ਓਪਨ ਵਰਕ ਪਰਮਿਟ ਦੀਆਂ ਅਰਜ਼ੀਆਂ ਵਿਚ 800 ਫ਼ੀ ਸਦੀ ਵਾਧਾ
ਕੈਨੇਡਾ ਵਿਚ ਓਪਨ ਵਰਕ ਪਰਮਿਟ ਲਈ ਅਰਜ਼ੀਆਂ ਦਾਇਰ ਕਰਨ ਵਾਲੇ ਆਰਜ਼ੀ ਵਿਦੇਸ਼ੀ ਕਾਮਿਆਂ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ 800 ਫ਼ੀ ਸਦੀ ਤੋਂ ਵੱਧ ਚੁੱਕੀ ਹੈ

ਟੋਰਾਂਟੋ : ਕੈਨੇਡਾ ਵਿਚ ਓਪਨ ਵਰਕ ਪਰਮਿਟ ਲਈ ਅਰਜ਼ੀਆਂ ਦਾਇਰ ਕਰਨ ਵਾਲੇ ਆਰਜ਼ੀ ਵਿਦੇਸ਼ੀ ਕਾਮਿਆਂ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ 800 ਫ਼ੀ ਸਦੀ ਤੋਂ ਵੱਧ ਚੁੱਕੀ ਹੈ ਅਤੇ ਇੰਮੀਗ੍ਰੇਸ਼ਨ ਮਾਹਰਾਂ ਦਾ ਕਹਿਣਾ ਹੈ ਕਿ ਇੰਪਲੌਇਰਜ਼ ਦੇ ਸਤਾਏ ਕਿਰਤੀਆਂ ਦੀ ਗਿਣਤੀ ਵਧਣ ਤੋਂ ਇਲਾਵਾ ਨਿਯਮਾਂ ਵਿਚ ਤਬਦੀਲੀ ਦਾ ਨਾਜਾਇਜ਼ ਫਾਇਦਾ ਉਠਾਉਣ ਵਾਲੇ ਵੀ ਲਗਾਤਾਰ ਵਧ ਰਹੇ ਹਨ। ਉਨਟਾਰੀਓ ਵਿਚ ਗਿਣਤੀ 10 ਗੁਣਾ ਤੱਕ ਵਧਦੀ ਨਜ਼ਰ ਆਈ ਜਿਥੇ 2025 ਦੀ ਪਹਿਲੀ ਤਿਮਾਹੀ ਦੌਰਾਨ ਓਪਨ ਵਰਕ ਪਰਮਿਟ ਦੀ ਅਰਜ਼ੀ ਦਾਖਲ ਕਰਨ ਵਾਲਿਆਂ ਦੀ ਗਿਣਤੀ 435 ਦਰਜ ਕੀਤੀ ਗਈ ਜੋ 2024 ਦੀ ਪਹਿਲੀ ਤਿਮਾਹੀ ਦੌਰਾਨ ਸਿਰਫ਼ 45 ਰਹੀ ਸੀ। ਫੈਡਰਲ ਸਰਕਾਰ ਵੱਲੋਂ ਇੰਪਲੌਇਰਜ਼ ਦੇ ਸਤਾਏ ਆਰਜ਼ੀ ਵਿਦੇਸ਼ੀ ਵਿਦੇਸ਼ੀ ਕਾਮਿਆਂ ਵਾਸਤੇ 2019 ਵਿਚ ਕਾਨੂੰਨ ਲਿਆਂਦਾ ਗਿਆ ਜਿਸ ਤਹਿਤ ਇਕ ਇੰਪਲੌਇਰ ਨਾਲ ਬੱਝੇ ਉਨ੍ਹਾਂ ਕਿਰਤੀਆਂ ਨੂੰ ਰਾਹਤ ਦਿਤੀ ਗਈ ਜੋ ਲਗਾਤਾਰ ਧੱਕੇਸ਼ਾਹੀ ਦਾ ਸ਼ਿਕਾਰ ਬਣ ਰਹੇ ਹਨ।
ਆਰਜ਼ੀ ਵਿਦੇਸ਼ੀ ਕਾਮਿਆਂ ਨਹੀਂ ਜਾਣਾ ਚਾਹੁੰਦੇ ਕੈਨੇਡਾ ਤੋਂ ਬਾਹਰ
ਸਿਰਫ਼ ਐਨਾ ਹੀ ਨਹੀਂ ਸਮਾਜਿਕ ਮਾਮਲਿਆਂ ਬਾਰੇ ਸੈਨੇਟ ਦੀ ਇਕ ਕਮੇਟੀ ਨੇ ਫੈਡਰਲ ਸਰਕਾਰ ਨੂੰ ਸਿਫਾਰਸ਼ ਕੀਤੀ ਕਿ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਸਿਰਫ ਇਕ ਇੰਪਲੌਇਰ ਨਾਲ ਬੰਨ੍ਹ ਕੇ ਨਾ ਰੱਖਿਆ ਜਾਵੇ ਅਤੇ ਉਨ੍ਹਾਂ ਨੂੰ ਆਪਣੀ ਮਰਜ਼ੀ ਮੁਤਾਬਕ ਕਿਸੇ ਵੀ ਇੰਪਲੌਇਰ ਕੋਲ ਕੰਮ ਕਰਨ ਦੀ ਖੁੱਲ੍ਹ ਹੋਣੀ ਚਾਹੀਦੀ ਹੈ। ਕਮੇਟੀ ਨੇ ਸਪੱਸ਼ਟ ਸ਼ਬਦਾਂ ਵਿਚ ਆਖਿਆ ਕਿ ਟੈਂਪਰੇਰੀ ਫੌਰਨ ਵਰਕਰ ਪ੍ਰੋਗਰਾਮ ਮੌਜੂਦਾ ਰੂਪ ਵਿਚ ਨਾ ਪ੍ਰਵਾਸੀਆਂ ਵਾਸਤੇ ਲਾਹੇਵੰਦ ਸਾਬਤ ਹੋ ਰਿਹਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਨੌਕਰੀ ਦੇਣ ਵਾਲਿਆਂ ਵਾਸਤੇ। ਕਮੇਟੀ ਵੱਲੋਂ ਕੀਤੀਆਂ ਸਿਫਾਰਸ਼ਾਂ ਵਿਚ ਪ੍ਰਵਾਸੀ ਕਾਮਿਆਂ ਨੂੰ ਉਨ੍ਹਾਂ ਦੇ ਹੱਕਾਂ ਬਾਰੇ ਵੱਧ ਤੋਂ ਵੱਧ ਜਾਣਕਾਰੀ ਮੁਹੱਈਆ ਕਰਵਾਉਣ ਅਤੇ ਕੰਮ ਵਾਲੀਆਂ ਥਾਵਾਂ ਦੀ ਲਗਾਤਾਰ ਪੁਣ-ਛਾਣ ਕਰਨ ’ਤੇ ਜ਼ੋਰ ਵੀ ਦਿਤਾ ਗਿਆ। ਇਥੇ ਦਸਣਾ ਬਣਦਾ ਹੈ ਕਿ ਕਲੋਜ਼ਡ ਵਰਕ ਪਰਮਿਟ ਕਰ ਕੇ ਆਰਜ਼ੀ ਵਿਦੇਸ਼ੀ ਕਾਮੇ ਕਿਸੇ ਹੋਰ ਇੰਪਲੌਇਰ ਕੋਲ ਕੰਮ ਕਰਨ ਲਈ ਅਧਿਕਾਰਤ ਨਹੀਂ ਹੁੰਦੇ ਅਤੇ ਇੰਪਲੌਇਰਜ਼ ਨੂੰ ਮਨਮਾਨੀਆਂ ਕਰਨ ਦਾ ਮੌਕਾ ਮਿਲ ਜਾਂਦਾ ਹੈ। ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਰਿਪੋਰਟਰ ਟੌਮੌਏ ਓਬੋਕਟਾ ਨੇ 2023 ਵਿਚ ਕੈਨੇਡਾ ਦੀ ਆਰਜ਼ੀ ਵਿਦੇਸ਼ੀ ਕਾਮਿਆਂ ਵਾਲੀ ਯੋਜਨਾ ਦੀ ਤੁਲਨਾ ਗੁਲਾਮੀ ਵਿਚ ਜਕੜੇ ਕਿਰਤੀਆਂ ਨਾਲ ਕੀਤੀ ਸੀ।