ਕੈਨੇਡਾ ਦੇ 56 ਫੀ ਸਦੀ ਲੋਕ ਨਹੀਂ ਚਾਹੁੰਦੇ ਸਮੇਂ ਪਹਿਲਾਂ ਚੋਣਾਂ
ਕੈਨੇਡਾ ਵਿਚ ਸਮੇਂ ਤੋਂ ਪਹਿਲਾਂ ਚੋਣਾਂ ਦੀ ਖੁੰਢ-ਚਰਚਾ ਦਰਮਿਆਨ ਇਕ ਸਰਵੇਖਣ ਵਿਚ ਦਾਅਵਾ ਕੀਤਾ ਗਿਆ ਹੈ ਕਿ ਮੁਲਕ ਦੇ ਅੱਧੇ ਤੋਂ ਵੱਧ ਲੋਕ ਫਿਲਹਾਲ ਵੋਟਾਂ ਪਾਉਣ ਦੇ ਇੱਛਕ ਨਹੀਂ।
By : Upjit Singh
ਟੋਰਾਂਟੋ : ਕੈਨੇਡਾ ਵਿਚ ਸਮੇਂ ਤੋਂ ਪਹਿਲਾਂ ਚੋਣਾਂ ਦੀ ਖੁੰਢ-ਚਰਚਾ ਦਰਮਿਆਨ ਇਕ ਸਰਵੇਖਣ ਵਿਚ ਦਾਅਵਾ ਕੀਤਾ ਗਿਆ ਹੈ ਕਿ ਮੁਲਕ ਦੇ ਅੱਧੇ ਤੋਂ ਵੱਧ ਲੋਕ ਫਿਲਹਾਲ ਵੋਟਾਂ ਪਾਉਣ ਦੇ ਇੱਛਕ ਨਹੀਂ। ਸਰਵੇਖਣ ਦੌਰਾਨ ਲੋਕਾਂ ਨੂੰ ਪੁੱਛਿਆ ਗਿਆ ਕਿ ਐਨ.ਡੀ.ਪੀ. ਵੱਲੋਂ ਘੱਟ ਗਿਣਤੀ ਲਿਬਰਲ ਸਰਕਾਰ ਤੋਂ ਹਮਾਇਤ ਵਾਪਸ ਲਏ ਜਾਣ ਮਗਰੋਂ ਕੈਨੇਡਾ ਦੇ ਸਿਆਸੀ ਹਾਲਾਤ ਨੂੰ ਕਿਸ ਨਜ਼ਰੀਏ ਨਾਲ ਵੇਖਦੇ ਹਨ। ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੌਇਲੀਐਵ ਵੱਲੋਂ ਟਰੂਡੋ ਸਰਕਾਰ ਵਿਰੁੱਧ ਬੇਵਿਸਾਹੀ ਮਤਾ ਲਿਆਉਣ ਦਾ ਐਲਾਨ ਕੀਤਾ ਗਿਆ ਪਰ ਗਲੋਬਲ ਨਿਊਜ਼ ਵੱਲੋਂ ਪ੍ਰਕਾਸ਼ਤ ਇਪਸੌਸ ਦੇ ਸਰਵੇਖਣ ਦੌਰਾਨ 56 ਫੀ ਸਦੀ ਲੋਕਾਂ ਨੇ ਕਿਹਾ ਕਿ ਉਹ ਚੋਣਾਂ ਕਰਵਾਏ ਜਾਣ ਦੇ ਹੱਕ ਵਿਚ ਨਹੀਂ। ਸਿਰਫ ਐਲਬਰਟਾ ਅਤੇ ਸਸਕੈਚਵਨ ਵਿਚ ਜ਼ਿਆਦਾਤਰ ਲੋਕਾਂ ਦਾ ਮੰਨਣਾ ਸੀ ਕਿ ਜਿੰਨਾ ਛੇਤੀ ਸੰਭਵ ਹੋ ਸਕੇ, ਚੋਣਾਂ ਕਰਵਾਈ ਜਾਣ ਅਤੇ ਮੌਜੂਦਾ ਸਰਕਾਰ ਨੂੰ ਚਲਦਾ ਕੀਤਾ ਜਾਵੇ। ਇਥੇ ਦਸਣਾ ਬਣਦਾ ਹੈ ਕਿ ਜਗਮੀਤ ਸਿੰਘ ਆਖ ਚੁੱਕੇ ਹਨ ਕਿ ਹਾਊਸ ਆਫ ਕਾਮਨਜ਼ ਵਿਚ ਕਿਸੇ ਵੀ ਮਤੇ ’ਤੇ ਹੋਣ ਵਾਲੀ ਵੋਟਿੰਗ ਨੂੰ ਵੱਖੋ ਵੱਖਰੇ ਨਜ਼ਰੀਏ ਨਾਲ ਵਿਚਾਰਿਆ ਜਾਵੇਗਾ।
ਸਿਰਫ ਐਲਬਰਟਾ ਤੇ ਸਸਕੈਚਵਨ ਵਾਲੇ ਟਰੂਡੋ ਸਰਕਾਰ ਨੂੰ ਚਲਦਾ ਕਰਨ ਲਈ ਕਾਹਲੇ
