ਕੈਨੇਡਾ ਦੇ 2 ਘਰਾਂ ਵਿਚੋਂ ਮਿਲੀਆਂ 4 ਲਾਸ਼ਾਂ
ਟੋਰਾਂਟੋ ਸਣੇ ਕੈਨੇਡਾ ਦੇ 2 ਸ਼ਹਿਰਾਂ ਵਿਚ ਚਾਰ ਜਣਿਆਂ ਦਾ ਭੇਤਭਰੇ ਹਾਲਾਤ ਵਿਚ ਕਤਲ ਕਰ ਦਿਤਾ ਗਿਆ

ਟੋਰਾਂਟੋ : ਟੋਰਾਂਟੋ ਸਣੇ ਕੈਨੇਡਾ ਦੇ 2 ਸ਼ਹਿਰਾਂ ਵਿਚ ਚਾਰ ਜਣਿਆਂ ਦਾ ਭੇਤਭਰੇ ਹਾਲਾਤ ਵਿਚ ਕਤਲ ਕਰ ਦਿਤਾ ਗਿਆ। ਟੋਰਾਂਟੋ ਪੁਲਿਸ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਸਕਾਰਬ੍ਰੋਅ ਦੇ ਇਔਨਵਿਊ ਇਲਾਕੇ ਵਿਚ ਅਫ਼ਸਰਾਂ ਨੂੰ ਸੱਦਿਆ ਗਿਆ ਜਿਥੇ 2 ਲਾਸ਼ਾਂ ਬਰਾਮਦ ਹੋਈਆਂ। ਮਾਮਲੇ ਦੀ ਪੜਤਾਲ ਚੱਲ ਰਹੀ ਹੈ ਅਤੇ ਫ਼ਿਲਹਾਲ ਪੁਲਿਸ ਵੱਲੋਂ ਮਰਨ ਵਾਲਿਆਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਮਾਮਲੇ ਨਾਲ ਸਬੰਧਤ ਕੋਈ ਜਾਣਕਾਰੀ ਹੋਵੇ ਤਾਂ ਜਾਂਚਕਰਤਾਵਾਂ ਨਾਲ 416 4100 ’ਤੇ ਸੰਪਰਕ ਕੀਤਾ ਜਾਵੇ।
ਸਕਾਰਬ੍ਰੋਅ ਅਤੇ ਐਬਸਫੋਰਡ ਵਿਚ ਵਾਪਰੀਆਂ ਵਾਰਦਾਤਾਂ
ਉਧਰ ਬੀ.ਸੀ. ਦੇ ਐਬਸਫੋਰਡ ਸ਼ਹਿਰ ਵਿਚ ਹਿੰਸਕ ਵਿਵਾਦ ਦੌਰਾਨ ਦੋ ਜਣਿਆਂ ਦੀ ਮੌਤ ਹੋ ਗਈ। ਐਬਸਫੋਰਡ ਪੁਲਿਸ ਦਾ ਮੰਨਣਾ ਹੈ ਕਿ ਇਹ ਵਾਰਦਾਤ ਆਮ ਲੋਕਾਂ ਦੀ ਸੁਰੱਖਿਆ ਵਾਸਤੇ ਕੋਈ ਖਤਰਾ ਪੈਦਾ ਨਹੀਂ ਕਰਦੀ। ਸਾਰਜੈਂਟ ਪੌਲ ਵੌਕਰ ਨੇ ਦੱਸਿਆ ਕਿ ਵਾਰਦਾਤ ਸ਼ਹਿਰ ਦੇ ਬਾਹਰੀ ਇਲਾਕੇ ਵਿਚ ਵਾਪਰੀ ਅਤੇ ਆਂਢ ਗੁਆਂਢ ਦੇ ਲੋਕਾਂ ਵਿਚ ਸਹਿਮ ਦਾ ਮਾਹੌਲ ਹੈ। ਪੁਲਿਸ ਵੱਲੋਂ ਮਰਨ ਵਾਲਿਆਂ ਦੀ ਉਮਰ ਜਾਂ ਪਛਾਣ ਬਾਰੇ ਕੋਈ ਜ਼ਿਕਰ ਨਾ ਕੀਤਾ ਗਿਆ। ਇਸੇ ਦੌਰਾਨ ਉਨਟਾਰੀਓ ਦੇ ਓਕਵਿਲ ਵਿਖੇ ਗਹਿਣਿਆਂ ਦਾ ਸਟੋਰ ਲੁੱਟਣ ਦੇ ਮਾਮਲੇ ਵਿਚ ਹਾਲਟਨ ਰੀਜਨਲ ਪੁਲਿਸ ਵੱਲੋਂ ਸ਼ੱਕੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਓਕਵਿਲ ਵਿਖੇ ਗਹਿਣਿਆਂ ਦਾ ਸਟੋਰ ਲੁੱਟਿਆ, ਸ਼ੱਕੀਆਂ ਦੀ ਭਾਲ
ਪੁਲਿਸ ਨੇ ਦੱਸਿਆ ਕਿ ਓਕਵਿਲ ਪਲੇਸ ਸ਼ੌਪਿੰਗ ਮਾਲ ਵਿਚ ਬੁੱਧਵਾਰ ਸ਼ਾਮ ਤਕਰੀਬਨ ਸਾਢੇ ਪੰਜ ਵਜੇ ਲੁੱਟ ਦੀ ਵਾਰਦਾਤ ਸਾਹਮਣੇ ਆਈ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਹਥੌੜਿਆਂ ਨਾਲ ਲੈਸ ਚਾਰ ਲੁਟੇਰੇ ਗਹਿਣਿਆਂ ਦੇ ਸਟੋਰ ਵਿਚ ਦਾਖਲ ਹੋਏ ਅਤੇ ਸ਼ੋਅਕੇਸ ਤੋੜਨੇ ਸ਼ੁਰੂ ਕਰ ਦਿਤੇ। ਕੁਝ ਹੀ ਸਮੇਂ ਵਿਚ ਸ਼ੱਕੀ ਕੀਮਤੀ ਗਹਿਣੇ ਲੈ ਕੇ ਫਰਾਰ ਹੋ ਗਏ। ਵਾਰਦਾਤ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਅਤੇ ਫਿਲਹਾਲ ਲੁੱਟੇ ਗਏ ਗਹਿਣਿਆਂ ਦੀ ਕੁਲ ਕੀਮਤ ਵੀ ਸਾਹਮਣੇ ਨਹੀਂ ਆ ਸਕੀ।