ਕੈਨੇਡਾ ’ਚ 10 ਜੀਆਂ ਵਾਲੇ ਪੰਜਾਬੀ ਪਰਵਾਰ ’ਤੇ ਡਿੱਗਿਆ ਕਹਿਰ
ਕੈਨੇਡਾ ਵਿਚ ਤਬਾਹਕੁੰਨ ਅੱਗ ਲੱਗਣ ਕਾਰਨ ਖੇਰੂੰ-ਖੇਰੂੰ ਹੋਏ 10 ਜੀਆਂ ਵਾਲੇ ਪੰਜਾਬੀ ਪਰਵਾਰ ਦੀ ਸ਼ਨਾਖਤ ਹੋ ਗਈ ਹੈ ਜਿਨ੍ਹਾਂ ਵਿਚੋਂ ਪੰਜ ਜਣੇ ਇਸ ਦੁਨੀਆਂ ਵਿਚ ਨਹੀਂ ਰਹੇ ਅਤੇ ਚਾਰ ਹੋਰ ਹਸਪਤਾਲ ਵਿਚ ਜ਼ਿੰਦਗੀ ਲਈ ਜੂਝ ਰਹੇ ਹਨ

By : Upjit Singh
ਬਰੈਂਪਟਨ : ਕੈਨੇਡਾ ਵਿਚ ਤਬਾਹਕੁੰਨ ਅੱਗ ਲੱਗਣ ਕਾਰਨ ਖੇਰੂੰ-ਖੇਰੂੰ ਹੋਏ 10 ਜੀਆਂ ਵਾਲੇ ਪੰਜਾਬੀ ਪਰਵਾਰ ਦੀ ਸ਼ਨਾਖਤ ਹੋ ਗਈ ਹੈ ਜਿਨ੍ਹਾਂ ਵਿਚੋਂ ਪੰਜ ਜਣੇ ਇਸ ਦੁਨੀਆਂ ਵਿਚ ਨਹੀਂ ਰਹੇ ਅਤੇ ਚਾਰ ਹੋਰ ਹਸਪਤਾਲ ਵਿਚ ਜ਼ਿੰਦਗੀ ਲਈ ਜੂਝ ਰਹੇ ਹਨ। ਬਰੈਂਪਟਨ ਦੇ ਮੰਦਭਾਗੇ ਮਕਾਨ ਵਿਚ ਰਹਿੰਦੇ ਜਗਰਾਜ ਸਿੰਘ ਨੇ ਦੱਸਿਆ ਕਿ ਉਸ ਦੀ ਸੱਸ ਤੋਂ ਇਲਾਵਾ 29 ਸਾਲ ਦੀ ਸਿਸਟਰ ਇਨ ਲਾਅ ਗੁਰਜੀਤ ਕੌਰ, ਗੁਰਜੀਤ ਕੌਰ ਦਾ 2 ਸਾਲਾ ਬੱਚਾ, ਉਸ ਦੀ ਪਤਨੀ ਅਰਸ਼ਵੀਰ ਕੌਰ ਦੀ 27 ਸਾਲਾ ਕਜ਼ਨ ਅਨੂ ਅਤੇ ਅਰਸ਼ਵੀਰ ਕੌਰ ਦੀ ਕੁੱਖ ਵਿਚ ਪਲ ਰਿਹਾ ਬੱਚਾ ਇਸ ਦੁਨੀਆਂ ਵਿਚ ਨਹੀਂ ਰਹੇ। ਜਗਰਾਜ ਸਿੰਘ ਮੁਤਾਬਕ ਉਹ ਕੰਮ ’ਤੇ ਗਿਆ ਹੋਇਆ ਸੀ ਜਦੋਂ ਘਰ ਨੂੰ ਅੱਗ ਲੱਗੀ ਅਤੇ ਸਾਰੀਆਂ ਨਿਜੀ ਚੀਜ਼ਾਂ ਜਿਨ੍ਹਾਂ ਵਿਚ ਕੱਪੜੇ, ਪਾਸਪੋਰਟ, ਬੀਮਾ ਦਸਤਾਵੇਜ਼ ਅਤੇ ਹੋਰ ਜ਼ਰੂਰੀ ਕਾਗਜ਼ਾਤ ਸੜ ਕੇ ਸੁਆਹ ਹੋ ਗਏ।
