Canada ’ਚ ਨਸ਼ਿਆਂ ਦੀ overdose ਨਾਲ 5 ਹਜ਼ਾਰ ਦੇ ਨਿਕਲੇ ਸਾਹ
ਕੈਨੇਡਾ ਵਿਚ ਨਸ਼ਿਆਂ ਦੀ ਓਡਰਡੋਜ਼ ਨਾਲ 2025 ਦੌਰਾਨ 5 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ ਗਈ

By : Upjit Singh
ਵੈਨਕੂਵਰ : ਕੈਨੇਡਾ ਵਿਚ ਨਸ਼ਿਆਂ ਦੀ ਓਡਰਡੋਜ਼ ਨਾਲ 2025 ਦੌਰਾਨ 5 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ ਗਈ। ਉਨਟਾਰੀਓ ਵਿਚ ਹਰ ਮਹੀਨੇ ਔਸਤਨ 112 ਮੌਤਾਂ ਹੋਣ ਦੀ ਰਿਪੋਰਟ ਸਾਹਮਣੇ ਆਈ ਹੈ ਪਰ ਜਨਵਰੀ 2026 ਵਿਚ 224 ਸ਼ੱਕੀ ਮੌਤਾਂ ਅਤੇ ਨਵੰਬਰ 2025 ਤੋਂ ਜਨਵਰੀ 2026 ਦੌਰਾਨ 666 ਸ਼ੱਕੀ ਮੌਤਾਂ ਹੋਣ ਦੀ ਰਿਪੋਰਟ ਹੈ।
ਉਨਟਾਰੀਓ ਵਿਚ ਹਰ ਮਹੀਨੇ ਔਸਤਨ 112 ਮੌਤਾਂ
ਉਨਟਾਰੀਓ ਵਿਚ ਹਰ ਮਹੀਨੇ ਹੋ ਰਹੀਆਂ ਔਸਤ ਮੌਤਾਂ ਦਾ ਅੰਕੜਾ 2024 ਦੇ ਮੁਕਾਬਲੇ ਕਾਫੀ ਹੇਠਾਂ ਆਇਆ ਹੈ ਜਦੋਂ ਹਰ ਮਹੀਨੇ 189 ਜਣਿਆਂ ਦੀ ਜਾਨ ਜਾ ਰਹੀ ਸੀ। ਦੂਜੇ ਪਾਸੇ ਬ੍ਰਿਟਿਸ਼ ਕੋਲੰਬੀਆ ਦਾ ਜ਼ਿਕਰ ਕੀਤਾ ਜਾਵੇ ਤਾਂ ਬੀਤੇ ਵਰ੍ਹੇ ਦੌਰਾਨ 1,826 ਜਣੇ ਨਸ਼ਿਆਂ ਦੀ ਓਵਰਡੋਜ਼ ਦਾ ਸ਼ਿਕਾਰ ਬਣ ਗਏ। ਇਥੇ ਵੀ 2024 ਦੇ ਮੁਕਾਬਲੇ ਮਰਨ ਵਾਲਿਆਂ ਦੀ ਗਿਣਤੀ ਵਿਚ 21 ਫ਼ੀ ਸਦੀ ਕਮੀ ਆਈ ਹੈ।ਬੀ.ਸੀ. ਕੌਰੋਨਰਜ਼ ਸਰਵਿਸ ਦੇ ਅੰਕੜਿਆਂ ਮੁਤਾਬਕ 2024 ਦੌਰਾਨ 2,315 ਜਣਿਆਂ ਨੇ ਓਵਰਡੋਜ਼ ਕਰ ਕੇ ਜਾਨ ਗਵਾਈ। ਸਾਲ ਦੇ ਆਖਰੀ ਦੋ ਮਹੀਨਿਆਂ ਦੌਰਾਨ 136 ਅਤੇ 141 ਦਾ ਅੰਕੜਾ ਦਰਜ ਕੀਤਾ ਗਿਆ ਜੋ ਰੋਜ਼ਾਨਾ ਔਸਤ ਦੇ ਹਿਸਾਬ ਨਾਲ 4.5 ਬਣਦਾ ਹੈ।
ਬੀ.ਸੀ ਵਿਚ 2025 ਦੌਰਾਨ 1,826 ਦੀ ਗਈ ਜਾਨ
ਪੂਰੇ ਵਰ੍ਹੇ ਦੇ ਅੰਕੜਿਆਂ ’ਤੇ ਗੌਰ ਕੀਤਾ ਜਾਵੇ ਤਾਂ ਸਭ ਤੋਂ ਵੱਧ ਮੌਤਾਂ 30 ਸਾਲ ਤੋਂ 59 ਸਾਲ ਦੇ ਉਮਰ ਵਰਗ ਵਿਚ ਹੋਈਆਂ ਅਤੇ ਜਾਨ ਗਵਾਉਣ ਵਾਲਿਆਂ ਵਿਚੋਂ 77 ਫ਼ੀ ਸਦੀ ਮਰਦ ਸਨ। 48 ਫ਼ੀ ਸਦੀ ਜਾਨੀ ਨੁਕਸਾਨ ਘਰਾਂ ਵਿਚ ਹੋਇਆ ਜਦਕਿ 20 ਫ਼ੀ ਸਦੀ ਦੀ ਜਾਨ ਬਾਹਰੀ ਥਾਵਾਂ ’ਤੇ ਗਈ। ਹੈਲਥ ਰੀਜਨ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਫਰੇਜ਼ਰ ਹੈਲਥ ਰੀਜਨ ਵਿਚ 533 ਜਣਿਆਂ ਦੀ ਜਾਨ ਗਈ ਜਦਕਿ ਵੈਨਕੂਵਰ ਕੋਸਟਲ ਹੈਲਥ ਰੀਜਨ ਵਿਚ 484 ਮੌਤਾਂ ਦਰਜ ਕੀਤੀਆਂ ਗਈਆਂ। ਸਭ ਤੋਂ ਜ਼ਿਆਦਾ ਵਰਤਿਆ ਗਿਆ ਨਸ਼ਾ ਫੈਂਟਾਨਿਲ ਦੱਸਿਆ ਜਾ ਰਿਹਾ ਹੈ ਜੋ ਮੌਤਾਂ ਦਾ ਕਾਰਨ ਬਣਿਆ।


