ਅਮਰੀਕਾ-ਕੈਨੇਡਾ ’ਚ 6 ਭਾਰਤੀਆਂ ਨਾਲ ਅਣਹੋਣੀ
ਕੈਨੇਡਾ ਅਤੇ ਆਸਟ੍ਰੇਲੀਆ ਵਿਚ ਪੰਜਾਬੀ ਨੌਜਵਾਨਾਂ ਨਾਲ ਅਣਹੋਣੀ ਦੇ ਲਗਾਤਾਰ ਸਾਹਮਣੇ ਆ ਰਹੇ ਮਾਮਲਿਆਂ ਦਰਮਿਆਨ ਵਿੰਨੀਪੈਗ ਵਿਖੇ ਨਵਜੋਤ ਸਿੰਘ ਦੀ 2 ਅਗਸਤ ਨੂੰ ਅਚਨਚੇਤ ਮੌਤ ਹੋ ਗਈ।

By : Upjit Singh
ਨਿਊ ਯਾਰਕ : ਕੈਨੇਡਾ ਅਤੇ ਆਸਟ੍ਰੇਲੀਆ ਵਿਚ ਪੰਜਾਬੀ ਨੌਜਵਾਨਾਂ ਨਾਲ ਅਣਹੋਣੀ ਦੇ ਲਗਾਤਾਰ ਸਾਹਮਣੇ ਆ ਰਹੇ ਮਾਮਲਿਆਂ ਦਰਮਿਆਨ ਵਿੰਨੀਪੈਗ ਵਿਖੇ ਨਵਜੋਤ ਸਿੰਘ ਦੀ 2 ਅਗਸਤ ਨੂੰ ਅਚਨਚੇਤ ਮੌਤ ਹੋ ਗਈ। ਬਰੈਂਪਟਨ ਦੇ ਜੁਪਿੰਦਰ ਸਿੰਘ ਟਿਵਾਣਾ ਅਤੇ ਹੋਰਨਾਂ ਵੱਲੋਂ ਨਵਜੋਤ ਸਿੰਘ ਦੀ ਦੇਹ ਪੰਜਾਬ ਭੇਜਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ ਪਰ ਮੌਤ ਦੇ ਕਾਰਨਾਂ ਬਾਰੇ ਵੇਰਵੇ ਸਾਂਝੇ ਨਹੀਂ ਕੀਤੇ ਗਏ। ਉਧਰ ਆਸਟ੍ਰੇਲੀਆ ਵਿਖੇ ਮਨਦੀਪ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਸਿਰਫ਼ ਛੇ ਮਹੀਨੇ ਪਹਿਲਾਂ ਹੀ ਮਨਦੀਪ ਸਿੰਘ ਦੇ ਪਿਤਾ ਦਾ ਦਿਹਾਂਤ ਹੋਇਆ ਅਤੇ ਹੁਣ ਪਰਵਾਰ ਵਿਚ ਪਿੱਛੇ ਮਾਤਾ ਅਤੇ ਭੈਣ ਰਹਿ ਗਈਆਂ ਹਨ।
ਵਿੰਨੀਪੈਗ ਵਿਖੇ ਨਵਜੋਤ ਸਿੰਘ ਦੀ ਅਚਨਚੇਤ ਮੌਤ
ਮਨਦੀਪ ਸਿੰਘ ਦੇ ਦੋਸਤਾਂ ਵੱਲੋਂ ਉਸ ਦੀ ਦੇਹ ਪੰਜਾਬ ਭੇਜਣ ਲਈ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ। ਦੂਜੇ ਪਾਸੇ ਅਮਰੀਕਾ ਦੇ ਵੈਸਟ ਵਰਜੀਨੀਆ ਸਥਿਤ ਮੰਦਰ ਵਿਚ ਮੱਥਾ ਟੇਕਣ ਜਾ ਰਹੇ ਭਾਰਤੀ ਪਰਵਾਰ ਦੇ ਚਾਰ ਜੀਆਂ ਦੀ ਸੜਕ ਹਾਦਸੇ ਦੌਰਾਨ ਮੌਤ ਹੋਣ ਦੀ ਦੁਖਦ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਨਿਊ ਯਾਰਕ ਨਾਲ ਸਬੰਧਤ ਆਸ਼ਾ ਦੀਵਾਨ, ਕਿਸ਼ੋਰ ਦੀਵਾਨ, ਸ਼ੈਲੇਸ਼ ਦੀਵਾਨ ਅਤੇ ਗੀਤਾ ਦੀਵਾਨ ਦੀ ਗੱਡੀ ਬੇਕਾਬੂ ਹੋ ਕੇ ਇਕ ਡੂੰਘੀ ਖੱਡ ਵਿਚ ਜਾ ਡਿੱਗੀ ਅਤੇ ਚਾਰੇ ਜਣਿਆਂ ਨੇ ਮੌਕੇ ’ਤੇ ਹੀ ਦਮ ਤੋੜ ਦਿਤਾ। ਨਿਊ ਯਾਰਕ ਸੂਬੇ ਦੇ ਬਫ਼ਲੋ ਸ਼ਹਿਰ ਤੋਂ ਰਵਾਨਾ ਭਾਰਤੀ ਪਰਵਾਰ ਵੱਲੋਂ ਵੈਸਟ ਵਰਜੀਨੀਆ ਵਿਚ ਧਾਰਮਿਕ ਯਾਤਰਾ ਲਈ ਆਪਣੇ ਠਹਿਰਾਅ ਦਾ ਪ੍ਰਬੰਧ ਵੀ ਕੀਤਾ ਗਿਆ ਸੀ ਪਰ ਬੁਕਿੰਗ ਦੇ ਬਾਵਜੂਦ ਕੋਈ ਨਾ ਪੁੱਜਾ। ਮਾਰਸ਼ਲ ਕਾਊਂਟੀ ਦੇ ਸ਼ੈਰਿਫ਼ ਮਾਈਕ ਡੌਹਰਟੀ ਨੇ ਦੱਸਿਆ ਕਿ ਲਾਪਤਾ ਦੱਸੀ ਜਾ ਰਹੀ ਟੌਯੋਟਾ ਕੈਮਰੀ ਗੱਡੀ ਬਿੱਗ ਵ੍ਹੀÇਲੰਗ ਕ੍ਰੀਕ ਰੋਡ ’ਤੇ ਇਕ ਡੂੰਘੀ ਖੱਡ ਵਿਚ ਮਿਲੀ ਅਤੇ ਇਸ ਨੂੰ ਬਾਹਰ ਕੱਢਣ ਵਿਚ ਪੰਜ ਘੰਟੇ ਲੱਗ ਗਏ।
ਨਿਊ ਯਾਰਕ ਦੇ ਲਾਪਤਾ ਪਰਵਾਰ ਦੀਆਂ ਲਾਸ਼ਾਂ ਮਿਲੀਆਂ
ਹਾਦਸੇ ਦੇ ਕਾਰਨਾਂ ਬਾਰੇ ਫ਼ਿਲਹਾਲ ਪਤਾ ਨਹੀਂ ਲੱਗ ਸਕਿਆ ਪਰ ਮੰਨਿਆ ਜਾ ਰਿਹਾ ਹੈ ਕਿ ਕਿਸੇ ਹੋਰ ਗੱਡੀ ਨਾਲ ਟੱਕਰ ਮਗਰੋਂ ਟੌਯੋਟਾ ਕੈਮਰੀ ਬੇਕਾਬੂ ਹੋ ਗਈ ਅਤੇ ਖੱਡ ਵਿਚ ਜਾ ਡਿੱਗੀ। ਦੱਸ ਦੇਈਏ ਕਿ ਦੀਵਾਨ ਪਰਵਾਰ ਦੇ ਬਜ਼ੁਰਗ ਜੀਆਂ ਨੂੰ ਆਖਰੀ ਵਾਰ ਪੈਨਸਿਲਵੇਨੀਆ ਸੂਬੇ ਦੇ ਐਰੀ ਕਸਬੇ ਦੀ ਪੀਚ ਸਟ੍ਰੀਟ ਵਿਖੇ ਛੇ ਦਿਨ ਪਹਿਲਾਂ ਦੇਖਿਆ ਗਿਆ। ਬਰਗਰ ਕਿੰਗ ਰੈਸਟੋਰੈਂਟ ਦੀ ਸੀ.ਸੀ.ਟੀ.ਵੀ. ਫੁਟੇਜ ਵਿਚ ਪਰਵਾਰ ਦੇ ਦੋ ਮੈਂਬਰਾਂ ਨੂੰ ਅੰਦਰ ਜਾਂਦਿਆ ਦੇਖਿਆ ਗਿਆ ਜਦਕਿ ਕ੍ਰੈਡਿਟ ਕਾਰਡ ਨਾਲ ਬਿਲ ਅਦਾ ਕਰਨ ਅਤੇ ਬਾਹਰ ਆਉਣ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ। ਇਸ ਮਗਰੋਂ ਉਨ੍ਹਾਂ ਦੀ ਗੱਡੀ ਇੰਟਰਸਟੇਟ-79 ’ਤੇ ਨਜ਼ਰ ਆਈ ਜਦੋਂ ਉਹ ਪਿਟਸਬਰਗ ਵੱਲ ਜਾ ਰਹੇ ਸਨ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਵੈਸਟ ਵਰਜੀਨੀਆ ਦੇ ਮਾਊਂਡਜ਼ਵਿਲ ਵਿਖੇ ਸਥਿਤ ਮੰਦਰ ਵਿਚ ਜਾਣਾ ਸੀ। ਭਾਰਤੀ ਪਰਵਾਰ ਦੀ ਕਈ ਦਿਨ ਤੱਕ ਕੋਈ ਉਘ-ਸੁੱਘ ਨਾ ਲੱਗਣ ’ਤੇ ਨਿਊ ਯਾਰਕ ਦੇ ਵਿਲੀਅਮਜ਼ਵਿਲ ਨਾਲ ਸਬੰਧਤ ਕੌਂਸਲ ਆਫ਼ ਹੈਰੀਟੇਜ ਐਂਡ ਆਰਟਸ ਆਫ਼ ਇੰਡੀਆ ਜਥੇਬੰਦੀ ਵੱਲੋਂ ਆਪਣੇ ਪੱਧਰ ’ਤੇ ਵੀ ਭਾਲ ਸ਼ੁਰੂ ਕੀਤੀ ਗਈ।


