ਕੈਨੇਡਾ ਦੇ ਅਮੀਰਾਂ ’ਤੇ ਗੋਲੀਆਂ ਚਲਾਉਣ ਵਾਲੇ 5 ਪੰਜਾਬੀ ਗ੍ਰਿਫ਼ਤਾਰ
ਕੈਨੇਡਾ ਵਿਚ ਸਾਊਥ ਏਸ਼ੀਅਨ ਕਾਰੋਬਾਰੀਆਂ ਉਤੇ ਚੱਲ ਰਹੀਆਂ ਗੋਲੀਆਂ ਦੇ ਮਾਮਲੇ ਵਿਚ ਵੱਡੀ ਕਾਰਵਾਈ ਕਰਦਿਆਂ ਪੁਲਿਸ ਵੱਲੋਂ ਪੰਜ ਪੰਜਾਬੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ

By : Upjit Singh
ਸਰੀ, : ਕੈਨੇਡਾ ਵਿਚ ਸਾਊਥ ਏਸ਼ੀਅਨ ਕਾਰੋਬਾਰੀਆਂ ਉਤੇ ਚੱਲ ਰਹੀਆਂ ਗੋਲੀਆਂ ਦੇ ਮਾਮਲੇ ਵਿਚ ਵੱਡੀ ਕਾਰਵਾਈ ਕਰਦਿਆਂ ਪੁਲਿਸ ਵੱਲੋਂ ਪੰਜ ਪੰਜਾਬੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਸਰੀ ਪੁਲਿਸ ਵੱਲੋਂ ਗ੍ਰਿਫ਼ਤਾਰ ਨੌਜਵਾਨਾਂ ਦੀ ਸ਼ਨਾਖ਼ਤ ਮਨਦੀਪ ਗਿੱਦਾ, ਨਿਰਮਾਣਦੀਪ ਚੀਮਾ, ਅਰੁਨਦੀਪ ਸਿੰਘ, ਹਰਮਨਜੋਤ ਬਰਾੜ ਅਤੇ ਹਰਦਿਲਪ੍ਰੀਤ ਸਿੰਘ ਵਜੋਂ ਕੀਤੀ ਗਈ ਹੈ। ਇਹ ਗ੍ਰਿਫ਼ਤਾਰੀਆਂ ਵੱਖ ਵੱਖ ਮਾਮਲਿਆਂ ਵਿਚ ਹੋਈਆਂ ਅਤੇ ਸਰੀ ਪੁਲਿਸ ਦੇ ਬੁਲਾਰੇ Çਲੰਡਜ਼ੀ ਹੌਟਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਫ਼ਿਲਹਾਲ ਇਨ੍ਹਾਂ ਸ਼ੱਕੀਆਂ ਦੇ ਕਿਸੇ ਗਿਰੋਹ ਨਾਲ ਸਬੰਧਤ ਹੋਣ ਬਾਰੇ ਯਕੀਨੀ ਤੌਰ ’ਤੇ ਕੁਝ ਵੀ ਕਹਿਣਾ ਮੁਸ਼ਕਲ ਹੈ।
ਜਬਰੀ ਵਸੂਲੀ ਦੇ ਮਾਮਲਿਆਂ ਵਿਚ ਵੱਡੀ ਕਾਰਵਾਈ
ਦੂਜੇ ਪਾਸੇ ਸਰੀ ਦੇ ਰੇਡੀਓ ਸਟੇਸ਼ਨ ’ਤੇ ਹਮਲਾ ਕਰਨ ਵਾਲੇ ਸ਼ੱਕੀ ਨੇ ਸੋਸ਼ਲ ਮੀਡੀਆ ਰਾਹੀਂ ਇਕ ਬਿਆਨ ਜਾਰੀ ਕਰਦਿਆਂ ਲਾਰੈਂਸ ਬਿਸ਼ਨੋਈ ਗਿਰੋਹ ਦਾ ਮੈਂਬਰ ਹੋਣ ਬਾਰੇ ਦਾਅਵਾ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਗ੍ਰਿਫ਼ਤਾਰੀ ਸ਼ੱਕੀਆਂ ਦੇ ਪਿਛੋਕੜ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਅਤੇ ਠੋਸ ਸਬੂਤਾਂ ਦੇ ਆਧਾਰ ’ਤੇ ਨਵੇਂ ਦੋਸ਼ ਆਇਦ ਕੀਤੇ ਜਾ ਸਕਦੇ ਹਨ। ਇਹ ਪੁੱਛੇ ਜਾਣ ’ਤੇ ਕਿ ਕੀ ਗ੍ਰਿਫ਼ਤਾਰ ਕੀਤੇ ਨੌਜਵਾਨ ਕੈਨੇਡੀਅਨ ਸਿਟੀਜ਼ਨ ਹਨ ਤਾਂ Çਲੰਡਜ਼ੀ ਹੌਟਨ ਨੇ ਇਨ੍ਹਾਂ ਸਵਾਲਾਂ ਦੇ ਜਵਾਬ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਤੋਂ ਪੁੱਛਣ ਬਾਰੇ ਆਖ ਦਿਤਾ ਪਰ ਐਨਾ ਜ਼ਰੂਰ ਕਿਹਾ ਕਿ ਤਿੰਨ ਨੌਜਵਾਨਾਂ ਦਾ ਕੋਈ ਅਪਰਾਧਕ ਪਿਛੋਕੜ ਨਹੀਂ। ਉਧਰ ਜਦੋਂ ਸੀ.ਬੀ.ਐਸ.ਏ. ਨੂੰ ਕੈਨੇਡੀਅਨ ਨਾਗਰਿਕਤਾ ਬਾਰੇ ਪੁੱਛਿਆ ਗਿਆ ਤਾਂ ਬਾਰਡਰ ਏਜੰਸੀ ਨੇ ਪ੍ਰਾਈਵੇਸੀ ਐਕਟ ਦੀ ਹਵਾਲਾ ਦਿੰਦਿਆਂ ਨਿਜੀ ਜਾਣਕਾਰੀ ਸਾਂਝੀ ਕਰਨ ਤੋਂ ਨਾਂਹ ਕਰ ਦਿਤੀ। ਇਥੇ ਦਸਣਾ ਬਣਦਾ ਹੈ ਕਿ ਮਨਦੀਪ, ਨਿਰਮਾਣਦੀਪ ਅਤੇ ਅਰੁਨਦੀਪ ਦੀ ਗ੍ਰਿਫ਼ਤਾਰੀ ਇਸ ਸਾਲ 27 ਮਾਰਚ ਨੂੰ ਇਕ ਘਰ ਉਤੇ ਗੋਲੀਆਂ ਚਲਾਉਣ ਦੇ ਮਾਮਲੇ ਵਿਚ ਕੀਤੀ ਗਈ ਹੈ। ਗੋਲੀਬਾਰੀ ਦੌਰਾਨ ਕੋਈ ਜ਼ਖਮੀ ਨਹੀਂ ਸੀ ਹੋਇਆ ਅਤੇ ਮਾਮਲੇ ਦੀ ਪੜਤਾਲ ਜਬਰੀ ਵਸੂਲੀ ਦੇ ਯਤਨਾਂ ਨਾਲ ਜੋੜ ਦਿਤੀ ਗਈ। ਦੂਜੇ ਪਾਸੇ 25 ਸਾਲ ਦੇ ਹਰਮਨਜੋਤ ਬਰਾੜ ਅਤੇ 23 ਸਾਲ ਦੇ ਹਰਦਿਲਪ੍ਰੀਤ ਸਿੰਘ ਦੀ ਗ੍ਰਿਫ਼ਤਾਰੀ ਐਤਵਾਰ ਨੂੰ ਵਾਪਰੀ ਅਗਜ਼ਨੀ ਦੀ ਵਾਰਦਾਤ ਦੇ ਸਬੰਧ ਵਿਚ ਕੀਤੀ ਗਈ ਹੈ।
ਰੇਡੀਓ ਸਟੇਸ਼ਨ ਮਾਲਕ ’ਤੇ 5 ਮਿਲੀਅਨ ਡਾਲਰ ਹੜੱਪਣ ਦੇ ਦੋਸ਼
ਆਰ.ਸੀ.ਐਮ.ਪੀ. ਮੁਤਾਬਕ 81 ਬੀ ਐਵੇਨਿਊ ਦੇ 15000 ਬਲਾਕ ਵਿਚ ਅਗਜ਼ਨੀ ਦੀ ਵਾਰਦਾਤ ਮਗਰੋਂ ਇਕ ਘਰ ’ਤੇ ਛਾਪਾ ਮਾਰਦਿਆਂ ਚੋਰੀਸ਼ੁਦਾ ਸਮਾਨ ਬਰਾਮਦ ਕੀਤਾ ਗਿਆ। ਸਰੀ ਵਿਖੇ ਮੌਜੂਦਾ ਵਰ੍ਹੇ ਦੌਰਾਨ ਜਬਰੀ ਵਸੂਲੀ ਦੇ 56 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਜ਼ਿਆਦਾਤਰ ਦੀ ਗੁੱਥੀ ਸੁਲਝਾਈ ਜਾਣੀ ਬਾਕੀ ਹੈ। ਇਸੇ ਦੌਰਾਨ ‘ਦਾ ਟਾਈਮਜ਼ ਆਫ਼ ਇੰਡੀਆ’ ਦੀ ਰਿਪੋਰਟ ਮੁਤਾਬਕ ਸਰੀ ਦੇ ਸਵਿਫ਼ਟ 1200 ਏ.ਐਮ. ਰੇਡੀਓ ਸਟੇਸ਼ਨ ਉਤੇ ਗੋਲੀਆਂ ਚਲਾਉਣ ਵਾਲਾ ਲਾਰੈਂਸ ਬਿਸ਼ਨੋਈ ਗਿਰੋਹ ਨਾਲ ਸਬੰਧਤ ਹੈ ਅਤੇ ਕਈ ਪੰਜਾਬੀ ਗਾਇਕਾਂ ਤੋਂ ਮੋਟੀਆਂ ਰਕਮਾਂ ਵਸੂਲਣ ਦਾ ਦਾਅਵਾ ਕਰ ਰਿਹਾ ਹੈ। ਸੋਸ਼ਲ ਮੀਡੀਆ ਪੋਸਟ ਰਾਹੀਂ ਹਮਲਾਵਰ ਨੇ ਆਪਣਾ ਨਾਂ ਫ਼ਤਿਹ ਪੁਰਤਗਾਲ ਦੱਸਿਆ ਅਤੇ ਕਿਹਾ ਕਿ ਉਹ ਤਿੰਨ ਦਿਨਾਂ ਤੋਂ ਵੱਖ ਵੱਖ ਥਾਵਾਂ ’ਤੇ ਗੋਲੀਆਂ ਚਲਾ ਰਿਹਾ ਹੈ। ਇਹ ਸਾਰੇ ਟਿਕਾਣੇ ਨਵੀ ਤੇਸੀ ਉਰਫ਼ ਨਵੀ ਢੇਸੀ ਨਾਲ ਸਬੰਧਤ ਹਨ ਜੋ ਲਾਰੈਂਸ ਬਿਸ਼ਨੋਈ ਦੇ ਨਾਂ ’ਤੇ ਗਾਇਕਾਂ ਤੋਂ 5 ਮਿਲੀਅਨ ਡਾਲਰ ਦੀ ਰਕਮ ਹੜੱਪ ਚੁੱਕਾ ਹੈ ਅਤੇ ਇਸੇ ਕਰ ਕੇ ਹੁਣ ਉਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸੋਸ਼ਲ ਮੀਡੀਆ ਪੋਸਟ ਵਿਚ ਚਿਤਾਵਨੀ ਦਿਤੀ ਗਈ ਹੈ ਕਿ ਜੇ ਕਿਸੇ ਵੱਲੋਂ ਕਾਰੋਬਾਰੀਆਂ ਦੀਆਂ ਕਰਤੂਤਾਂ ਬਾਰੇ ਸਬੂਤ ਪੇਸ਼ ਕੀਤੇ ਜਾਣਗੇ ਤਾਂ ਗਿਰੋਹ ਉਨ੍ਹਾਂ ਵਿਰੁੱਧ ਲਾਜ਼ਮੀ ਕਾਰਵਾਈ ਕਰੇਗਾ। ਪੋਸਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਮਿਹਨਤ ਅਤੇ ਇਮਾਨਦਾਰੀ ਨਾਲ ਕਮਾਈ ਕਰ ਰਹੇ ਕਾਰੋਬਾਰੀਆਂ ਨਾਲ ਉਨ੍ਹਾਂ ਦਾ ਕੋਈ ਦੁਸ਼ਮਣੀ ਨਹੀਂ। ਦੂਜੇ ਪਾਸੇ ਸਰੀ ਤੋਂ ਪੰਜਾਬੀ ਪੱਤਰਕਾਰ ਗੁਰਪ੍ਰੀਤ ਸਹੋਤਾ ਨੇ ਸੋਸ਼ਲ ਮੀਡੀਆ ਰਾਹੀਂ ਟਿਪਣੀ ਕਰਦਿਆਂ ਕਿਹਾ ਕਿ ਨਵੀ ਢੇਸੀ ਅਤੇ ਉਸ ਦੇ ਪਿਤਾ ਕੁਲਵੰਤ ਢੇਸੀ ਕਿਸੇ ਵੀ ਕਿਸਮ ਦਾ ਗਲਤ ਕੰਮ ਕੀਤਾ ਹੋਣ ਤੋਂ ਇਨਕਾਰ ਕਰ ਰਹੇ ਹਨ।


