Brampton ਅਤੇ Mississauga ਵਿਚ ਡਾਕੇ ਮਾਰਨ ਵਾਲੇ 95 ਕਾਬੂ
ਬਰੈਂਪਟਨ ਅਤੇ ਮਿਸੀਸਾਗਾ ਦੇ ਵੱਡੇ ਸ਼ੌਪਿੰਗ ਮਾਲਜ਼ ਵਿਚ ਡਾਕੇ ਮਾਰਨ ਵਾਲੇ 95 ਸ਼ੱਕੀਆਂ ਨੂੰ ਪੀਲ ਰੀਜਨਲ ਪੁਲਿਸ ਨੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ

By : Upjit Singh
ਬਰੈਂਪਟਨ : ਬਰੈਂਪਟਨ ਅਤੇ ਮਿਸੀਸਾਗਾ ਦੇ ਵੱਡੇ ਸ਼ੌਪਿੰਗ ਮਾਲਜ਼ ਵਿਚ ਡਾਕੇ ਮਾਰਨ ਵਾਲੇ 95 ਸ਼ੱਕੀਆਂ ਨੂੰ ਪੀਲ ਰੀਜਨਲ ਪੁਲਿਸ ਨੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ ਜਿਨ੍ਹਾਂ ਵਿਚੋਂ 77 ਪੇਸ਼ੇਵਰ ਅਪਰਾਧੀ ਹਨ। ਪੁਲਿਸ ਨੇ ਦੱਸਿਆ ਕਿ ਇਕ ਮਹੀਨੇ ਤੱਕ ਚਲਾਈ ਵਿਸ਼ੇਸ਼ ਮੁਹਿੰਮ ਦੌਰਾਨ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਜਿਸ ਦੌਰਾਨ 82 ਹਜ਼ਾਰ ਡਾਲਰ ਦਾ ਲੁੱਟਿਆ ਸਮਾਨ ਵੀ ਬਰਾਮਦ ਹੋਇਆ।
ਵੱਡੇ ਸ਼ੌਪਿੰਗ ਮੌਲਜ਼ ਨੂੰ ਬਣਾਉਂਦੇ ਸਨ ਨਿਸ਼ਾਨਾ
ਦੱਸ ਦੇਈਏ ਕਿ ਮਿਸੀਸਾਗਾ ਦੇ ਸਕੁਏਅਰ ਵੰਨ ਸ਼ੌਪਿੰਗ ਸੈਂਟਰ, ਐਰਿਨ ਮਿਲਜ਼ ਟਾਊਨ ਸੈਂਟਰ ਅਤੇ ਕ੍ਰੀਕਸਾਈਡ ਕ੍ਰੌਸਿੰਗ ਨੂੰ ਕਈ ਮੌਕਿਆਂ ’ਤੇ ਨਿਸ਼ਾਨਾ ਬਣਾਇਆ ਗਿਆ ਜਦਕਿ ਬਰੈਂਪਟਨ ਦੇ ਬਰੈਮਲੀ ਸਿਟੀ ਸੈਂਟਰ ਅਤੇ ਓਰੀਅਨ ਬਿਜ਼ਨਸ ਪਾਰਕ ਵਿਚ ਲੁੱਟ ਦੀਆਂ ਵਾਰਦਾਤਾਂ ਸਾਹਮਣੇ ਆਈਆਂ। ਪੁਲਿਸ ਨੇ ਦੱਸਿਆ ਕਿ ਜ਼ਿਆਦਾਤਰ ਮਾਮਲਿਆਂ ਵਿਚ ਗਹਿਣਿਆਂ ਦੇ ਸਟੋਰ ਨਿਸ਼ਾਨਾ ਬਣੇ ਅਤੇ ਹਿੰਸਕ ਤਰੀਕੇ ਨਾਲ ਵਾਰਦਾਤਾਂ ਨੂੰ ਅੰਜਾਮ ਦਿਤਾ ਗਿਆ। ਗ੍ਰਿਫ਼ਤਾਰ ਕੀਤੇ ਸ਼ੱਕੀਆਂ 248 ਦੋਸ਼ ਆਇਦ ਕੀਤੇ ਗਏ ਹਨ ਅਤੇ ਭਵਿੱਖ ਵਿਚ ਹੋਰ ਗ੍ਰਿਫਤਾਰੀਆਂ ਹੋਣ ਤੋਂ ਇਨਕਾਰ ਨਹੀਂ ਕੀਤਾ ਗਿਆ। ਵਾਰਦਾਤਾਂ ਦੇ ਮੱਦੇਨਜ਼ਰ ਸ਼ੌਪਿੰਗ ਮਾਲਜ਼ ਅਤੇ ਹੋਰ ਜਨਤਕ ਥਾਵਾਂ ਨੇੜੇ ਪੁਲਿਸ ਦੀ ਗਸ਼ਤ ਵਿਚ ਵਾਧਾ ਕੀਤਾ ਗਿਆ ਹੈ।