ਜਗਰਾਜ ਸਿੰਘ ਨੇ ਜ਼ਾਹਰ ਕੀਤੀ ਪਰਵਾਰਕ ਮੈਂਬਰਾਂ ਦੀ ਸ਼ਨਾਖ਼ਤ
ਦੂਜੇ ਪਾਸੇ ਜਗਰਾਜ ਸਿੰਘ ਦੀ ਪਤਨੀ ਅਰਸ਼ਵੀਰ ਕੌਰ, ਪੰਜ ਸਾਲ ਦਾ ਬੇਟਾ, ਬ੍ਰਦਰ ਇਨ ਲਾਅ ਅੰਮ੍ਰਿਤਵੀਰ ਸਿੰਘ ਅਤੇ ਅੰਮ੍ਰਿਤਵੀਰ ਸਿੰਘ ਦਾ ਬ੍ਰਦਰ ਇਨ ਲਾਅ ਹਸਪਤਾਲ ਵਿਚ ਜ਼ੇਰੇ ਇਲਾਜ ਹਨ ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਧਰ ਸੀ.ਟੀ.ਵੀ. ਦੀ ਰਿਪੋਰਟ ਮੁਤਾਬਕ ਘਰ ਵਿਚ ਦੋ ਕਿਰਾਏਦਾਰ ਵੀ ਮੌਜੂਦ ਸਨ ਜੋ ਸੁਰੱਖਿਅਤ ਬਾਹਰ ਨਿਕਲਣ ਵਿਚ ਸਫ਼ਲ ਹੋ ਗਏ। ਪੀਲ ਰੀਜਨਲ ਪੁਲਿਸ ਮੁਤਾਬਕ ਪਰਵਾਰ ਦੇ ਚਾਰ ਜੀਆਂ ਨੇ ਦੂਜੀ ਮੰਜ਼ਿਲ ਤੋਂ ਛਾਲਾਂ ਮਾਰੀਆਂ ਅਤੇ ਗੰਭੀਰ ਜ਼ਖਮੀ ਹੋ ਗਏ। ਹਾਲਾਂਕਿ ਪੁਲਿਸ ਵੱਲੋਂ ਦੋ ਸਾਲਾ ਬੱਚੇ ਸਣੇ ਦੋ ਜਣੇ ਲਾਪਤਾ ਮੰਨੇ ਜਾ ਰਹੇ ਹਨ ਪਰ ਜਗਰਾਜ ਸਿੰਘ ਵੱਲੋਂ ਆਰਥਿਕ ਸਹਾਇਤਾ ਲਈ ਕਾਇਮ ਗੋੋਫੰਡਮੀ ਪੇਜ ਰਾਹੀਂ ਸਪੱਸ਼ਟ ਹੋ ਗਿਆ ਕਿ ਦੋਵੇਂ ਜਣੇ ਇਸ ਦੁਨੀਆਂ ਵਿਚ ਨਹੀਂ। ਇਸ ਤਰਾਸਦੀ ਦੌਰਾਨ ਆਪਣੇ ਪਰਵਾਰ ਵਿਚੋਂ ਸਿਰਫ਼ ਜਗਰਾਜ ਸਿੰਘ ਹੀ ਸੱਟ-ਫ਼ੇਟ ਤੋਂ ਬਚ ਸਕਿਆ ਜਿਸ ਦਾ ਕਹਿਣਾ ਹੈ ਕਿ ਦੇਹਾਂ ਨੂੰ ਪੰਜਾਬ ਭੇਜਣ ਦੇ ਯਤਨ ਕੀਤੇ ਜਾ ਰਹੇ ਹਨ ਤਾਂਕਿ ਧਾਰਮਿਕ ਰਸਮਾਂ ਮੁਤਾਬਕ ਅੰਤਮ ਸਸਕਾਰ ਕੀਤਾ ਜਾ ਸਕੇ।
