ਕੈਨੇਡਾ-ਅਮਰੀਕਾ ਵਿਚ 4 ਪੰਜਾਬੀ ਨੌਜਵਾਨਾਂ ਨਾਲ ਵਰਤਿਆ ਭਾਣਾ
ਸੁਨਹਿਰੀ ਭਵਿੱਖ ਦੀ ਭਾਲ ਵਿਚ ਅਮਰੀਕਾ-ਕੈਨੇਡਾ ਪੁੱਜੇ ਪੰਜਾਬੀ ਨੌਜਵਾਨਾਂ ਦੀ ਅਚਨਚੇਤ ਮੌਤ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਦੋਹਾਂ ਮੁਲਕਾਂ ਵਿਚ ਘੱਟੋ ਘੱਟ ਚਾਰ ਜਣਿਆਂ ਦੇ ਜਾਨ ਗਵਾਉਣ ਦੀ ਰਿਪੋਰਟ ਹੈ।
By : Upjit Singh
ਸਰੀ : ਸੁਨਹਿਰੀ ਭਵਿੱਖ ਦੀ ਭਾਲ ਵਿਚ ਅਮਰੀਕਾ-ਕੈਨੇਡਾ ਪੁੱਜੇ ਪੰਜਾਬੀ ਨੌਜਵਾਨਾਂ ਦੀ ਅਚਨਚੇਤ ਮੌਤ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਦੋਹਾਂ ਮੁਲਕਾਂ ਵਿਚ ਘੱਟੋ ਘੱਟ ਚਾਰ ਜਣਿਆਂ ਦੇ ਜਾਨ ਗਵਾਉਣ ਦੀ ਰਿਪੋਰਟ ਹੈ। ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਚੱਕ ਸਾਧੂ ਵਾਲਾ ਦਾ ਸਾਰਜ ਸਿੰਘ, ਸਰੀ ਦੇ ਬੱਸ ਸਟੌਪ ’ਤੇ ਬੱਸ ਦੀ ਉਡੀਕ ਕਰ ਰਿਹਾ ਸੀ ਜਦੋਂ ਇਕ ਬੇਕਾਬੂ ਪਿਕਅੱਪ ਟਰੱਕ ਨੇ ਉਸ ਨੂੰ ਟੱਕਰ ਮਾਰ ਦਿਤੀ। ਦੂਜੇ ਪਾਸੇ ਤਰਨਤਾਰਨ ਦਾ ਵਿਪਿਨ ਕੁਮਾਰ ਦਿਲ ਦਾ ਦੌਰਾ ਪੈਣ ਕਾਰਨ ਸਦੀਵੀ ਵਿਛੋੜਾ ਦੇ ਗਿਆ ਜਦਕਿ ਅਮਰੀਕਾ ਦੇ ਕੈਲੇਫੋਰਨੀਆ ਸੂਬੇ ਵਿਚ ਸੜਕ ਹਾਦਸੇ ਦੌਰਾਨ ਧਰਮਵੀਰ ਸਿੰਘ ਦੀ ਮੌਤ ਹੋ ਗਈ।
ਸਰੀ ਵਿਖੇ ਸਾਰਜ ਸਿੰਘ ਨੂੰ ਨਸ਼ੇੜੀ ਡਰਾਈਵਰ ਨੇ ਮਾਰੀ ਟੱਕਰ
ਸਰੀ ਆਰ.ਸੀ.ਐਮ.ਪੀ. ਨੇ ਦੱਸਿਆ ਕਿ 144 ਸਟ੍ਰੀਟ ਅਤੇ ਹਾਇਲੈਂਡ ਰੋਡ ਨੇੜੇ ਵਾਪਰੇ ਹਾਦਸੇ ਮਗਰੋਂ 45 ਸਾਲ ਦੇ ਇਕ ਸ਼ਖਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਸ ਵਿਰੁੱਧ ਨਸ਼ੇ ਵਿਚ ਗੱਡੀ ਚਲਾਉਂਦਿਆਂ ਮੌਤ ਦਾ ਕਾਰਨ ਬਣਨ ਦੇ ਦੋਸ਼ ਆਇਦ ਕੀਤੇ ਗਏ ਹਨ। ਪੁਲਿਸ ਵੱਲੋਂ ਮਰਨ ਵਾਲੇ ਦੀ ਸ਼ਨਾਖਤ ਜਨਤਕ ਨਹੀਂ ਕੀਤੀ ਗਈ ਪਰ ਪੰਜਾਬ ਤੋਂ ਮਿਲੀ ਰਿਪੋਰਟ ਮੁਤਾਬਕ ਦਮ ਤੋੜਨ ਵਾਲਾ ਨੌਜਵਾਨ 33 ਸਾਲ ਦਾ ਸਾਰਜ ਸਿੰਘ ਸੀ ਜੋ ਸਿਰਫ 7 ਮਹੀਨੇ ਪਹਿਲਾਂ ਕੈਨੇਡਾ ਪੁੱਜਾ। ਇਸੇ ਦੌਰਾਨ ਤਰਨਤਾਰਨ ਦੇ ਵਿਪਿਨ ਕੁਮਾਰ ਦੀ ਕੈਨੇਡਾ ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਵਿਪਿਨ ਕੁਮਾਰ ਦੇ ਪਿਤਾ ਰਾਜਵਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਕੁਝ ਸਾਲ ਪਹਿਲਾਂ ਸਟੱਡੀ ਵੀਜ਼ਾ ’ਤੇ ਕੈਨੇਡਾ ਗਿਆ ਅਤੇ ਇਸ ਮਗਰੋਂ ਉਥੇ ਹੀ ਵਸਣ ਦਾ ਮਨ ਬਣਾ ਲਿਆ।
ਤਰਨਤਾਰਨ ਦੇ ਵਿਪਿਨ ਕੁਮਾਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਮੰਗਲਵਾਰ ਦੇਰ ਸ਼ਾਮ ਅਚਾਨਕ ਤਬੀਅਤ ਵਿਗੜਨ ਕਾਰਨ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿਤਾ। ਵਿਪਿਨ ਦੇ ਦੋਸਤਾਂ ਨੇ ਇਹ ਦੁਖਦ ਖਬਰ ਤਰਨਤਾਰਨ ਰਹਿੰਦੇ ਉਸ ਦੇ ਪਰਵਾਰਕ ਮੈਂਬਰਾਂ ਨੂੰ ਦਿਤੀ। ਉਧਰ ਅਮਰੀਕਾ ਦੇ ਕੈਲੇਫੋਰਨੀਆ ਸੂਬੇ ਵਿਚ ਧਰਮਵੀਰ ਸਿੰਘ ਸੜਕ ਹਾਦਸੇ ਦੌਰਾਨ ਦਮ ਤੋੜ ਗਿਆ ਜੋ ਸਿਰਫ 15 ਦਿਨ ਪਹਿਲਾਂ ਅਮਰੀਕਾ ਪੁੱਜਾ ਸੀ। ਧਰਮਵੀਰ ਆਪਣੇ ਮਾਪਿਆਂ ਦੀ ਇਕਲੌਤੀ ਔਲਾਦ ਸੀ ਜਿਸ ਦੀ ਦੇਹ ਭਾਰਤ ਭੇਜਣ ਲਈ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ। ਇਥੇ ਦਸਣਾ ਬਣਦਾ ਹੈ ਕਿ ਕੈਨੇਡਾ ਵਿਚ ਸੜਕ ਹਾਦਸੇ ਦੌਰਾਨ ਕੁਝ ਹਫ਼ਤੇ ਪਹਿਲਾਂ ਜ਼ਖਮੀ ਹੋਇਆ ਗੁਰਪ੍ਰੀਤ ਸਿੰਘ ਦਮ ਤੋੜ ਗਿਆ। ਬਠਿੰਡਾ ਜਿਲ੍ਹੇ ਦੇ ਪਿੰਡ ਮੰਡੀ ਕਲਾਂ ਨਾਲ ਸਬੰਧਤ ਗੁਰਪ੍ਰੀਤ ਸਿੰਘ ਦੀ ਦੇਹ ਪੰਜਾਬ ਭੇਜਣ ਲਈ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ।