ਕੈਨੇਡਾ ’ਚ 20 ਲੱਖ ਡਾਲਰ ਨੇ ਲੜਾਏ 5 ਪੰਜਾਬੀ
ਕੈਨੇਡਾ ਵਿਚ 4 ਪੰਜਾਬੀਆਂ ਦੀਆਂ ਉਮੀਦਾਂ ’ਤੇ ਪਾਣੀ ਫਿਰ ਗਿਆ ਜਦੋਂ ਬੀ.ਸੀ. ਦੀ ਸੁਪਰੀਮ ਕੋਰਟ ਨੇ 20 ਲੱਖ ਡਾਲਰ ਦੀ ਇਨਾਮੀ ਰਕਮ ਵਿਚ ਹਿੱਸੇਦਾਰੀ ਹੋਣ ਦਾ ਦਾਅਵਾ ਰੱਦ ਕਰ ਦਿਤਾ।
By : Upjit Singh
ਵੈਨਕੂਵਰ : ਕੈਨੇਡਾ ਵਿਚ 4 ਪੰਜਾਬੀਆਂ ਦੀਆਂ ਉਮੀਦਾਂ ’ਤੇ ਪਾਣੀ ਫਿਰ ਗਿਆ ਜਦੋਂ ਬੀ.ਸੀ. ਦੀ ਸੁਪਰੀਮ ਕੋਰਟ ਨੇ 20 ਲੱਖ ਡਾਲਰ ਦੀ ਇਨਾਮੀ ਰਕਮ ਵਿਚ ਹਿੱਸੇਦਾਰੀ ਹੋਣ ਦਾ ਦਾਅਵਾ ਰੱਦ ਕਰ ਦਿਤਾ। ਅਦਾਲਤ ਨੇ ਮਨਦੀਪ ਸਿੰਘ ਮਾਨ ਦੇ ਹੱਕ ਵਿਚ ਫੈਸਲਾ ਸੁਣਾਉਂਦਿਆਂ ਕਿਹਾ ਕਿ ਲੱਖਾਂ ਡਾਲਰ ਦੀ ਲਾਟਰੀ ਜਿੱਤਣਾ ਖੁਸ਼ੀ ਦਾ ਸਬੱਬ ਹੈ ਪਰ ਇਸ ਮਾਮਲੇ ਵਿਚ ਆਪਸੀ ਰਿਸ਼ਤੇ ਚੀਥੜੇ ਚੀਥੜੇ ਹੋ ਗਏ। ਕਹਾਣੀ ਦੀ ਸ਼ੁਰੂਆਤ 15 ਅਗਸਤ 2022 ਨੂੰ ਹੋਈ ਜਦੋਂ ਮਨਦੀਪ ਸਿੰਘ ਮਾਨ ਨੇ 12 ਡਾਲਰ ਖਰਚ ਕਰਦਿਆਂ ਬੀ.ਸੀ. 49 ਲੋਟੋ ਟਿਕਟ ਖਰੀਦੀ ਜਿਸ ਉਤੇ 2 ਮਿਲੀਅਨ ਡਾਲਰ ਦਾ ਇਨਾਮ ਨਿਕਲ ਆਇਆ।
ਅਦਾਲਤ ਨੇ 4 ਨੂੰ ਖੁੱਡੇ ਲਾਈਨ ਲਾਇਆ
ਮਨਦੀਪ ਸਿੰਘ ਮਾਨ ਦੇ ਕੰਮਕਾਜੀ ਸਾਥੀਆਂ ਬਲਵਿੰਦਰ ਕੌਰ ਨਾਗਰਾ, ਸੁਖਜਿੰਦਰ ਸਿੰਘ ਸਿੱਧੂ, ਬਿਨੀਪਾਲ ਸਿੰਘ ਸੰਘੇੜਾ ਅਤੇ ਜੀਵਨ ਪੇਧਨ ਨੇ ਦਾਅਵਾ ਕਰ ਦਿਤਾ ਕਿ ਇਨਾਮੀ ਰਕਮ ਵਿਚ ਉਹ ਵੀ ਬਰਾਬਰ ਦੇ ਹਿੱਸੇਦਾਰ ਹਨ ਜਿਸ ਮਗਰੋਂ ਮਾਮਲਾ ਅਦਾਲਤ ਵਿਚ ਪੁੱਜ ਗਿਆ। ਮੀਡੀਆ ਰਿਪੋਰਟਾਂਮੁਤਾਬਕ ਚਾਰੇ ਜਣਿਆਂ ਨੇ ਦਲੀਲ ਦਿਤੀ ਕਿ ਉਨ੍ਹਾਂ ਦਾ ਮਨਦੀਪ ਮਾਨ ਨਾਲ ਸਮਠੌਤਾ ਹੋਇਆ ਸੀ ਅਤੇ ਉਹ ਸਾਰੇ ਹਫ਼ਤੇ ਵਿਚ ਦੋ ਵਾਰ ਲਾਟਰੀ ਖਰੀਦਣ ਲਈ ਪੈਸੇ ਇਕੱਠੇ ਕਰਦੇ ਸਨ। ਹਰ ਮੈਂਬਰ 10 ਡਾਲਰ ਦਾ ਯੋਗਦਾਨ ਪਾਉਂਦਾ ਅਤੇ ਸੋਮਵਾਰ ਤੇ ਸ਼ੁੱਕਰਵਾਰ ਨੂੰ ਲਾਟਰੀ ਖਰੀਦੀ ਜਾਂਦੀ। ਜੇ ਕੋਈ ਮੈਂਬਰ ਗੈਰਹਾਜ਼ਰ ਹੁੰਦਾ ਜਾਂ ਉਸ ਕੋਲ ਨਕਦ ਰਕਮ ਨਾ ਹੁੰਦੀ ਤਾਂ ਉਹ ਬਾਅਦ ਵਿਚ ਆਪਣਾ ਯੋਗਦਾਨ ਪਾ ਸਕਦਾ ਸੀ। ਸੋਮਵਾਰ ਨੂੰ ਇਕੱਠੀ ਕੀਤੀ ਰਕਮ ਨਾਲ ਉਸੇ ਦਿਨ ਜਾਂ ਮੰਗਲਵਾਰ ਨੂੰ ਲੋਟੋਮੈਕਸ ਡਰਾਅ ਵਿਚ ਕਿਸਮਤ ਅਜ਼ਮਾਈ ਜਾਂਦੀ ਜਾਂ ਬੁੱਧਵਾਰ ਨੂੰ ਲੋਟੋ 6/49 ਅਤੇ ਬੀ.ਸੀ. 49 ਦੀਆਂ ਟਿਕਟਾਂ ਖਰੀਦੀਆਂ ਜਾਂਦੀਆਂ। ਇਸੇ ਤਰ੍ਹਾਂ ਸ਼ੁੱਕਰਵਾਰ ਨੂੰ ਇਕੱਤਰ ਹੁੰਦੀ ਰਕਮ ਨਾਲ ਉਸੇ ਦਿਨ ਲੋਟੋ ਮੈਕਸ ਡਰਾਅ ਅਤੇ ਸ਼ਨਿੱਚਰਵਾਰ ਨੂੰ ਲੋਟੋ 6/49 ਅਤੇ ਬੀ.ਸੀ. 49 ਦੀਆਂ ਟਿਕਟਾਂ ਖਰੀਦੀਆਂ ਜਾਂਦੀਆਂ। ਉਧਰ ਮਨਦੀਪ ਸਿੰਘ ਮਾਨ ਨੇ ਦਲੀਲ ਦਿਤੀ ਕਿ ਲਾਟਰੀ ਖਰੀਦਣ ਲਈ ਕੋਈ ਪੱਕਾ ਗਰੁੱਪ ਨਹੀਂ ਸੀ ਬਣਿਆ ਹੋਇਆ ਅਤੇ ਕਦੇ-ਕਦਾਈਂ ਲੋਟੋ ਮੈਕਸ ਲਾਟਰੀ ਖਰੀਦਣ ਵਾਸਤੇ ਕਈ ਜਣੇ ਸਾਂਝ ਪਾ ਲੈਂਦੇ ਪਰ ਬੀ.ਸੀ. 49 ਵਾਸਤੇ ਕੋਈ ਸਾਂਝੀ ਟਿਕਟ ਨਹੀਂ ਖਰੀਦੀ ਗਈ। ਮਨਦੀਪ ਸਿੰਘ ਮਾਨ ਵੱਲੋਂ ਲੈਂਗਲੀ ਦੇ ਸ਼ੈਵਰਨ ਗੈਸ ਸਟੇਸ਼ਨ ਤੋਂ ਖਰੀਦੀ ਟਿਕਟ ’ਤੇ 18 ਅਗਸਤ ਨੂੰ 20 ਲੱਖ ਡਾਲਰ ਦਾ ਇਨਾਮ ਨਿਕਲਣ ਬਾਰੇ ਪਤਾ ਲੱਗਾ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਉਸ ਨੇ ਆਪਣੇ ਕੰਮਕਾਜੀ ਸਾਥੀਆਂ ਨੂੰ ਲਾਟਰੀ ਨਿਕਲਣ ਬਾਰੇ ਭਿਣਕ ਵੀ ਨਾ ਲੱਗਣ ਦਿਤੀ ਪਰ 11 ਦਿਨ ਬਾਅਦ ਜਦੋਂ 2 ਮਿਲੀਅਨ ਡਾਲਰ ਦੇ ਚੈਕ ਨਾਲ ਮਨਦੀਪ ਮਾਨ ਦੀ ਤਸਵੀਰ ਦੇਖੀ ਤਾਂ ਸਾਰੇ ਹੱਕੇ ਬੱਕੇ ਰਹਿ ਗਏ।
