Canada ਦਾਖ਼ਲ ਹੋਣ ਤੋਂ ਰੋਕੇ 35,808 ਵਿਦੇਸ਼ੀ ਨਾਗਰਿਕ
ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਸਾਲ ਦਾ ਲੇਖਾ-ਜੋਖਾ ਪੇਸ਼ ਕਰਦਿਆਂ ਦੱਸਿਆ ਹੈ ਕਿ 70 ਮਿਲੀਅਨ ਤੋਂ ਵੱਧ ਮੁਸਾਫ਼ਰ ਮੁਲਕ ਵਿਚ ਦਾਖਲ ਹੋਏ ਅਤੇ 35,608 ਵਿਦੇਸ਼ੀ ਨਾਗਰਿਕਾਂ ਨੂੰ ਕੈਨੇਡਾ ਵਿਚ ਦਾਖ਼ਲ ਹੋਣ ਤੋਂ ਰੋਕਦਿਆਂ ਵਾਪਸੀ ਦਾ ਜਹਾਜ਼ ਚੜ੍ਹਾ ਦਿਤਾ

By : Upjit Singh
ਔਟਵਾ : ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਸਾਲ ਦਾ ਲੇਖਾ-ਜੋਖਾ ਪੇਸ਼ ਕਰਦਿਆਂ ਦੱਸਿਆ ਹੈ ਕਿ 70 ਮਿਲੀਅਨ ਤੋਂ ਵੱਧ ਮੁਸਾਫ਼ਰ ਮੁਲਕ ਵਿਚ ਦਾਖਲ ਹੋਏ ਅਤੇ 35,608 ਵਿਦੇਸ਼ੀ ਨਾਗਰਿਕਾਂ ਨੂੰ ਕੈਨੇਡਾ ਵਿਚ ਦਾਖ਼ਲ ਹੋਣ ਤੋਂ ਰੋਕਦਿਆਂ ਵਾਪਸੀ ਦਾ ਜਹਾਜ਼ ਚੜ੍ਹਾ ਦਿਤਾ ਗਿਆ ਜਿਨ੍ਹਾਂ ਵਿਚੋਂ ਤਕਰੀਬਨ 2700 ਭਾਰਤੀ ਨਾਗਰਿਕ ਦੱਸੇ ਜਾ ਰਹੇ ਹਨ। ਦੂਜੇ ਪਾਸੇ ਅਸਾਇਲਮ ਦਾ ਦਾਅਵਾ ਕਰਨ ਵਾਲੇ 61,960 ਜਣਿਆਂ ਦੀ ਸੁਰੱਖਿਆ ਜਾਂਚ ਮੁਕੰਮਲ ਕੀਤੀ ਗਈ ਅਤੇ ਯਾਤਰਾ ਦਸਤਾਵੇਜ਼ ਪੂਰੇ ਨਾ ਹੋਣ ਕਾਰਨ 5,889 ਲੋਕਾਂ ਨੂੰ ਹਵਾਈ ਜਹਾਜ਼ ਵਿਚ ਚੜ੍ਹਨ ਨਾ ਦਿਤਾ। ਡਿਪੋਰਟ ਕੀਤੇ ਲੋਕਾਂ ਦਾ ਜ਼ਿਕਰ ਕੀਤਾ ਜਾਵੇ ਤਾਂ 20 ਹਜ਼ਾਰ ਤੋਂ ਵੱਧ ਲੋਕਾਂ ਨੂੰ ਮੁਲਕ ਵਿਚੋਂ ਕੱਢਿਆ ਗਿਆ ਜਿਨ੍ਹਾਂ ਵਿਚੋਂ 8,982 ਵਿਰੁੱਧ ਇੰਮੀਗ੍ਰੇਸ਼ਨ ਨਿਯਮਾਂ ਦੀ ਉਲੰਘਣਾ ਦੇ ਦੋਸ਼ ਲੱਗੇ।
