Begin typing your search above and press return to search.

ਕੈਨੇਡਾ ਦੇ ਚੋਣ ਇਤਿਹਾਸ ਵਿਚ ਨਵਾਂ ਮੀਲ ਪੱਥਰ

ਕੈਨੇਡਾ ਦੇ ਇਤਿਹਾਸ ਵਿਚ ਪਹਿਲੀ ਵਾਰ ਇਕ ਪਾਰਲੀਮਾਨੀ ਹਲਕੇ ਤੋਂ 200 ਉਮੀਦਵਾਰ ਚੋਣ ਲੜ ਰਹੇ ਹਨ ਅਤੇ ਲੰਮੇ-ਚੌੜੇ ਬੈਲਟ ਪੇਪਰ ਦਾ ਨੁਕਸਾਨ ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੌਇਲੀਐਵ ਭੁਗਤਣਾ ਪੈ ਸਕਦਾ ਹੈ।

ਕੈਨੇਡਾ ਦੇ ਚੋਣ ਇਤਿਹਾਸ ਵਿਚ ਨਵਾਂ ਮੀਲ ਪੱਥਰ
X

Upjit SinghBy : Upjit Singh

  |  28 July 2025 6:22 PM IST

  • whatsapp
  • Telegram

ਕੈਲਗਰੀ : ਕੈਨੇਡਾ ਦੇ ਇਤਿਹਾਸ ਵਿਚ ਪਹਿਲੀ ਵਾਰ ਇਕ ਪਾਰਲੀਮਾਨੀ ਹਲਕੇ ਤੋਂ 200 ਉਮੀਦਵਾਰ ਚੋਣ ਲੜ ਰਹੇ ਹਨ ਅਤੇ ਲੰਮੇ-ਚੌੜੇ ਬੈਲਟ ਪੇਪਰ ਦਾ ਨੁਕਸਾਨ ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੌਇਲੀਐਵ ਭੁਗਤਣਾ ਪੈ ਸਕਦਾ ਹੈ। ਐਤਵਾਰ ਸ਼ਾਮ ਤੱਕ ਬੈਟਲ ਰਿਵਰ-ਕ੍ਰੋਅਫੂਟ ਪਾਰਲੀਮਾਨੀ ਹਲਕੇ ਦੀ ਜ਼ਿਮਨੀ ਚੋਣ ਲੜ ਰਹੇ ਉਮੀਦਵਾਰਾਂ ਦੀ ਗਿਣਤੀ 209 ਹੋ ਚੁੱਕੀ ਸੀ ਅਤੇ ਸੋਮਵਾਰ ਨੂੰ ਨਾਮਜ਼ਦਗੀਆਂ ਦਾਖਲ ਕਰਨ ਦਾ ਅੰਤਮ ਦਿਨ ਹੋਣ ਕਾਰਨ ਹੋਰ ਉਮੀਦਵਾਰਾਂ ਦੇ ਮੈਦਾਨ ਵਿਚ ਨਿਤਰਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਲੈਕਸ਼ਨਜ਼ ਕੈਨੇਡਾ ਦਾ ਕਹਿਣਾ ਹੈ ਕਿ ਵੋਟਰਾਂ ਨੂੰ ਹੋਣ ਵਾਲੀ ਦਿੱਕਤ ਨੂੰ ਸਮਝਦਿਆਂ ਇਕ ਯੋਜਨਾ ਤਿਆਰ ਕੀਤੀ ਗਈ ਹੈ ਪਰ ਫ਼ਿਲਹਾਲ ਇਸ ਦਾ ਖੁਲਾਸਾ ਨਹੀਂ ਕੀਤਾ ਜਾ ਸਕਦਾ।

