Canada ’ਚ ਭਾਰਤੀ family ’ਤੇ ਡਿੱਗਿਆ ਦੁੱਖਾਂ ਦਾ ਪਹਾੜ
ਕੈਨੇਡਾ ਦੇ ਇੰਮੀਗ੍ਰੇਸ਼ਨ ਵਾਲਿਆਂ ਨੇ ਹੈਰਾਨਕੁੰਨ ਫੈਸਲੇ ਤਹਿਤ ਭਾਰਤੀ ਪਰਵਾਰ ਦੇ ਇਕ ਜੀਅ ਨੂੰ ਪਨਾਹ ਦੇ ਦਿਤੀ ਜਦਕਿ ਦੋ ਜਣਿਆਂ ਨੂੰ ਡਿਪੋਰਟ ਕਰਨ ਦੇ ਹੁਕਮ ਦੇ ਦਿਤੇ

By : Upjit Singh
ਮੌਂਟਰੀਅਲ : ਕੈਨੇਡਾ ਦੇ ਇੰਮੀਗ੍ਰੇਸ਼ਨ ਵਾਲਿਆਂ ਨੇ ਹੈਰਾਨਕੁੰਨ ਫੈਸਲੇ ਤਹਿਤ ਭਾਰਤੀ ਪਰਵਾਰ ਦੇ ਇਕ ਜੀਅ ਨੂੰ ਪਨਾਹ ਦੇ ਦਿਤੀ ਜਦਕਿ ਦੋ ਜਣਿਆਂ ਨੂੰ ਡਿਪੋਰਟ ਕਰਨ ਦੇ ਹੁਕਮ ਦੇ ਦਿਤੇ। ਜੀ ਹਾਂ, ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਰਵੀ ਚੌਹਾਨ ਅਤੇ ਉਸ ਦੇ ਬੇਟੇ ਨੂੰ ਸੋਮਵਾਰ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਜਦਕਿ ਪਤਨੀ ਨੂੰ ਕੈਨੇਡਾ ਵਿਚ ਰਫ਼ਿਊਜੀ ਵਜੋਂ ਪ੍ਰਵਾਨ ਕੀਤਾ ਜਾ ਚੁੱਕਾ ਹੈ। ਪਰਵਾਰ ਦਾ ਮਾੜਾ ਸਮਾਂ ਉਸ ਵੇਲੇ ਸ਼ੁਰੂ ਹੋਇਆ ਜਦੋਂ ਰਵੀ ਚੌਹਾਨ ਨੂੰ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਮੌਂਟਰੀਅਲ ਦਫ਼ਤਰ ਵਿਚ ਸੱਦਿਆ ਗਿਆ ਅਤੇ ਰਵੀ ਚੌਹਾਨ ਨੇ ਵੀ ਸੋਚਿਆ ਕਿ ਸਾਧਾਰਨ ਪੇਸ਼ੀ ਹੋਵੇਗੀ ਪਰ ਦਫ਼ਤਰ ਵਿਚ ਦਾਖਲ ਹੋਣ ਮਗਰੋਂ ਜੋ ਕੁਝ ਵਾਪਰਿਆ, ਪਰਵਾਰ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮਾਂ ਦੀਆਂ ਅੱਖਾਂ ਵਿਚੋਂ ਹੰਝੂ ਨਹੀਂ ਰੁਕ ਰਹੇ ਜਿਸ ਦਾ ਕਹਿਣਾ ਹੈ ਕਿ ਉਹ ਆਪਣੇ ਬੱਚੇ ਤੋਂ ਬਗੈਰ ਨਹੀਂ ਰਹਿ ਸਕਦੀ।
ਪਿਉ-ਪੁੱਤ ਕੀਤੇ ਜਾ ਰਹੇ ਡਿਪੋਰਟ, ਮਾਂ ਬਣੀ ਰਫ਼ਿਊਜੀ
ਰਵੀ ਚੌਹਾਨ ਦੇ ਵਕੀਲ ਲੇ ਕਿਹਾ ਕਿ ਉਨ੍ਹਾਂ ਦੀ 30 ਵਰਿ੍ਹਆਂ ਦੀ ਪ੍ਰੈਕਟਿਸ ਦੌਰਾਨ ਪਹਿਲੀ ਵਾਰ ਹੋਇਆ ਹੈ ਕਿ ਰਫ਼ਿਊਜੀ ਦੇ ਪਤੀ ਅਤੇ ਬੇਟੇ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ। ਹੁਣ ਤੱਕ ਕੈਨੇਡਾ ਵਿਚ ਕਾਨੂੰਨੀ ਤੌਰ ’ਤੇ ਰਹਿ ਰਹੇ ਲੋਕਾਂ ਦੇ ਪਰਵਾਰਾਂ ਨੂੰ ਵੀ ਰਹਿਣ ਦੀ ਇਜਾਜ਼ਤ ਮਿਲ ਜਾਂਦੀ ਸੀ ਪਰ ਨਵਾਂ ਰੁਝਾਨ ਖ਼ਤਰਨਾਕ ਨਜ਼ਰ ਆ ਰਿਹਾ ਹੈ। ਮੌਂਟਰੀਅਲ ਦੀ ਗੈਰਮੁਨਾਫ਼ੇ ਵਾਲੀ ਜਥੇਬੰਦੀ ਨਾਲ ਸਬੰਧਤ ਮਰੀਸ ਪੈਸੌਨ ਦਾ ਕਹਿਣਾ ਸੀ ਕਿ ਪਿਛਲੇ ਹਫ਼ਤੇ ਵੀ ਦੋ ਇੰਨ ਬਿੰਨ ਮਾਮਲੇ ਸਾਹਮਣੇ ਆਏ ਸਨ। ਇਥੇ ਦਸਣਾ ਬਣਦਾ ਹੈ ਕਿ ਰਫ਼ਿਊਜੀ ਦਾ ਦਰਜਾ ਹਾਸਲ ਔਰਤ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਜੋ 2023 ਵਿਚ ਹਮਲੇ ਮਗਰੋਂ ਭਾਰਤ ਦੇ ਹਰਿਆਣਾ ਸੂਬੇ ਤੋਂ ਫਰਾਰ ਹੋ ਕੇ ਕੈਨੇਡਾ ਪੁੱਜੀ ਅਤੇ ਸਤੰਬਰ 2024 ਵਿਚ ਰਫ਼ਿਊਜੀ ਦਾ ਦਰਜਾ ਮਿਲ ਗਿਆ। ਮੌਜੂਦਾ ਹਾਲਾਤ ਵਿਚ ਜੇ ਰਵੀ ਚੌਹਾਨ ਦੀ ਪਤਨੀ ਭਾਰਤ ਜਾਂਦੀ ਹੈ ਤਾਂ ਉਸ ਨੂੰ ਕਦੇ ਪੀ.ਆਰ. ਨਹੀਂ ਮਿਲ ਸਕੇਗੀ ਜਦਕਿ ਡਿਪੋਰਟ ਕੀਤੇ ਜਾਣ ਦੀ ਸੂਰਤ ਵਿਚ ਰਵੀ ਚੌਹਾਨ ਅਤੇ ਉਸ ਦਾ ਬੇਟਾ ਵੀ ਕਦੇ ਕੈਨੇਡਾ ਦਾਖਲ ਨਹੀਂ ਹੋ ਸਕਣਗੇ। ਰਵੀ ਚੌਹਾਨ ਦਾ ਬੇਟਾ 2 ਸਾਲ ਦਾ ਸੀ ਜਦੋਂ ਉਹ ਵਿਜ਼ਟਰ ਵੀਜ਼ਾ ’ਤੇ ਕੈਨੇਡਾ ਪੁੱਜੇ।
ਹਰਿਆਣਾ ਨਾਲ ਸਬੰਧਤ ਔਰਤ ’ਤੇ 2023 ’ਚ ਹੋਇਆ ਸੀ ਹਮਲਾ
ਰਵੀ ਚੌਹਾਨ ਦਾ ਵਿਆਹ 2020 ਵਿਚ ਹੋਇਆ ਅਤੇ ਮੌਂਟਰੀਅਲ ਦੇ ਟਿਮ ਹੌਰਟਨਜ਼ ਵਿਖੇ ਕੰਮ ਕਰਦਿਆਂ ਪਰਵਾਰ ਦਾ ਗੁਜ਼ਾਰਾ ਚਲਦਾ ਹੈ ਕਿਉਂਕਿ ਰਵੀ ਚੌਹਾਨ ਦੀ ਪਤਨੀ ਭਾਰਤ ਵਿਚ ਹੋਏ ਹਮਲੇ ਦੇ ਮੱਦੇਨਜ਼ਰ ਕੰਮ ਕਰਨ ਦੇ ਸਮਰੱਥ ਨਹੀਂ। ਉਧਰ, ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵਾਲਿਆਂ ਨੇ ਰਵੀ ਚੌਹਾਨ ਮਾਮਲੇ ਬਾਰੇ ਕੋਈ ਵੀ ਟਿੱਪਣੀ ਕਰਨ ਤੋਂ ਨਾਂਹ ਕਰ ਦਿਤੀ ਪਰ ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਵਿਭਾਗ ਦੇ ਬੁਲਾਰੇ ਜੈਫ਼ਰੀ ਮੈਕਡੌਨਲਡ ਨੇ ਕਿਹਾ ਕਿ ਲੋਕਾਂ ਨੂੰ ਕੈਨੇਡਾ ਤੋਂ ਡਿਪੋਰਟ ਕਰਨ ਦੇ ਫੈਸਲੇ ਡੂੰਘੇ ਵਿਚਾਰ ਵਟਾਂਦਰੇ ਤੋਂ ਬਾਅਦ ਹੀ ਲਏ ਜਾਂਦੇ ਹਨ। ਇਸ ਦੇ ਉਲਟ ਇੰਮੀਗ੍ਰੇਸ਼ਨ ਵਕੀਲਾਂ ਵੱਲੋਂ ਕੈਨੇਡਾ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਪਰਵਾਰ ਦੇ ਵਿਛੋੜੇ ਵਾਲੀ ਇਹ ਨੀਤੀ ਬੰਦ ਕੀਤੀ ਜਾਵੇ ਪਰ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ 4 ਹਜ਼ਾਰ ਵਾਧੂ ਪ੍ਰਵਾਸੀਆਂ ਨੂੰ 2027 ਤੱਕ ਡਿਪੋਰਟ ਕਰਨ ਦਾ ਐਲਾਨ ਕੀਤਾ ਗਿਆ ਹੈ।


