ਕੈਨੇਡਾ ਵਿਚੋਂ ਮਾਰਚ ਦੌਰਾਨ ਖਤਮ ਹੋਈਆਂ 33 ਹਜ਼ਾਰ ਨੌਕਰੀਆਂ
ਕੈਨੇਡਾ ਵਿਚ ਮਾਰਚ ਮਹੀਨੇ ਦੌਰਾਨ 33 ਹਜ਼ਾਰ ਨੌਕਰੀਆਂ ਖਤਮ ਹੋ ਗਈਆਂ ਅਤੇ ਬੇਰੁਜ਼ਗਾਰੀ ਦਰ ਵਧ ਕੇ 6.7 ਫੀ ਸਦੀ ’ਤੇ ਪੁੱਜ ਗਈ

By : Upjit Singh
ਟੋਰਾਂਟੋ/ਨਿਊ ਯਾਰਕ : ਕੈਨੇਡਾ ਵਿਚ ਮਾਰਚ ਮਹੀਨੇ ਦੌਰਾਨ 33 ਹਜ਼ਾਰ ਨੌਕਰੀਆਂ ਖਤਮ ਹੋ ਗਈਆਂ ਅਤੇ ਬੇਰੁਜ਼ਗਾਰੀ ਦਰ ਵਧ ਕੇ 6.7 ਫੀ ਸਦੀ ’ਤੇ ਪੁੱਜ ਗਈ। ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ ਅਸਲ ਵਿਚ 62 ਹਜ਼ਾਰ ਫੁਲ ਟਾਈਮ ਨੌਕਰੀਆਂ ਦਾ ਨੁਕਸਾਨ ਹੋਇਆ ਪਰ ਪਾਰਟ ਟਾਈਮ ਨੌਕਰੀਆਂ ਪੈਦਾ ਹੋਣ ਦੀ ਰਫ਼ਤਾਰ ਵਧਣ ਕਰ ਕੇ ਹਾਲਾਤ ਬੇਕਾਬੂ ਨਾ ਹੋਏ। ਆਰਥਿਕ ਮਾਹਰਾਂ ਦਾ ਕਹਿਣਾ ਹੈ ਕਿ ਅਮਰੀਕਾ ਵੱਲੋਂ ਲਾਈਆਂ ਟੈਰਿਫਸ ਮਗਰੋਂ ਕੈਨੇਡੀਅਨ ਰੁਜ਼ਗਾਰ ਖੇਤਰ ਪ੍ਰਭਾਵਤ ਹੋਣ ਦਾ ਖਦਸ਼ਾ ਵਧ ਗਿਆ ਹੈ ਅਤੇ ਨੇੜ ਭਵਿੱਖ ਵਿਚ ਰਿਸੈਸ਼ਨ ਦੇ ਖਤਰੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਬੇਰੁਜ਼ਗਾਰੀ ਦਰ ਵਧ ਕੇ 6.7 ਫ਼ੀ ਸਦੀ ’ਤੇ ਪੁੱਜੀ
ਬੈਂਕ ਆਫ਼ ਮੌਂਟਰੀਅਲ ਦੇ ਚੀਫ਼ ਇਕੌਨੋਮਿਸਟ ਡਗ ਪੋਰਟਰ ਦਾ ਮੰਨਣਾ ਹੈ ਕਿ ਕਾਰੋਬਾਰੀ ਖੇਤਰ ਵਿਚ ਗੈਰਯਕੀਨੀ ਦੇ ਮਾਹੌਲ ਨੂੰ ਰੁਜ਼ਗਾਰ ਖੇਤਰ ਦੇ ਨੁਕਸਾਨ ਦਾ ਸਿੱਧਾ ਜ਼ਿੰਮੇਵਾਰ ਨਹੀਂ ਮੰਨਿਆ ਜਾ ਸਕਦਾ। ਦੱਸ ਦੇਈਏ ਕਿ ਮਾਰਚ ਮਹੀਨੇ ਦੌਰਾਨ ਕੈਨੇਡਾ ਦੇ ਰਿਟੇਲ ਟਰੇਡ ਸੈਕਟਰ ਵਿਚੋਂ 29 ਹਜ਼ਾਰ ਨੌਕਰੀਆਂ ਖਤਮ ਹੋਈਆਂ ਜਦਕਿ ਇਸ ਦੇ ਉਲਟ ਫਰਵਰੀ ਦੌਰਾਨ 51 ਹਜ਼ਾਰ ਦਾ ਵਾਧਾ ਦਰਜ ਕੀਤਾ ਗਿਆ ਸੀ। ਖੇਤੀ ਸੈਕਟਰ ਵਿਚੋਂ 9,300 ਨੌਕਰੀਆਂ ਖਤਮ ਹੋਈਆਂ ਜਦਕਿ ਸੂਚਨਾ ਅਤੇ ਸਭਿਆਚਾਰ ਸੈਕਟਰ ਨੂੰ 20 ਹਜ਼ਾਰ ਨੌਕਰੀਆਂ ਦਾ ਨੁਕਸਾਨ ਹੋਇਆ। ਇਸੇ ਦੌਰਾਨ ਸਰਵਿਸਿਜ਼ ਸੈਕਟਰ ਵਿਚ ਰੁਜ਼ਗਾਰ ਦੇ 12 ਹਜ਼ਾਰ ਨਵੇਂ ਮੌਕੇ ਪੈਦਾ ਹੋਏ। ਪ੍ਰਤੀ ਘੰਟਾ ਉਜਰਤ ਦਰਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਸਾਲਾਨਾ ਆਧਾਰ ’ਤੇ ਮਾਰਚ ਦੌਰਾਨ 3.6 ਫੀ ਸਦੀ ਵਾਧਾ ਦਰਜ ਕੀਤਾ। ਰੁਜ਼ਗਾਰ ਖੇਤਰ ਦੇ ਅੰਕੜੇ ਬੈਂਕ ਆਫ਼ ਕੈਨੇਡਾ ਵਾਸਤੇ ਵੀ ਦਿੱਕਤਾਂ ਪੈਦਾ ਕਰ ਰਹੇ ਹਨ।
ਅਮਰੀਕਾ ਵਿਚ ਪੈਦਾ ਹੋਏ ਰੁਜ਼ਗਾਰ ਦੇ 2 ਲੱਖ 28 ਹਜ਼ਾਰ ਨਵੇਂ ਮੌਕੇ
16 ਅਪ੍ਰੈਲ ਨੂੰ ਹੋਣ ਵਾਲੀ ਸਮੀਖਿਆ ਮੀਟਿੰਗ ਵਿਚ ਵਿਆਜ ਦਰਾਂ ਘਟਾਉਣ ਦਾ ਫੈਸਲਾ ਯਕੀਨੀ ਮੰਨਿਆ ਜਾ ਰਿਹਾ ਸੀ ਪਰ ਹੁਣ ਕੇਂਦਰੀ ਬੈਂਕ ਦੁਚਿੱਤੀ ਵਿਚ ਘਿਰਿਆ ਮਹਿਸੂਸ ਹੋ ਰਿਹਾ ਹੈ। ਦੂਜੇ ਪਾਸੇ ਗੁਆਂਢੀ ਮੁਲਕ ਅਮਰੀਕਾ ਵਿਚ ਰੁਜ਼ਗਾਰ ਦੇ 2 ਲੱਖ 28 ਹਜ਼ਾਰ ਨਵੇਂ ਮੌਕੇ ਪੈਦਾ ਹੋਣ ਦੀ ਰਿਪੋਰਟ ਹੈ ਪਰ ਫਰਵਰੀ ਮਹੀਨੇ ਦੀ ਤਰਜ਼ ’ਤੇ ਹਾਲਾਤ ਪੁੱਠੇ ਵੀ ਪੈ ਸਕਦੇ ਹਨ। ਫਰਵਰੀ ਦੇ ਸੋਧੇ ਹੋਏ ਅੰਕੜਿਆਂ ਦੌਰਾਨ 1 ਲੱਖ 17 ਹਜ਼ਾਰ ਨੌਕਰੀਆਂ ਪੈਦਾ ਹੋਈਆਂ ਅਤੇ ਬੇਰੁਜ਼ਗਾਰੀ ਦਰ ਵਧ ਕੇ 4.2 ਫੀ ਸਦੀ ਹੋ ਗਈ। ਡੌਨਲਡ ਟਰੰਪ ਦੀਆਂ ਗੁੰਝਲਦਾਰ ਵਪਾਰ ਨੀਤੀਆਂ ਦੇ ਮੱਦੇਨਜ਼ਰ ਅਮਰੀਕੀ ਕੰਪਨੀਆਂ ਨਵੀਂ ਭਰਤੀ ਤੋਂ ਝਿਜਕ ਰਹੀਆਂ ਹਨ ਅਤੇ ਹੌਲੀ ਹੌਲੀ ਨੌਕਰੀਆਂ ਘਟਾਉਣ ’ਤੇ ਜ਼ੋਰ ਦਿਤਾ ਜਾ ਰਿਹਾ ਹੈ। ਫੈਡਰਲ ਰਿਜ਼ਰਵ ਦੇ ਮੁਖੀ ਜਰੋਮ ਪਾਵੈਲ ਨੇ ਕਿਹਾ ਕਿ ਗੈਰਯਕੀਨੀ ਵਾਲਾ ਮਾਹੌਲ ਜ਼ਿਆਦਾ ਸਮਾਂ ਕਾਇਮ ਰਿਹਾ ਤਾਂ ਬੇਰੁਜ਼ਗਾਰਾਂ ਦੀ ਗਿਣਤੀ ਵਿਚ ਮੋਟਾ ਵਾਧਾ ਹੋ ਸਕਦਾ ਹੈ।