ਜ਼ਿਮਨੀ ਚੋਣ ਦੌਰਾਨ ਮੈਦਾਨ ਵਿਚ ਨਿੱਤਰੇ 209 ਉਮੀਦਵਾਰ

ਦੱਸ ਦੇਈਏ ਕਿ ਪਿਛਲਾ ਰਿਕਾਰਡ 91 ਉਮੀਦਵਾਰਾਂ ਦਾ ਸੀ ਅਤੇ ਉਥੇ ਪਿਅਰੇ ਪੌਇਲੀਐਵ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਹੁਣ ਵੀ ਐਲਬਰਟਾ ਦੇ ਬੈਟਲ ਰਿਵਰ-ਕ੍ਰੋਅਫੂਟ ਪਾਰਲੀਮਾਨੀ ਹਲਕੇ ਵਿਚ ਵੀ ਉਹ ਚੋਣ ਮੈਦਾਨ ਵਿਚ ਹਨ। ਪੌਇਲੀਐਵ ਵੱਲੋਂ ਹਾਲ ਹੀ ਵਿਚ ਹਾਊਸ ਆਫ਼ ਕਾਮਨਜ਼ ਵਿਚ ਸਰਕਾਰ ਦੇ ਆਗੂ ਸਟੀਵਨ ਮੈਕਿਨਨ ਨੂੰ ਪੱਤਰ ਲਿਖ ਕੇ ਚੋਣਾਂ ਨਾਲ ਸਬੰਧਤ ਨਿਯਮਾਂ ਵਿਚ ਤਬਦੀਲੀ ਦਾ ਸੱਦਾ ਦਿਤਾ ਗਿਆ। ਪੱਤਰ ਦੇ ਜਵਾਬ ਵਿਚ ਮੈਕਿਨਨ ਦੇ ਦਫ਼ਤਰ ਨੇ ਕਿਹਾ ਕਿ ਲਿਬਰਲ ਸਰਕਾਰ ਨਿਯਮਾਂ ਵਿਚ ਤਬਦੀਲੀ ਵਾਸਤੇ ਤਿਆਰ ਬਰ ਤਿਆਰ ਹੈ। ਉਧਰ, ਲੌਂਗੈਸਟ ਬੈਲਟ ਕਮੇਟੀ ਨਾਂ ਦੀ ਜਥੇਬੰਦੀ ਵੱਲੋਂ ਉਮੀਦਵਾਰਾਂ ਦੀ ਗਿਣਤੀ ਵਿਚ ਐਨਾ ਵਾਧਾ ਕੀਤਾ ਗਿਆ ਹੈ ਜੋ ਅਤੀਤ ਵਿਚ ਲਿਬਰਲ ਪਾਰਟੀ ਨੂੰ ਵੀ ਝਟਕਾ ਦੇ ਚੁੱਕੀ ਹੈ। ਕਮੇਟੀ ਨੇ ਦਾਅਵਾ ਕੀਤਾ ਹੈ ਕਿ ਹਲਕੇ ਦੇ ਕੁਝ ਲੋਕ ਪਿਅਰੇ ਪੌਇਲੀਐਵ ਦਾ ਤਿੱਖਾ ਵਿਰੋਧ ਕਰ ਰਹੇ ਹਨ।

