ਟੋਰਾਂਟੋ ਤੋਂ ਲਾਪਤਾ ਹੋਇਆ 41 ਸਾਲ ਦਾ ਨਰੇਸ਼
ਟੋਰਾਂਟੋ ਵਿਖੇ ਲਾਪਤਾ ਭਾਰਤੀ ਦੀ ਭਾਲ ਕਰ ਰਹੀ ਪੁਲਿਸ ਵੱਲੋਂ ਲੋਕਾਂ ਤੋਂ ਮਦਦ ਮੰਗੀ ਗਈ ਹੈ।
By : Upjit Singh
ਟੋਰਾਂਟੋ : ਟੋਰਾਂਟੋ ਵਿਖੇ ਲਾਪਤਾ ਭਾਰਤੀ ਦੀ ਭਾਲ ਕਰ ਰਹੀ ਪੁਲਿਸ ਵੱਲੋਂ ਲੋਕਾਂ ਤੋਂ ਮਦਦ ਮੰਗੀ ਗਈ ਹੈ। ਟੋਰਾਂਟੋ ਪੁਲਿਸ ਨੇ ਦੱਸਿਆ ਕਿ 41 ਸਾਲ ਦੇ ਨਰੇਸ਼ ਨੂੰ ਆਖਰੀਵਾਰ 19 ਜਨਵਰੀ ਨੂੰ ਸ਼ਾਮ ਤਕਰੀਬਨ ਪੰਜ ਵਜੇ ਹੰਬਰ ਕਾਲਜ ਬੁਲੇਵਾਰਡ ਅਤੇ ਵੈਸਟਮੋਰ ਡਰਾਈਵ ਇਲਾਕੇ ਵਿਚ ਦੇਖਿਆ ਗਿਆ। ਪੁਲਿਸ ਮੁਤਾਬਕ ਨਰੇਸ਼ ਦਾ ਕੱਦ 5 ਫੁੱਟ 9 ਇੰਚ ਅਤੇ ਵਜ਼ਨ ਤਕਰੀਬਨ 77 ਕਿਲੋ ਹੈ। ਉਸ ਦੇ ਵਾਲ ਛੋਟੇ ਅਤੇ ਭੂਰੇ ਰੰਗ ਦੇ ਹਨ ਜਦਕਿ ਸਿਰ ’ਤੇ ਗੰਜ ਵੀ ਪਿਆ ਹੋਇਆ ਹੈ। ਆਖਰੀ ਵਾਰ ਦੇਖੇ ਜਾਣ ਵੇਲੇ ਨਰੇਸ਼ ਨੇ ਬ੍ਰਾਊਨ ਜਾਂ ਮਸਟਰਡ ਕਲਰ ਦੀ ਬੌਂਬਰ ਜੈਕਟ, ਕਾਲੀ ਟੀ-ਸ਼ਰਟ ਅਤੇ ਨੀਲੀ ਜੀਨਜ਼ ਪਾਈ ਹੋਈ ਸੀ।
ਭਾਲ ਵਿਚ ਜੁਟੀ ਪੁਲਿਸ ਨੇ ਮੰਗੀ ਲੋਕਾਂ ਤੋਂ ਮਦਦ
ਉਸ ਕੋਲ ਕਾਲੇ ਰੰਗ ਦਾ ਇਕ ਬੈਕਪੈਕ ਵੀ ਸੀ ਜਿਸ ਉਤੇ ਲਾਲ ਅੱਖਰਾਂ ਵਿਚ ਕੁਝ ਲਿਖਿਆ ਨਜ਼ਰ ਆਇਆ। ਟੋਰਾਂਟੋ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਨਰੇਸ਼ ਦੇ ਪਤੇ-ਟਿਕਾਣੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ 416 222 ਟਿਪਸ 8477 ’ਤੇ ਕਾਲ ਕਰ ਸਕਦਾ ਹੈ। ਟੋਰਾਂਟੋ ਪੁਲਿਸ ਨੇ ਅੱਗੇ ਕਿਹਾ ਕਿ ਕਿਸੇ ਸ਼ਖਸ ਦੇ ਲਾਪਤਾ ਹੋਣ ਤੋਂ 24 ਘੰਟੇ ਤੱਕ ਉਡੀਕ ਕਰਨ ਦੀ ਕੋਈ ਜ਼ਰੂਰਤ ਨਹੀਂ ਅਤੇ ਇਸ ਤੋਂ ਪਹਿਲਾਂ ਵੀ ਉਸ ਨੂੰ ਲਾਪਤਾ ਐਲਾਨਿਆ ਜਾ ਸਕਦਾ ਹੈ। ਜੇ ਤੁਸੀਂ ਕਿਸੇ ਦੀ ਸੁੱਖ ਸਾਂਦ ਬਾਰੇ ਚਿੰਤਤ ਹੋ ਤਾਂ 911 ’ਤੇ ਕਾਲ ਕਰ ਸਕਦੇ ਹੋ ਜਾਂ ਟੋਰਾਂਟੋ ਪੁਲਿਸ ਦੇ ਗੈਰ ਐਮਰਜੰਸੀ ਨੰਬਰ 416 808 2222 ’ਤੇ ਕਾਲ ਕੀਤੀ ਜਾ ਸਕਦੀ ਹੈ।