ਪੰਜਾਬੀ ਪਰਵਾਰਾਂ ਸਣੇ 30 ਜਣਿਆਂ ਨੂੰ ਕੈਨੇਡੀਅਨ ਸਿਟੀਜ਼ਨਸ਼ਿਪ
ਕੈਨੇਡਾ ਦੇ ਇੰਮੀਗ੍ਰੇਸ਼ਨ ਵਿਭਾਗ ਵੱਲੋਂ ਪੀਲ ਪੁਲਿਸ ਦੇ ਸਹਿਯੋਗ ਨਾਲ 30 ਪ੍ਰਵਾਸੀਆਂ ਦਾ ਬਤੌਰ ਕੈਨੇਡੀਅਨ ਸਿਟੀਜ਼ਨ ਸਵਾਗਤ ਕੀਤਾ ਗਿਆ ਜਿਨ੍ਹਾਂ ਵਿਚ ਭਾਰਤ ਸਣੇ ਵੱਖ ਵੱਖ ਮੁਲਕਾਂ ਦੇ ਲੋਕ ਸ਼ਾਮਲ ਸਨ।

ਬਰੈਂਪਟਨ : ਕੈਨੇਡਾ ਦੇ ਇੰਮੀਗ੍ਰੇਸ਼ਨ ਵਿਭਾਗ ਵੱਲੋਂ ਪੀਲ ਰੀਜਨਲ ਪੁਲਿਸ ਦੇ ਸਹਿਯੋਗ ਨਾਲ 30 ਪ੍ਰਵਾਸੀਆਂ ਦਾ ਬਤੌਰ ਕੈਨੇਡੀਅਨ ਸਿਟੀਜ਼ਨ ਸਵਾਗਤ ਕੀਤਾ ਗਿਆ ਜਿਨ੍ਹਾਂ ਵਿਚ ਭਾਰਤ ਸਣੇ ਵੱਖ ਵੱਖ ਮੁਲਕਾਂ ਦੇ ਲੋਕ ਸ਼ਾਮਲ ਸਨ। ਜੱਜ ਐਲਬਰਟ ਵੌਂਗ ਦੀ ਪ੍ਰਧਾਨਗੀ ਵਾਲੇ ਸਮਾਗਮ ਵਿਚ ਪੀਲ ਰੀਜਨਲ ਪੁਲਿਸ ਦੇ ਮੁਖੀ ਨਿਸ਼ਾਨ ਦੁਰਈਅੱਪਾ, ਕਮਿਊਨਿਟੀ ਆਗੂਆਂ ਅਤੇ ਚੁਣੇ ਹੋਏ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਦੱਸ ਦੇਈਏ ਕਿ 15 ਲੱਖ ਤੋਂ ਵੱਧ ਵਸੋਂ ਵਾਲੇ ਪੀਲ ਰੀਜਨ ਵਿਚ ਅੱਧੇ ਤੋਂ ਜ਼ਿਆਦਾ ਲੋਕਾਂ ਦਾ ਜਨਮ ਵਿਦੇਸ਼ਾਂ ਵਿਚ ਹੋਇਆ ਹੈ ਅਤੇ ਇਲਾਕੇ ਦੇ 70 ਫੀ ਸਦੀ ਲੋਕ ਸਿੱਧੇ ਤੌਰ ’ਤੇ ਘੱਟ ਗਿਣਤੀਆਂ ਨਾਲ ਸਬੰਧਤ ਹਨ। ਕੈਨੇਡੀਅਨ ਸਿਟੀਜ਼ਨ ਬਣਨ ਵਾਲੇ ਪ੍ਰਵਾਸੀਆਂ ਵਿਚ ਭਾਰਤ, ਪਾਕਿਸਤਾਨ, ਸ੍ਰੀਲੰਕਾ, ਅਫ਼ਗਾਨਿਸਤਾਨ, ਚੀਨ, ਚੈਕ ਰਿਪਬਲਿਕ ਅਤੇ ਮਿਸਰ ਸਣੇ ਹੋਰ ਮੁਲਕਾਂ ਨਾਲ ਸਬੰਧਤ ਲੋਕ ਸ਼ਾਮਲ ਰਹੇ।
ਪੀਲ ਰੀਜਨਲ ਪੁਲਿਸ ਵੱਲੋਂ ਨਵੇਂ ਨਾਗਰਿਕਾਂ ਦਾ ਸਵਾਗਤ
ਪੁਲਿਸ ਮੁਖੀ ਨਿਸ਼ਾਨ ਦੁਰਈਅੱਪਾ ਨੇ ਇਸ ਮੌਕੇ ਕਿਹਾ ਕਿ ਪੀਲ ਰੀਜਨਲ ਪੁਲਿਸ ਆਪਣੇ ਮੁਲਾਜ਼ਮਾਂ ਵਿਚ ਸਭਿਆਚਾਰਕ ਵੰਨ-ਸੁਵੰਨਤਾ ਦਰਸਾਉਣ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਉਹ 1981 ਵਿਚ ਕੈਨੇਡੀਅਨ ਸਿਟੀਜ਼ਨ ਬਣੇ ਸਨ ਅਤੇ ਜ਼ਿੰਦਗੀ ਵਿਚ ਅੱਗੇ ਵਧਦਿਆਂ ਪੁਲਿਸ ਸੇਵਾ ਨੂੰ ਕਿਤੇ ਵਜੋਂ ਅਪਨਾਉਣ ਦਾ ਫੈਸਲਾ ਲਿਆ। ਦੂਜੇ ਪਾਸੇ ਪੀਲ ਰੀਜਨਲ ਪੁਲਿਸ ਵੱਲੋਂ ਹਾਲ ਹੀ ਵਿਚ ਭਰਤੀ ਹੋਈ ਪੰਜਾਬਣ ਮੁਟਿਆਰ ਮਨਦੀਪ ਚਹਿਲ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਅਪਲੋਡ ਕੀਤੀ ਗਈ ਹੈ ਜਿਸ ਵਿਚ ਮਨਦੀਪ ਵੱਲੋਂ ਪੀਲ ਰੀਜਨ ਵਿਚ ਮਿਲੇ ਅਪਾਰ ਮੌਕਿਆਂ ਦਾ ਜ਼ਿਕਰ ਕੀਤਾ ਗਿਆ ਹੈ। ਮਨਦੀਪ ਚਹਿਲ ਨੇ ਦੱਸਿਆ ਕਿ ਪੀਲ ਰੀਜਨ ਵਿਚੋਂ ਮਿਲੇ ਪਿਆਰ ਸਦਕਾ ਹੀ ਉਸ ਨੇ ਪੁਲਿਸ ਮਹਿਕਮੇ ਰਾਹੀਂ ਕਮਿਊਨਿਟੀ ਦੀ ਸੇਵਾ ਕਰਨ ਦਾ ਨਿਸ਼ਚਾ ਕੀਤਾ। ਇਥੇ ਦਸਣਾ ਬਣਦਾ ਹੈ ਕਿ ਪੀਲ ਰੀਜਨਲ ਪੁਲਿਸ ਵੱਲੋਂ 2030 ਤੱਕ ਨਵੀਆਂ ਭਰਤੀਆਂ ਦੌਰਾਨ 30 ਫੀ ਸਦੀ ਭਰਤੀ ਔਰਤਾਂ ਦੇ ਰੂਪ ਵਿਚ ਕਰਨ ਦਾ ਟੀਚਾ ਮਿੱਥਿਆ ਗਿਆ ਹੈ।