ਪੌਇਲੀਐਵ ਦਾ ਮੁਸ਼ਕਲਾਂ ਹੋਰ ਵਧੀਆਂ

ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੀ ਬੌਨੀ ਕ੍ਰਿਚਲੀ ਨੇ ਖੁਦ ਨੂੰ ਟੋਰੀ ਆਗੂ ਤੋਂ ਵਧੇਰੇ ਯੋਗ ਕਰਾਰ ਦਿਤਾ। ਇਸ ਦੇ ਉਲਟ ਲਿਬਰਟੇਰੀਅਨ ਪਾਰਟੀ ਦੇ ਉਮੀਦਵਾਰ ਮਾਈਕਲ ਹੈਰਿਸ ਨੇ ਸੈਂਕੜੇ ਉਮੀਦਵਾਰਾਂ ਦੇ ਰੋਸ ਵਜੋਂ ਮੈਦਾਨ ਵਿਚ ਨਿੱਤਰਨ ਦੀ ਪ੍ਰਕਿਰਿਆ ਨੂੰ ਲੋਕਤੰਤਰ ਦਾ ਮਖੌਲ ਕਰਾਰ ਦਿਤਾ। ਇਥੇ ਦਸਣਾ ਬਣਦਾ ਹੈਕਿ ਲੌਂਗੈਸਟ ਬੈਲਟ ਕਮੇਟੀ ਵਾਲੇ ਸਿਰਫ਼ ਕੰਜ਼ਰਵੇਟਿਵ ਪਾਰਟੀ ਦਾ ਵਿਰੋਧ ਨਹੀਂ ਕਰ ਰਹੇ, ਇਸ ਤੋਂ ਪਹਿਲਾਂ ਉਹ ਲਿਬਰਲ ਪਾਰਟੀ ਦੇ ਗੜ੍ਹ ਵਿਚ ਵੀ ਆਪਣੀ ਹਾਜ਼ਰ ਲਵਾ ਚੁੱਕੇ ਹਨ। ਲਿਬਰਲ ਪਾਰਟੀ ਦਾ ਗੜ੍ਹ ਮੰਨੀ ਜਾਂਦੀ ਟੋਰਾਂਟੋ-ਸੇਂਟ ਪੌਲ ਸੀਟ ਉਮੀਦਵਾਰਾਂ ਦੀ ਗਿਣਤੀ ਬਹੁਤ ਜ਼ਿਆਦਾ ਹੋਣ ਕਰ ਕੇ ਹੀ ਕੁਝ ਵੋਟਾਂ ਦੇ ਫਰਕ ਨਾਲ ਕੰਜ਼ਰਵੇਟਿਵ ਪਾਰਟੀ ਦੀ ਝੋਲੀ ਵਿਚ ਚਲੀ ਗਈ ਸੀ ਪਰ ਇਸ ਸਾਲ 28 ਅਪ੍ਰੈਲ ਨੂੰ ਹੋਈਆਂ ਚੋਣਾਂ ਦੌਰਾਨ ਲਿਬਰਲ ਪਾਰਟੀ ਨੇ ਇਹ ਸੀਟ ਮੁੜ ਜਿੱਤ ਲਈ। ਇਸੇ ਦੌਰਾਨ ਲੌਂਗੈਸਟ ਬੈਲਟ ਕਮੇਟੀ ਦੇ ਉਮੀਦਵਾਰ ਜੇਅਸਨ ਕੋਵਾਨ ਨੇ ਦਾਅਵਾ ਕੀਤਾ ਕਿ ਲੋਕਤੰਤਰੀ ਪ੍ਰਕਿਰਿਆ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾ ਰਿਹਾ। ਕੋਵਾਨ ਨੇ ਦਲੀਲ ਦਿਤੀ ਕਿ ਅਤੀਤ ਵਿਚ ਉਨ੍ਹਾਂ ਨੇ ਕਈ ਵਾਰ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਯਤਨ ਕੀਤਾ ਪਰ ਨਾਮਜ਼ਦਗੀ ਫਾਰਮ ’ਤੇ ਲੋੜੀਂਦੇ ਦਸਤਖਤ ਨਾ ਹੋਣ ਕਾਰਨ ਅਸਫ਼ਲ ਰਿਹਾ। ਹੁਣ ਲੌਂਗੈਸਟ ਬੈਲਟ ਕਮੇਟੀ ਦੀ ਮਦਦ ਨਾਲ ਪਹਿਲੀ ਵਾਰ ਜ਼ਿਮਨੀ ਚੋਣ ਲੜਨ ਦਾ ਮੌਕਾ ਮਿਲਿਆ ਹੈ। ਸਿਆਸਤ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਭਾਵੇਂ ਬੈਟਲ ਰਿਵਰ-ਕ੍ਰੋਅਫੂਟ ਹਲਕਾ ਕੰਜ਼ਰਵੇਟਿਵ ਪਾਰਟੀ ਦਾ ਗੜ੍ਹ ਹੈ ਪਰ ਉਮੀਦਵਾਰਾਂ ਦੀ ਹੱਦ ਤੋਂ ਜ਼ਿਆਦਾ ਗਿਣਤੀ ਅਤੇ ਨਵੇਂ ਸਿਰੇ ਤੋਂ ਸਿਰਜਿਆ ਜਾ ਰਿਹਾ ਬਿਰਤਾਂਤ ਪਿਅਰੇ ਪੌਇਲੀਐਵ ਦੀਆਂ ਮੁਸ਼ਕਲਾਂ ਵਧਾ ਸਕਦਾ ਹੈ। ਬੈਟਲ ਰਿਵਰ-ਕ੍ਰੋਅਫੂਟ ਪਾਰਲੀਮਾਨੀ ਹਲਕੇ ਲਈ ਵੋਟਾਂ 18 ਅਗਸਤ ਨੂੰ ਪੈਣਗੀਆਂ।

Next Story
ਤਾਜ਼ਾ ਖਬਰਾਂ
Share it