ਉਨਟਾਰੀਓ ਵਿਚ 7-ਇਲੈਵਨ ਦੇ ਸਟੋਰ ਬਣੇ ਹਾਤਾ!
ਉਨਟਾਰੀਓ ਵਿਚ ਆਉਂਦੀ 5 ਸਤੰਬਰ ਤੋਂ ਕਨਵੀਨੀਐਂਸ ਸਟੋਰ ਬੀਅਰ ਅਤੇ ਵਾਈਨ ਦੀ ਵਿਕਰੀ ਕਰ ਸਕਣਗੇ ਪਰ 7-ਇਲੈਵਨ ਨੇ ਇਕ ਕਦਮ ਅੱਗੇ ਵਧਦਿਆਂ ਗਾਹਕਾਂ ਨੂੰ ਸਟੋਰਾਂ ਵਿਚ ਹੀ ਬੈਠ ਕੇ ਬੀਅਰ ਪੀਣ ਦੀ ਇਜਾਜ਼ਤ ਦੇਣ ਦਾ ਫੈਸਲਾ ਕੀਤਾ ਹੈ।
By : Upjit Singh
ਟੋਰਾਂਟੋ : ਉਨਟਾਰੀਓ ਵਿਚ ਆਉਂਦੀ 5 ਸਤੰਬਰ ਤੋਂ ਕਨਵੀਨੀਐਂਸ ਸਟੋਰ ਬੀਅਰ ਅਤੇ ਵਾਈਨ ਦੀ ਵਿਕਰੀ ਕਰ ਸਕਣਗੇ ਪਰ 7-ਇਲੈਵਨ ਨੇ ਇਕ ਕਦਮ ਅੱਗੇ ਵਧਦਿਆਂ ਗਾਹਕਾਂ ਨੂੰ ਸਟੋਰਾਂ ਵਿਚ ਹੀ ਬੈਠ ਕੇ ਬੀਅਰ ਪੀਣ ਦੀ ਇਜਾਜ਼ਤ ਦੇਣ ਦਾ ਫੈਸਲਾ ਕੀਤਾ ਹੈ। ਸਿਟੀ ਨਿਊਜ਼ ਦੀ ਰਿਪੋਰਟ ਮੁਤਾਬਕ ਉਨਟਾਰੀਓ ਵਿਚ 7-ਇਲੈਵਨ ਦੇ ਤਕਰੀਬਨ ਹਰ ਸਟੋਰ ਨੂੰ ਬੀਅਰ ਵੇਚਣ ਦਾ ਲਾਇਸੰਸ ਮਿਲ ਚੁੱਕਾ ਹੈ ਪਰ ਸੂਬੇ ਦੇ ਕੁਝ ਲੋਕ ਕਨਵੀਨੀਐਂਸ ਸਟੋਰਾਂ ਨੂੰ ਹਾਤਾ ਬਣਾਉਣ ਦੇ ਪੱਖ ਵਿਚ ਨਹੀਂ। 7-ਇਲੈਵਨ ਕੈਨੇਡਾ ਦੇ ਵਾਇਸ ਪ੍ਰੈਜ਼ੀਡੈਂਟ ਅਤੇ ਜਨਰਲ ਮੈਨੇਜਰ ਮਾਰਕ ਗੁਡਮੈਨ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਅਦਾਰਾ ਸਭ ਤੋਂ ਪਹਿਲਾਂ ਇਕ ਰੈਸਟੋਰੈਂਟ ਹੈ ਜੋ ਕਨਵੀਨੀਐਂਸ ਸਟੋਰ ਵਾਲੀਆਂ ਚੀਜ਼ਾਂ ਵੇਚਦਾ ਹੈ। 7-ਇਲੈਵਨ ਦੇ ਸਟੋਰਾਂ ’ਤੇ ਖਾਣ ਲਈ ਤਿਆਰ ਬਰ ਤਿਆਰ ਚਿਕਨ ਵਿਕਣਾ ਸ਼ੁਰੂ ਹੋ ਚੁੱਕਾ ਹੈ ਅਤੇ ਹੋਰ ਕਈ ‘ਰੈਡੀ ਟੂ ਈਟ’ ਚੀਜ਼ਾਂ ਵੀ ਮਿਲਦੀਆਂ ਹਨ।
5 ਸਤੰਬਰ ਤੋਂ ਸਟੋਰ ਵਿਚ ਬੈਠ ਕੇ ਬੀਅਰ ਪੀ ਸਕਣਗੇ ਲੋਕ
ਹੁਣ ਰਵਾਇਤੀ ਕਨਵੀਨੀਐਂਸ ਸਟੋਰਾਂ ਵਾਲਾ ਜ਼ਮਾਨਾ ਲੰਘ ਚੁੱਕਾ ਹੈ ਅਤੇ ਇਹ ਖੇਤਰ ਨਵਾਂ ਆਕਾਰ ਲੈ ਰਿਹਾ ਹੈ। ਦੂਜੇ ਪਾਸੇ ਉਨਟਾਰੀਓ ਸਰਕਾਰ ਵੱਲੋਂ ਦਿਤੇ ਲਾਇਸੰਸ ਤਹਿਤ 7-ਇਲੈਵਨ ਸਟੋਰਾਂ ਵਿਚ ਲੱਗੇ ਫੂਡ ਟੇਬਲਜ਼ ’ਤੇ ਐਲਕੌਹਲ ਦੀ ਵਰਤੋਂ ਕੀਤੀ ਜਾ ਸਕਦੀ ਹੈ। ਗਾਹਕਾਂ ਨੂੰ ਬਾਹਰੋਂ ਐਲਕੌਹਲ ਲਿਆਉਣ ਦੀ ਇਜਾਜ਼ਤ ਨਹੀਂ ਹੋਵੇਗੀ। ਲਿਕਰ ਲਾਇਸੰਸ ਦੀਆਂ ਸ਼ਰਤਾਂ ਤਹਿਤ ਸਟੋਰ ਵਿਚ ਘੱਟੋ ਘੱਟ 10 ਜਣਿਆਂ ਦੇ ਬੈਠਣ ਦੀ ਜਗ੍ਹਾ ਹੋਵੇ ਜੋ ਬਾਕੀ ਸਟੋਰ ਤੋਂ ਵੱਖਰੀ ਹੋਣੀ ਚਾਹੀਦੀ ਹੈ। ਇਸ ਜਗ੍ਹਾ ਨੂੰ ਇਕ ਮੀਟਰ ਉਚੀ ਕੰਧ ਰਾਹੀਂ ਬਾਕੀ ਸਟੋਰ ਤੋਂ ਵੱਖ ਕਰਨਾ ਹੋਵੇਗਾ ਅਤੇ ਤੈਅਸ਼ੁਦਾ ਖੇਤਰ ਵਿਚ ਰੋਜ਼ਾਨਾ ਦੁਪਹਿਰ ਤੋਂ ਰਾਤ 11 ਵਜੇ ਤੱਕ ਬੀਅਰ ਅਤੇ ਵਾਈਨ ਸਰਵ ਕੀਤੀ ਜਾ ਸਕਦੀ ਹੈ। ਇਸੇ ਦੌਰਾਨ ਮਾਰਕ ਗੁਡਮੈਨ ਨੇ ਕਿਹਾ ਕਿ ਬੀਅਰ ਜਾਂ ਵਾਈਨ ਖਰੀਦਣ ਦਾ ਇੱਛਕ ਕੋਈ ਵੀ ਗਾਹਕ ਸਹੂਲਤਾਂ ਚਾਹੁੰਦਾ ਹੈ ਅਤੇ 7-ਇਲੈਵਨ ਵਿਚ ਬੈਠ ਕੇ ਬੀਅਰ ਪੀਣ ਦੀ ਸਹੂਲਤ ਉਨ੍ਹਾਂ ਨੂੰ ਦਿਤੀ ਜਾ ਰਹੀ ਹੈ। ਇਥੇ ਦਸਣਾ ਬਣਦਾ ਹੈ ਕਿ ਉਨਟਾਰੀਓ ਵਿਚ 7-ਇਲੈਵਨ ਦੇ 59 ਸਟੋਰਾਂ ਵਿਚੋਂ 58 ’ਤੇ 5 ਸਤੰਬਰ ਤੋਂ ਬੀਅਰ ਅਤੇ ਵਾਈਨ ਦੀ ਵਿਕਰੀ ਸ਼ੁਰੂ ਹੋ ਰਹੀ ਹੈ। ਸਿਰਫ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਵਾਲੇ ਸਟੋਰ ’ਤੇ ਐਲਕੌਹਲ ਦੀ ਇਜਾਜ਼ਤ ਨਹੀਂ ਦਿਤੀ ਗਈ। ਗੁਡਮੈਨ ਨੇ ਦੱਸਿਆ ਕਿ ਸਿਰਫ ਉਨਆਰੀਓ ਹੀ ਨਹੀਂ ਸਗੋਂ ਅਗਲੇ ਸਾਲ ਕੈਨੇਡਾ ਦੇ ਕਈ ਰਾਜਾਂ ਵਿਚ 7-ਇਲੈਵਨ ਸਟੋਰਾਂ ’ਤੇ ਐਲਕੌਹਲ ਦੀ ਵਿਕਰੀ ਸ਼ੁਰੂ ਕੀਤੀ ਜਾ ਰਹੀ ਹੈ। ਗੁਡਮੈਨ ਨੂੰ ਜਦੋਂ ਕੀਮਤ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਬਾਜ਼ਾਰ ਵਿਚ ਮੁਕਾਬਲੇਬਾਜ਼ੀ ਨੂੰ ਵੇਖਦਿਆਂ ਯੋਜਨਾਬੱਧ ਤਰੀਕੇ ਨਾਲ ਅੱਗੇ ਵਧਿਆ ਜਾਵੇਗਾ। ਐਲਬਰਟਾ ਵਿਚ 7-ਇਲੈਵਨ ਦੇ 20 ਸਟੋਰਾਂ ਦੇ ਐਲਕੌਹਲ ਦੀ ਵਿਕਰੀ ਕੀਤੀ ਜਾ ਰਹੀ ਹੈ। ਉਧਰ ਕੁਝ ਲੋਕਾਂ ਦਾ ਕਹਿਣਾ ਹੈ ਕਿ ਕਨਵੀਨੀਐਂਸ ਸਟੋਰਾਂ ’ਤੇ ਬੀਅਰ ਦੀ ਵਿਕਰੀ ਨਾਲ ਅਪਰਾਧ ਘਟਾਉਣ ਵਿਚ ਕੋਈ ਮਦਦ ਨਹੀਂ ਮਿਲੇਗੀ।