ਰੂਸ ਵਿਚ 4 ਭਾਰਤੀ ਵਿਦਿਆਰਥੀ ਨਦੀ ਵਿਚ ਡੁੱਬੇ
ਰੂਸ ਵਿਚ ਚਾਰ ਭਾਰਤੀ ਵਿਦਿਆਰਥੀਆਂ ਦੇ ਨਦੀ ਵਿਚ ਡੁੱਬਣ ਦੀ ਦੁਖਦ ਰਿਪੋਰਟ ਸਾਹਮਣੇ ਆਈ ਹੈ। ਮੈਡੀਕਲ ਦੀ ਪੜ੍ਹਾਈ ਕਰ ਰਹੇ ਭਾਰਤੀ ਵਿਦਿਆਰਥੀ ਸੇਂਟ ਪੀਟਰਜ਼ਬਰਗ ਨੇੜੇ ਇਕ ਨਦੀ ਵਿਚ ਡੁੱਬੇ ਜਿਨ੍ਹਾਂ ਵਿਚੋਂ ਦੋ ਮੁੰਡੇ ਅਤੇ ਦੋ ਕੁੜੀਆਂ ਸਨ ਅਤੇ ਇਨ੍ਹਾਂ ਦੀ ਉਮਰ 18 ਸਾਲ ਤੋਂ 20 ਸਾਲ ਦਰਮਿਆਨ ਦੱਸੀ ਜਾ ਰਹੀ ਹੈ।
By : Upjit Singh
ਮਾਸਕੋ : ਰੂਸ ਵਿਚ ਚਾਰ ਭਾਰਤੀ ਵਿਦਿਆਰਥੀਆਂ ਦੇ ਨਦੀ ਵਿਚ ਡੁੱਬਣ ਦੀ ਦੁਖਦ ਰਿਪੋਰਟ ਸਾਹਮਣੇ ਆਈ ਹੈ। ਮੈਡੀਕਲ ਦੀ ਪੜ੍ਹਾਈ ਕਰ ਰਹੇ ਭਾਰਤੀ ਵਿਦਿਆਰਥੀ ਸੇਂਟ ਪੀਟਰਜ਼ਬਰਗ ਨੇੜੇ ਇਕ ਨਦੀ ਵਿਚ ਡੁੱਬੇ ਜਿਨ੍ਹਾਂ ਵਿਚੋਂ ਦੋ ਮੁੰਡੇ ਅਤੇ ਦੋ ਕੁੜੀਆਂ ਸਨ ਅਤੇ ਇਨ੍ਹਾਂ ਦੀ ਉਮਰ 18 ਸਾਲ ਤੋਂ 20 ਸਾਲ ਦਰਮਿਆਨ ਦੱਸੀ ਜਾ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਨੌਵਗਰੌਡ ਸਟੇਟ ਯੂਨੀਵਰਸਿਟੀ ਵਿਚ ਪੜ੍ਹਦੇ ਪੰਜ ਭਾਰਤੀ ਵਿਦਿਆਰਥੀ ਸੈਰ ਸਪਾਟੇ ਲਈ ਗਏ ਜਦੋਂ ਵੌਲਖੋਵ ਨਦੀ ਦੇ ਕੰਢੇ ’ਤੇ ਬੈਠੀ ਭਾਰਤੀ ਕੁੜੀ ਪੈਰ ਤਿਲਕਣ ਕਾਰਨ ਪਾਣੀ ਵਿਚ ਰੁੜ੍ਹ ਗਈ।
ਉਸ ਦੇ ਸਾਥੀਆਂ ਨੇ ਉਸ ਨੂੰ ਬਚਾਉਣ ਦਾ ਯਤਨ ਕੀਤਾ ਪਰ ਉਨ੍ਹਾਂ ਦੀ ਜਾਨ ਵੀ ਖਤਰੇ ਵਿਚ ਪੈ ਗਏ। ਇਕ ਭਾਰਤੀ ਵਿਦਿਆਰਥੀ ਨੂੰ ਸਥਾਨਕ ਲੋਕਾਂ ਨੇ ਪਾਣੀ ਵਿਚੋਂ ਕੱਢ ਲਿਆ ਪਰ ਬਾਕੀਆਂ ਨੂੰ ਬਚਾਇਆ ਨਾ ਜਾ ਸਕਿਆ। ਮਾਸਕੋ ਸਥਿਤ ਭਾਰਤੀ ਅੰਬੈਸੀ ਨੇ ਕਿਹਾ ਕਿ ਵਿਦਿਆਰਥੀਆਂ ਦੀਆਂ ਦੇਹਾਂ ਜਲਦ ਤੋਂ ਜਲਦ ਭਾਰਤ ਭੇਜਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ ਜਦਕਿ ਬਚਾਏ ਗਏ ਵਿਦਿਆਰਥੀ ਨੂੰ ਬਿਹਤਰ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸੇ ਦੌਰਾਨ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਦੋ ਵਿਦਿਆਰਥੀਆਂ ਦੀਆਂ ਦੇਹਾਂ ਹੁਣ ਤੱਕ ਨਹੀਂ ਮਿਲ ਸਕੀਆਂ। ਦੁਖਦ ਘਟਨਾ ਦਾ ਸ਼ਿਕਾਰ ਬਣੇ ਬਾਰੇ ਵਿਦਿਆਰਥੀ ਮਹਾਰਾਸ਼ਟਰ ਦੇ ਜਲਗਾਉਂ ਜ਼ਿਲ੍ਹੇ ਨਾਲ ਸਬੰਧਤ ਸਨ। ਵਿਦੇਸ਼ ਮੰਤਰਾਲੇ ਵੱਲੋਂ ਪੀੜਤ ਪਰਵਾਰਾਂ ਨਾਲ ਦੁੱਖ ਸਾਂਝਾ ਕਰਦਿਆਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿਤਾ ਗਿਆ ਹੈ।