ਕੈਨੇਡਾ ਵਿਚ ਪੈਦਾ ਹੋਈਆਂ 51 ਹਜ਼ਾਰ ਨਵੀਆਂ ਨੌਕਰੀਆਂ
ਕੈਨੇਡਾ ਵਿਚ ਰੁਜ਼ਗਾਰ ਦੇ 51 ਹਜ਼ਾਰ ਨਵੇਂ ਮੌਕੇ ਪੈਦਾ ਹੋਣ ਦੇ ਬਾਵਜੂਦ ਬੇਰੁਜ਼ਗਾਰੀ ਦਰ ਪਿਛਲੇ 8 ਸਾਲ ਦੇ ਸਿਖਰਲੇ ਪੱਧਰ 6.8 ਫ਼ੀ ਸਦੀ ਤੇ ਪੁੱਜ ਗਈ ਹੈ।
By : Upjit Singh
ਟੋਰਾਂਟੋ : ਕੈਨੇਡਾ ਵਿਚ ਰੁਜ਼ਗਾਰ ਦੇ 51 ਹਜ਼ਾਰ ਨਵੇਂ ਮੌਕੇ ਪੈਦਾ ਹੋਣ ਦੇ ਬਾਵਜੂਦ ਬੇਰੁਜ਼ਗਾਰੀ ਦਰ ਪਿਛਲੇ 8 ਸਾਲ ਦੇ ਸਿਖਰਲੇ ਪੱਧਰ 6.8 ਫ਼ੀ ਸਦੀ ਤੇ ਪੁੱਜ ਗਈ ਹੈ। ਮੁਲਕ ਦੇ ਸਭ ਤੋਂ ਵੱਧ ਵਸੋਂ ਵਾਲੇ ਸੂਬੇ ਉਨਟਾਰੀਓ ਵਿਚ ਹਾਲਾਤ ਹੋਰ ਵੀ ਬਦਤਰ ਨਜ਼ਰ ਆਏ ਜਿਥੇ ਬੇਰੁਜ਼ਗਾਰੀ ਦਰ 7.6 ਫ਼ੀ ਸਦੀ ਦਰਜ ਕੀਤੀ ਗਈ ਅਤੇ ਇਸ ਦਾ ਮੁੱਖ ਕਾਰਨ ਆਬਾਦੀ ਵਿਚ ਹੋਇਆ ਵਾਧਾ ਦੱਸਿਆ ਜਾ ਰਿਹਾ ਹੈ। ਰੁਜ਼ਗਾਰ ਖੇਤਰ ਦੇ ਤਾਜ਼ਾ ਅੰਕੜੇ ਬੈਂਕ ਆਫ਼ ਕੈਨੇਡਾ ਵੱਲੋਂ ਅਗਲੇ ਹਫ਼ਤੇ ਕੀਤੀ ਜਾਣ ਵਾਲੀ ਵਿਆਜ ਦਰਾਂ ਵਿਚ ਕਟੌਤੀ ਨੂੰ ਪ੍ਰਭਾਵਤ ਕਰ ਸਕਦੇ ਹਨ। ਇਕ ਦਿਨ ਪਹਿਲਾਂ ਤੱਕ ਵਿਆਜ ਦਰਾਂ ਵਿਚ ਅੱਧਾ ਫੀ ਸਦੀ ਕਟੌਤੀ ਹੋਣ ਦੇ ਆਸਾਰ ਮੰਨੇ ਜਾ ਰਹੇ ਸਨ ਪਰ ਹੁਣ ਚੌਥਾਈ ਫ਼ੀ ਸਦੀ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਬੇਰੁਜ਼ਗਾਰੀ ਦਰ 8 ਸਾਲ ਦੇ ਸਿਖਰਲੇ ਪੱਧਰ 6.8 ਫੀ ਸਦੀ ’ਤੇ ਪੁੱਜੀ