2,700 ਭਾਰਤੀਆਂ ਨੂੰ ਵਾਪਸੀ ਦਾ ਜਹਾਜ਼ ਚੜ੍ਹਾਇਆ
3,980 ਜਣਿਆਂ ਨੂੰ 30 ਦਿਨ ਦੇ ਅੰਦਰ ਕੈਨੇਡਾ ਛੱਡ ਕੇ ਜਾਣ ਦੇ ਨੋਟਿਸ ਜਾਰੀ ਕੀਤੇ ਅਤੇ 5,821 ਵਿਦੇਸ਼ੀ ਨਾਗਰਿਕਾਂ ’ਤੇ 1 ਤੋਂ ਪੰਜ ਸਾਲ ਤੱਕ ਮੁਲਕ ਵਿਚ ਦਾਖਲ ਹੋਣ ਦੀ ਪਾਬੰਦੀ ਲਾਉਂਦਿਆਂ ਕੱਢਿਆ ਗਿਆ। ਰਾਜਾਂ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਕਿਊਬੈਕ ਵਿਚੋਂ ਸਭ ਤੋਂ ਵੱਧ 8,450 ਵਿਦੇਸ਼ੀ ਨਾਗਰਿਕਾਂ ਨੂੰ ਕੱਢਿਆ ਗਿਆ ਜਦਕਿ ਗਰੇਟਰ ਟੋਰਾਂਟੋ ਏਰੀਆ ਵਿਚੋਂ 5,847 ਜਣੇ ਡਿਪੋਰਟ ਕੀਤੇ ਗਏ। ਕਿਊਬੈਕ ਅਤੇ ਉਨਟਾਰੀਓ ਵਿਚ ਸਭ ਤੋਂ ਜ਼ਿਆਦਾ ਅਸਾਇਲਮ ਦਾਅਵੇ ਦਾਖਲ ਹੋਣ ਕਰ ਕੇ ਇਥੋਂ ਡਿਪੋਰਟ ਹੋਣ ਵਾਲਿਆਂ ਦਾ ਅੰਕੜਾ ਵੀ ਸਭ ਤੋਂ ਉਤੇ ਨਜ਼ਰ ਆ ਰਿਹਾ ਹੈ। ਬਾਰਡਰ ਏਜੰਸੀ ਦੇ ਅੰਕੜਿਆਂ ਮੁਤਾਬਕ ਮੌਜੂਦਾ ਵਰ੍ਹੇ ਦੌਰਾਨ ਕੈਨੇਡਾ ਪੁੱਜਣ ਵਾਲੇ ਮੁਸਾਫ਼ਰਾਂ ਦੀ ਗਿਣਤੀ 2024 ਦੇ ਮੁਕਾਬਲੇ 12 ਫ਼ੀ ਸਦੀ ਘੱਟ ਰਹੀ ਜਿਸ ਦਾ ਸਭ ਤੋਂ ਵੱਡਾ ਕਾਰਨ ਇੰਟਰਨੈਸ਼ਨਲ ਸਟੂਡੈਂਟਸ ਦੀ ਆਮਦ ਵਿਚ ਕਮੀ ਮੰਨਿਆ ਜਾ ਰਿਹਾ ਹੈ ਜਦਕਿ ਵਿਜ਼ਟਰ ਵੀਜ਼ਾ ’ਤੇ ਪੁੱਜਣ ਵਾਲਿਆਂ ਦੀ ਗਿਣਤੀ ਵੀ ਪਿਛਲੇ ਸਾਲ ਦੇ ਮੁਕਾਬਲੇ ਘਟੀ। ਕੈਨੇਡਾ ਦੀ ਵਸੋਂ ਵਿਚ ਵੀ ਮੌਜੂਦਾ ਵਰ੍ਹੇ ਦੌਰਾਨ 76 ਹਜ਼ਾਰ ਦੀ ਕਮੀ ਦਰਜ ਕੀਤੀ ਗਈ ਹੈ ਅਤੇ ਟੈਂਪਰੇਰੀ ਵੀਜ਼ਾ ’ਤੇ ਮੁਲਕ ਵਿਚ ਮੌਜੂਦ ਲੋਕਾਂ ਦੀ ਗਿਣਤੀ ਵਿਚ 1 ਲੱਖ 76 ਹਜ਼ਾਰ ਦੀ ਕਮੀ ਆਈ।
