ਲਿਬਰਲ ਲੀਡਰਸ਼ਿਪ ਦੌੜ ਲਈ 6 ਉਮੀਦਵਾਰਾਂ ਨੂੰ ਪ੍ਰਵਾਨਗੀ
ਮਾਰਕ ਕਾਰਨੀ, ਕ੍ਰਿਸਟੀਆ ਫਰੀਲੈਂਡ, ਜੇਮੀ ਬੈਟੀਸਟ, ਕਰੀਨਾ ਗੂਲਡ, ਰੂਬੀ ਢੱਲਾ ਅਤੇ ਫਰੈਂਕ ਬੇਅਲਿਸ ਦੇ ਨਾਂ ਨੂੰ ਪ੍ਰਵਾਨਗੀ
By : Upjit Singh
ਔਟਵਾ : ਲਿਬਰਲ ਪਾਰਟੀ ਦੀ ਲੀਡਰਸ਼ਿਪ ਦੌੜ ਦਾ ਅੰਤਮ ਮੁਕਾਬਲਾ 6 ਉਮੀਦਵਾਰਾਂ ਦਰਮਿਆਨ ਹੋਵੇਗਾ। ਜੀ ਹਾਂ, ਚੰਦਰਾ ਆਰਿਆ ਨੂੰ ਬਾਹਰ ਕੀਤੇ ਜਾਣ ਮਗਰੋਂ ਲਿਬਰਲ ਪਾਰਟੀ ਨੇ ਮਾਰਕ ਕਾਰਨੀ, ਕ੍ਰਿਸਟੀਆ ਫਰੀਲੈਂਡ, ਜੇਮੀ ਬੈਟੀਸਟ, ਕਰੀਨਾ ਗੂਲਡ, ਰੂਬੀ ਢੱਲਾ ਅਤੇ ਫਰੈਂਕ ਬੇਅਲਿਸ ਦੇ ਨਾਂ ਨੂੰ ਪ੍ਰਵਾਨਗੀ ਦੇ ਦਿਤੀ ਪਰ ਇਲੈਕਸ਼ਨਜ਼ ਕੈਨੇਡਾ ਤੋਂ ਹਰੀ ਝੰਡੀ ਮਿਲਣੀ ਬਾਕੀ ਹੈ।
ਇਲੈਕਸ਼ਨਜ਼ ਕੈਨੇਡਾ ਦਾ ਫੈਸਲਾ ਆਉਣਾ ਬਾਕੀ
ਵੱਡੀ ਗਿਣਤੀ ਵਿਚ ਮੰਤਰੀਆਂ ਅਤੇ ਐਮ.ਪੀਜ਼ ਦੀ ਹਮਾਇਤ ਹਾਸਲ ਹੋਣ ਮਗਰੋਂ ਬੈਂਕ ਆਫ਼ ਕੈਨੇਡਾ ਦੇ ਸਾਬਕਾ ਗਵਰਨਰ ਮਾਰਕ ਕਾਰਨੀ ਦੇ ਹਸੌਲੇ ਬੁਲੰਦ ਹਨ ਅਤੇ ਪਿਛਲੇ ਦਿਨੀਂ ਉਨ੍ਹਾਂ ਵੱਲੋਂ ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੌਇਲੀਐਵ ਨੂੰ ਨਿਸ਼ਾਨਾ ਬਣਾਉਂਦੀ ਵੀਡੀਓ ਵਚ ਜਾਰੀ ਕੀਤੀ ਗਈ। ਵੀਡੀਓ ਵਿਚ ਕਾਰਨੀ ਕਹਿੰਦੇ ਹਨ ਕਿ ਤੁਸੀਂ ਟਰੰਪ ਦਾ ਮੁਕਾਬਲਾ ਨਹੀਂ ਕਰ ਸਕਦੇ ਜਦੋਂ ਤੁਸੀਂ ਅਮਰੀਕਾ ਦੇ ਰਾਸ਼ਟਰਪਤੀ ਦਾ ਮੋਹਰਾ ਬਣੇ ਹੋਏ ਹੋ। ਉਧਰ ਪੰਜਬੀ ਮੂਲ ਦੀ ਰੂਬੀ ਢੱਲਾ ਵੱਲੋਂ ਐਨ ਆਖਰੀ ਮੌਕੇ ’ਤੇ ਲੀਡਰਸ਼ਿਪ ਦੌੜ ਵਿਚ ਸ਼ਾਮਲ ਹੋਣ ਦਾ ਫੈਸਲਾ ਲਿਆ ਗਿਆ। ਬਰੈਂਪਟਨ ਤੋਂ ਐਮ.ਪੀ. ਰਹਿ ਚੁੱਕੀ ਰੂਬੀ ਢੱਲਾ ਨੂੰ ਲਿਬਰਲ ਪਾਰਟੀ ਦੀ ਦੌੜ ਵਿਚ ਮਜ਼ਬੂਤੀ ਹਾਸਲ ਕਰਨ ਲਈ ਕਰੜੀ ਮੁਸ਼ੱਕਤ ਕਰਨੀ ਹੋਵੇਗੀ। ਇਸੇ ਦੌਰਾਨ ਕ੍ਰਿਸਟੀਆ ਫਰੀਲੈਂਡ ਵੱਲੋਂ ਲੀਡਰ ਚੁਣੇ ਜਾਣ ’ਤੇ ਪਾਰਟੀ ਦਾ ਸੰਵਿਧਾਨ ਹੀ ਬਦਲਣ ਦਾ ਵਾਅਦਾ ਕੀਤਾ ਗਿਆ ਹੈ।
ਮਾਰਕ ਕਾਰਨੀ, ਫਰੀਲੈਂਡ, ਰੂਬੀ ਢੱਲਾ, ਜੇਮੀ ਬੈਟੀਸਟ, ਕਰੀਨਾ ਗੂਲਡ ਅਤੇ ਬੇਅਲਿਸ ਮੈਦਾਨ ਵਿਚ
ਉਨ੍ਹਾਂ ਕਿਹਾ ਕਿ ਲਿਬਰਲ ਪਾਰਟੀ ਅਜਿਹੇ ਹਾਲਾਤ ਵਿਚ ਕਦੇ ਨਹੀਂ ਹੋਣੀ ਚਾਹੀਦੀ ਜਦੋਂ ਇਕ ਲੀਡਰ ਫੈਸਲਾ ਕਰੇ ਕਿ ਦੂਜਾ ਲੀਡਰ ਕੌਣ ਬਣੇਗਾ। ਲਿਬਰਲ ਪਾਰਟੀ ਵੱਲੋਂ ਜ਼ਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਵਰਕਰਾਂ ਅਤੇ ਕੌਕਸ ਦੀ ਅਹਿਮ ਭੂਮਿਕਾ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਇਥੇ ਦਸਣਾ ਬਣਦਾ ਹੈ ਕਿ ਲੀਡਰਸ਼ਿਪ ਦੌੜ ਵਿਚੋਂ ਬਾਹਰ ਹੋਏ ਭਾਰਤੀ ਮੂਲ ਦੇ ਚੰਦਰਾ ਆਰਿਆ ਵੱਲੋਂ ਲੀਡਰ ਚੁਣੇ ਜਾਣ ਦੀ ਸੂਰਤ ਵਿਚ ਕੈਨੇਡਾ ਨੂੰ ਰਾਜਾਸ਼ਾਹੀ ਤੋਂ ਮੁਕਤੀ ਦਿਵਾਉਣ ਦਾ ਵਾਅਦਾ ਕੀਤਾ ਗਿਆ ਸੀ। ਲੀਡਰਸ਼ਿਪ ਦੌੜ ਵਿਚ ਸਭ ਤੋਂ ਪਹਿਲਾਂ ਸ਼ਾਮਲ ਹੋਣ ਵਾਲੇ ਫਰੈਂਕ ਬੇਅਲਿਸ ਸਨ ਅਤੇ ਬਾਕੀਆਂ ਨੇ ਬਾਅਦ ਵਿਚ ਦਾਅਵੇਦਾਰੀ ਪੇਸ਼ ਕੀਤੀ।