ਕੁਝ ਆਰਥਿਕ ਮਾਹਰਾਂ ਦਾ ਕਹਿਣਾ ਹੈ ਕਿ ਉਚੀਆਂ ਵਿਆਜ ਦਰਾਂ ਹੀ ਅਸਲ ਵਿਚ ਬੇਰੁਜ਼ਗਾਰੀ ਵਧਣ ਦਾ ਕਾਰਨ ਬਣ ਰਹੀਆਂ ਹਨ ਅਤੇ ਇਨ੍ਹਾਂ ਦੇ ਹੇਠਾਂ ਆਉਣ ਮਗਰੋਂ ਬੇਰੁਜ਼ਗਾਰੀ ਵੀ ਘਟ ਸਕਦੀ ਹੈ। ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਅੰਕੜਿਆਂ ਮੁਤਾਬਕ 15 ਸਾਲ ਤੋਂ 24 ਸਾਲ ਤੱਕ ਦੀ ਉਮਰ ਵਾਲਿਆਂ ਵਿਚ ਬੇਰੁਜ਼ਗਾਰੀ ਦਰ 13.9 ਫ਼ੀ ਸਦੀ ਦਰਜ ਕੀਤੀ ਗਈ ਜਿਸ ਵਿਚ ਮੁੜ ਵਾਧਾ ਹੋਇਆ ਹੈ। ਸਤੰਬਰ ਅਤੇ ਅਕਤੂਬਰ ਦੌਰਾਨ ਇਸ ਵਿਚ ਕਮੀ ਦਰਜ ਕੀਤੀ ਗਈ ਸੀ। ਉਧਰ ਟੀ.ਡੀ. ਦੇ ਡਾਇਰੈਕਟਰ ਆਫ਼ ਇਕਨੌਮਿਕਸ ਜੇਮਜ਼ ਓਰਲੈਂਡੋ ਦਾ ਕਹਿਣਾ ਸੀ ਕਿ ਇਕ ਮਹੀਨੇ ਵਿਚ 50 ਹਜ਼ਾਰ ਤੋਂ ਵੱਧ ਨਵੀਆਂ ਨੌਕਰੀਆਂ ਖੁਸ਼ੀ ਪੈਦਾ ਕਰਦੀਆਂ ਹਨ ਪਰ ਮੌਜੂਦਾ ਹਾਲਾਤ ਉਲਝਣਾਂ ਪੈਦਾ ਕਰ ਰਹੇ ਹਨ ਕਿਉਂਕਿ ਬੇਰੁਜ਼ਗਾਰੀ ਦਰ ਹੇਠਾਂ ਜਾਣ ਦੀ ਬਜਾਏ ਉਪਰ ਵੱਲ ਚਲੀ ਗਈ। ਇਕ ਅੰਦਾਜ਼ੇ ਮੁਤਾਬਕ ਇਸ ਵੇਲੇ 15 ਲੱਖ ਤੋਂ ਵੱਧ ਕੈਨੇਡੀਅਨ ਨੌਕਰੀ ਦੀ ਭਾਲ ਵਿਚ ਹਨ ਅਤੇ ਪ੍ਰਿੰਸ ਐਡਵਰਡ ਆਇਲੈਂਡ ਸੂਬੇ ਵਿਚ ਬੇਰੁਜ਼ਗਾਰਾਂ ਦੀ ਗਿਣਤੀ 8 ਫ਼ੀ ਸਦੀ ਦਰਜ ਕੀਤੀ ਗਈ ਹੈ।
ਉਨਟਾਰੀਓ ਵਿਚ ਬੇਰੁਜ਼ਗਾਰੀ ਦਾ ਪੱਧਰ ਕੌਮੀ ਔਸਤ ਤੋਂ ਵੱਧ