ਅੱਗ ਲੱਗਣ ਦੇ ਕਾਰਨਾਂ ਬਾਰੇ ਅੱਜ ਦੱਸੇਗੀ ਪੀਲ ਰੀਜਨਲ ਪੁਲਿਸ
ਮੈਕਲਾਫ਼ਲਿਨ ਰੋਡ ਅਤੇ ਰਿਮੈਂਬਰੈਂਸ ਰੋਡ ’ਤੇ ਸਥਿਤ ਘਰ ਵਿਚ ਵੀਰਵਾਰ ਵੱਡੇ ਤੜਕੇ ਲੱਗੀ ਭਿਆਨਕ ਅੱਗ ਨੇ ਆਂਢ-ਗੁਆਂਢ ਦੇ ਲੋਕਾਂ ਨੂੰ ਵੀ ਝੰਜੋੜ ਕੇ ਰੱਖ ਦਿਤਾ ਹੈ। ਗੁਆਂਢੀਆਂ ਨੇ ਕਿਹਾ ਕਿ ਅਜਿਹੀ ਤਰਾਸਦੀ ਬਾਰੇ ਸੋਚ ਕੇ ਹੀ ਰੂਹ ਕੰਬ ਉਠਦੀ ਹੈ। ਪਰਵਾਰ ਦੇ ਉਨ੍ਹਾਂ ਮੈਂਬਰਾਂ ਦੀ ਹਾਲਤ ਬਾਰੇ ਸੋਚ ਕੇ ਸਰੀਰ ਸੁੰਨ ਹੋ ਜਾਂਦਾ ਹੈ ਜਿਨ੍ਹਾਂ ਨੇ ਜਾਨ ਬਚਾਉਣ ਲਈ ਦੂਜੀ ਮੰਜ਼ਿਲ ਤੋਂ ਛਾਲਾਂ ਮਾਰੀਆਂ। ਇਸੇ ਦੌਰਾਨ ਐਤਵਾਰ ਨੂੰ ਕੌਰੋਨਰ ਵੱਲੋਂ ਮੌਕਾ ਏ ਵਾਰਦਾਤ ਦਾ ਮੁਆਇਨਾ ਕੀਤਾ ਗਿਆ ਪਰ ਅੱਗ ਲੱਗਣ ਦੇ ਕਾਰਨਾਂ ਬਾਰੇ ਕੋਈ ਜ਼ਿਕਰ ਸਾਹਮਣੇ ਨਾ ਆਇਆ। ਪੀਲ ਰੀਜਨਲ ਪੁਲਿਸ, ਬਰੈਂਪਟਨ ਫਾਇਰ ਐਂਡ ਐਮਰਜੰਸੀ ਸਰਵਿਸ ਅਤੇ ਫਾਇਰ ਮਾਰਸ਼ਲ ਦੇ ਦਫ਼ਤਰ ਵੱਲੋਂ ਅੱਜ ਬਾਅਦ ਦੁਪਹਿਰ ਘਟਨਾ ਬਾਰੇ ਵਿਸਤਾਰਤ ਜਾਣਕਾਰੀ ਮੁਹੱਈਆ ਕਰਵਾਈ ਜਾ ਸਕਦੀ ਹੈ। ਦੂਜੇ ਪਾਸੇ ਮਕਾਨ ਮਾਲਕ ਦੀ ਸ਼ਨਾਖ਼ਤ ਫ਼ਿਲਹਾਲ ਉਭਰ ਕੇ ਸਾਹਮਣੇ ਨਹੀਂ ਆ ਸਕੀ ਜੋ ਭਾਰਤੀ ਦੱਸਿਆ ਜਾ ਰਿਹਾ ਹੈ।