ਚੋਣਾਂ ਜਲਦ ਨਾ ਕਰਵਾਏ ਜਾਣ ਦੀ ਗੱਲ ਕਰ ਰਹੇ ਕੈਨੇਡੀਅਨਜ਼ ਵਿਚੋਂ ਜ਼ਿਆਦਾਤਰ ਟਰੂਡੋ ਦੇ ਵਿਰੁੱਧ ਭੁਗਤੇ ਅਤੇ ਸਿਰਫ 28 ਫੀ ਸਦੀ ਨੇ ਕਿਹਾ ਕਿ ਟਰੂਡੋ ਦੀ ਸੱਤਾ ਵਿਚ ਵਾਪਸੀ ਹੋਣੀ ਚਾਹੀਦੀ ਹੈ। ਪਾਰਟੀ ਆਧਾਰ ’ਤੇ 45 ਫੀ ਸਦੀ ਲੋਕਾਂ ਨੇ ਕੰਜ਼ਰਵੇਟਿਵ ਪਾਰਟੀ ਨੂੰ ਪਹਿਲੀ ਪਸੰਦ ਦੱਸਿਆ ਜਦਕਿ ਲਿਬਰਲ ਪਾਰਟੀ ਦੇ ਹੱਕ ਵਿਚ ਖੜ੍ਹੇ ਲੋਕਾਂ ਦੀ ਗਿਣਤੀ ਸਿਰਫ 26 ਫੀ ਸਦੀ ਦਰਜ ਕੀਤੀ ਗਈ। ਕਿਊਬੈਕ ਵਿਚ ਹਾਲਾਤ ਵੱਖਰੇ ਨਜ਼ਰ ਆਏ ਜਿਥੇ ਬਲੌਕ ਕਿਊਬੈਕ 34 ਫੀ ਸਦੀ ਲੋਕਾਂ ਦੀ ਹਮਾਇਤ ਨਾਲ ਪਹਿਲੇ ਸਥਾਨ ’ਤੇ ਹੈ ਅਤੇ 25 ਫੀ ਸਦੀ ਲੋਕਾਂ ਦੀ ਹਮਾਇਤ ਨਾਲ ਲਿਬਰਲ ਪਾਰਟੀ ਦੂਜੇ ਸਥਾਨ ’ਤੇ ਨਜ਼ਰ ਆਈ। ਕੰਜ਼ਰਵੇਟਿਵ ਪਾਰਟੀ ਨੂੰ ਕਿਊਬੈਕ ਵਿਚ 23 ਫੀ ਸਦੀ ਲੋਕਾਂ ਦੀ ਹਮਾਇਤ ਮਿਲ ਰਹੀ ਹੈ। ਸਰਵੇਖਣ ਦੌਰਾਨ ਲੋਕਾਂ ਨੇ ਬੇਬਾਕ ਲਹਿਜ਼ੇ ਵਿਚ ਕਿਹਾ ਕਿ ਜਸਟਿਨ ਟਰੂਡੋ ਵੱਲੋਂ ਅਸਤੀਫਾ ਦੇਣ ਦੇ ਬਾਵਜੂਦ ਲਿਬਰਲ ਪਾਰਟੀ ਦੀ ਕਿਸਮਤ ਨਹੀਂ ਬਦਲੇਗੀ ਅਤੇ ਸੱਤਾਧਾਰੀ ਧਿਰ ਦੇ ਹਾਰ ਯਕੀਨੀ ਹੈ। 47 ਫੀ ਸਦੀ ਲੋਕਾਂ ਦਾ ਕਹਿਣਾ ਸੀ ਕਿ ਨਵੇਂ ਆਗੂ ਦੇ ਆਉਣ ਨਾਲ ਪਾਰਟੀ ਦੀ ਕਾਰਗੁਜ਼ਾਰੀ ਵਿਚ ਮਾਮੂਲੀ ਸੁਧਾਰ ਹੋ ਸਕਦਾ ਹੈ। ਚੋਣਾਂ ਨਾਲ ਸਬੰਧਤ ਸਰਵੇਖਣ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਲਿਬਰਲ ਅਤੇ ਐਨ.ਡੀ.ਪੀ. ਕੌਕਸ ਦੀਆਂ ਸਾਲਾਨਾ ਮੀਟਿੰਗਾਂ ਹੋਈਆਂ। ਇਥੇ ਦਸਣਾ ਬਣਦਾ ਹੈ ਕਿ ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੌਇਲੀਐਵ ਨੇ ਕਲ ਹੀ ਕਿਹਾ ਸੀ ਕਿ ਉਹ ਘੱਟ ਗਿਣਤੀ ਲਿਬਰਲ ਸਰਕਾਰ ਵਿਰੁੱਧ ਬੇਵਿਸਾਹੀ ਮਤਾ ਲਿਆਉਣਗੇ।