ਇਥੇ ਦਸਣਾ ਬਣਦਾ ਹੈ ਕਿ ਅਪ੍ਰੈਲ 2023 ਮਗਰੋਂ ਕੈਨੇਡਾ ਵਿਚ ਬੇਰੁਜ਼ਗਾਰਾਂ ਦੀ ਗਿਣਤੀ ਵਿਚ 1.7 ਫੀ ਸਦੀ ਵਾਧਾ ਹੋਇਆ ਹੈ। ਤਾਜ਼ਾ ਰਿਪੋਰਟ ਕਹਿੰਦੀ ਹੈ ਕਿ ਨਵੰਬਰ ਮਹੀਨੇ ਦੌਰਾਨ ਬੇਰੁਜ਼ਗਾਰ ਰਹਿਣ ਵਾਲੇ ਕੈਨੇਡੀਅਨਜ਼ ਵਿਚੋਂ 46.3 ਫੀ ਸਦੀ ਨੂੰ ਪਿਛਲੇ ਸਾਲ ਕੋਈ ਕੰਮ ਹੀ ਨਹੀਂ ਮਿਲਿਆ। ਇਹ ਅੰਕੜਾ ਦਸੰਬਰ 2023 ਵਿਚ 39.5 ਫੀ ਸਦੀ ਦਰਜ ਕੀਤਾ ਗਿਆ ਸੀ। ਦੂਜੇ ਪਾਸੇ ਕਿਰਤੀਆਂ ਦੀ ਉਜਰਤ ਦਰ ਦਾ ਜ਼ਿਕਰ ਕੀਤਾ ਜਾਵੇ ਤਾਂ ਸਾਲਾਨਾ ਆਧਾਰ ’ਤੇ ਪ੍ਰਤੀ ਘੰਟਾ ਮਿਹਨਤਾਨੇ ਵਿਚ 4.1 ਫੀ ਸਦੀ ਵਾਧਾ ਦਰਜ ਕੀਤਾ ਗਿਆ ਹੈ। ਬੈਂਕ ਆਫ਼ ਕੈਨੇਡਾ ਦੇ ਡਿਪਟੀ ਗਵਰਨਰ ਰਿਸ ਮੈਂਡਿਸ ਦਾ ਇਸ ਬਾਰੇ ਕਹਿਣਾ ਸੀ ਕਿ ਆਰਥਿਕ ਸਰਗਰਮੀਆਂ ਵਿਚ ਵਾਧਾ ਹੋ ਰਿਹਾ ਹੈ ਅਤੇ ਲੇਬਰ ਮਾਰਕਿਟ ਵਿਚ ਤਬਦੀਲੀਆਂ ਦੇਖਣ ਨੂੰ ਮਿਲ ਸਕਦੀਆਂ ਹਨ। ਬੇਰੁਜ਼ਗਾਰੀ ਅਤੇ ਆਰਥਿਕ ਸਰਗਰਮੀ ਦੋਵੇਂ ਚੀਜ਼ਾਂ ਸਿੱਧੇ ਤੌਰ ’ਤੇ ਆਪਸ ਵਿਚ ਜੁੜੀਆਂ ਹੋਈਆਂ ਹਨ ਅਤੇ ਕੈਨੇਡੀਅਨ ਅਰਥਚਾਰੇ ਵਿਚ ਨਵੇਂ ਵਰ੍ਹੇ ਦੌਰਾਨ ਵਾਧਾ ਹੋਣ ਦੇ ਆਸਾਰ ਨਜ਼ਰ ਆ ਰਹੇ ਹਨ। ਇਸੇ ਦੌਰਾਨ ਕੁਝ ਹੋਰ ਆਰਥਿਕ ਮਾਹਰ ਤਾਜ਼ਾ ਅੰਕੜਿਆਂ ’ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਵੀ ਕਰ ਰਹੇ ਹਨ ਕਿਉਂਕਿ ਜਨਵਰੀ 2017 ਮਗਰੋਂ ਪਹਿਲੀ ਵਾਰ ਬੇਰੁਜ਼ਗਾਰੀ ਦਰ ਐਨੇ ਉਚੇ ਪੱਧਰ ’ਤੇ ਪੁੱਜੀ ਹੈ। ਕੋਰੋਨਾ ਮਹਾਂਮਾਰੀ ਦੇ ਸਮੇਂ ਨੂੰ ਇਸ ਤੋਂ ਵੱਖ ਰੱਖਿਆ ਗਿਆ ਹੈ ਕਿਉਂਕਿ ਉਸ ਵੇਲੇ ਹਾਲਾਤ ਪੂਰੀ ਤਰ੍ਹਾਂ ਵੱਖਰੇ ਸਨ।