਹਥਿਆਰਾਂ ਵਿਚੋਂ 70 ਤੋਂ 88 ਫ਼ੀ ਸਦੀ ਅਮਰੀਕਾ ਨਾਲ ਸਬੰਧਤ ਨਜ਼ਰ ਆਏ।