ਕਿਊਬੈਕ ਅਤੇ ਉਨਟਾਰੀਓ ਤੋਂ ਡਿਪੋਰਟ ਹੋਏ 14 ਹਜ਼ਾਰ ਤੋਂ ਵੱਧ ਪ੍ਰਵਾਸੀ
ਦੂਜੇ ਪਾਸੇ ਸੀ.ਬੀ.ਐਸ.ਏ. ਵੱਲੋਂ 4 ਲੱਖ 19 ਹਜ਼ਾਰ ਟਰੱਕਾਂ ਦੀ ਕੌਮਾਂਤਰੀ ਸਰਹੱਦ ’ਤੇ ਚੈਕਿੰਗ ਕੀਤੀ ਗਈ ਅਤੇ ਕਿਊਬੈਕ ਵਿਚ 7 ਮਿਲੀਅਨ ਕੋਰੀਅਰ ਸ਼ਿਪਮੈਂਟਸ ਦੀ ਘੋੜ-ਪੜਤਾਲ ਕੀਤੀ। ਇਸ ਵਾਰ ਕ੍ਰਿਸਮਸ ਦੀਆਂ ਛੁੱਟੀਆਂ ਦੌਰਾਨ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ ਰੋਜ਼ਾਨਾ 1 ਲੱਖ 71 ਹਜ਼ਾਰ ਮੁਸਾਫ਼ਰਾਂ ਦੇ ਲੰਘਣ ਬਾਰੇ ਪੇਸ਼ੀਨਗੋਈ ਕੀਤੀ ਗਈ ਹੈ ਜਦਕਿ ਕੈਲਗਰੀ ਏਅਰਪਪੋਰਟ ਤੋਂ ਰੋਜ਼ਾਨਾ 65 ਹਜ਼ਾਰ ਮੁਸਾਫ਼ਰਾਂ ਦੀ ਆਵਾਜਾਈ ਹੋ ਸਕਦੀ ਹੈ। ਵੱਡੀ ਗਿਣਤੀ ਵਿਚ ਮੁਸਾਫ਼ਰਾਂ ਨੂੰ ਦੇਖਦਿਆਂ ਕੈਨੇਡਾ ਬਾਰਡਰ ਅਫ਼ਸਰਾਂ ਵੱਲੋਂ ਸੁਰੱਖਿਅਤ ਸਫ਼ਰ ਯਕੀਨੀ ਬਣਾਉਣ ਦਾ ਹਰ ਉਪਾਅ ਕੀਤਾ ਗਿਆ ਹੈ। ਹਾਲ ਹੀ ਵਿਚ ਕੈਨੇਡਾ ਦੇ ਵੱਖ ਵੱਖ ਹਵਾਈ ਅੱਡਿਆਂ ’ਤੇ ਇੰਸਪੈਕਸ਼ਨ ਕਿਔਸਕਸ ਵਿਚ ਆਈ ਸਮੱਸਿਆ ਨੂੰ ਹੱਲ ਕਰ ਲਿਆ ਗਿਆ ਹੈ। ਪੀਅਰਸਨ ਇੰਟਰਨੈਸ਼ਨ ਏਅਰਪੋਰਟ ਨੇ ਦੱਸਿਆ ਕਿ ਟਰਮੀਨਲ 1 ਅਤੇ 3 ਦੇ ਕਿਔਸਕਸ ਵਿਚ ਸਮੱਸਿਆ ਆਉਣ ਕਾਰਨ ਮੁਸਾਫ਼ਰਾਂ ਦਾ ਉਡੀਕ ਸਮਾਂ ਲਗਾਤਾਰ ਵਧ ਰਿਹਾ ਸੀ। ਹਵਾਈ ਅੱਡਾ ਪ੍ਰਬੰਧਕਾਂ ਵੱਲੋਂ ਮੁਸਾਫ਼ਰਾਂ ਅਤੇ ਕਮਰਸ਼ੀਅਲ ਕਲਾਈਂਟਸ ਵੱਲੋਂ ਦਿਖਾਏ ਸਬਰ ’ਤੇ ਸ਼ੁਕਰੀਆ ਅਦਾ ਕੀਤਾ ਗਿਆ।