ਇਕ ਦੇ ਹੱਕ ਵਿਚ ਸੁਣਾ ਦਿਤਾ ਫ਼ੈਸਲਾ
ਬੀ.ਸੀ. ਸੁਪਰੀਮ ਕੋਰਟ ਦੀ ਜਸਟਿਸ ਲਿਲੀਐਨ ਬੈਂਟੂਰੈਕਿਸ ਨੇ ਆਪਣੇ ਫ਼ੈਸਲੇ ਵਿਚ ਕਿਹਾ ਕਿ ਸਾਂਝੇ ਤੌਰ ’ਤੇ ਲਾਟਰੀ ਖਰੀਦਣ ਬਾਰੇ ਕੋਈ ਲਿਖਤੀ ਸਮਝੌਤਾ ਨਹੀਂ ਸੀ ਹੋਇਆ ਅਤੇ ਕੁਝ ਵ੍ਹਟਸਐਪ ਮੈਸੇਜਿਜ਼ ਜਾਂ ਲਾਟਰੀ ਟਿਕਟਾਂ ਦੀਆਂ 16 ਤਸਵੀਰਾਂ ਤੋਂ ਇਲਾਵਾ ਭਾਈਵਾਲੀ ਨਾਲ ਸਬੰਧਤ ਕੋਈ ਰਿਕਾਰਡ ਵੀ ਨਹੀਂ ਮਿਲਿਆ ਜਿਸ ਦੇ ਮੱਦੇਨਜ਼ਰ ਮਨਦੀਪ ਸਿੰਘ ਮਾਨ ਹੀ ਇਨਾਮੀ ਰਕਮ ਦਾ ਹੱਕਦਾਰ ਬਣਦਾ ਹੈ। ਇਥੇ ਦਸਣਾ ਬਣਦਾ ਹੈ ਕਿ ਮੁਕੱਦਮੇ ਦੀ ਸੁਣਵਾਈ ਦੌਰਾਨ ਮਨਦੀਪ ਸਿੰਘ ਮਾਨ ਨੇ ਦਾਅਵਾ ਕੀਤਾ ਕਿ ਉਹ ਕਈ ਸਾਲ ਤੋਂ ਇਕੱਲਿਆਂ ਵੀ ਲਾਟਰੀ ਟਿਕਟਾਂ ਖਰੀਦ ਰਿਹਾ ਹੈ ਅਤੇ ਭਾਰਤ ਵਿਚ ਇਕ ਵਾਰ ਇਨਾਮ ਜੇਤੂ ਟਿਕਟ ਕੱਪੜਿਆਂ ਨਾਲ ਧੋਤੀ ਗਈ ਸੀ। ਗੈਸ ਸਟੇਸ਼ਨ ਦੇ ਰਿਕਾਰਡ ਤੋਂ ਵੀ ਸਪੱਸ਼ਟ ਹੋ ਗਿਆ ਕਿ ਮਨਦੀਪ ਮਾਨ ਵੱਲੋਂ ਇਕੱਲੇ ਤੌਰ ’ਤੇ ਬੀ.ਸੀ. 49 ਅਤੇ ਲੋਟੋ 6/49 ਟਿਕਟਾਂ ਦੀ ਸੁਮੇਲ ਖਰੀਦਿਆ ਗਿਆ। ਮਨਦੀਪ ਮਾਨ ਦੇ ਹੱਕ ਵਿਚ ਫੈਸਲਾ ਇਸ ਕਰ ਕੇ ਵੀ ਗਿਆ ਕਿਉਂਕਿ ਗਰੁੱਪ ਵਾਲੀਆਂ ਲਾਟਰੀ ਟਿਕਟਾਂ 50 ਡਾਲਰ ਦੀਆਂ ਹੁੰਦੀਆਂ ਸਨ ਅਤੇ ਕਦੇ ਵੀ 40 ਡਾਲਰ ਘੱਟ ਰਕਮ ਦੀਆਂ ਟਿਕਟਾਂ ਨਹੀਂ ਖਰੀਦੀਆਂ ਗਈਆਂ ਜਦਕਿ ਮਨਦੀਪ ਮਾਨ ਵੱਲੋਂ ਸਿਰਫ਼ 12 ਡਾਲਰ ਖਰਚ ਕੀਤੇ ਗਏ।