ਕੈਨੇਡਾ ਵਿਚ ਪਬਲਿਕ ਟ੍ਰਾਂਜ਼ਿਟ ਲਈ 30 ਅਰਬ ਡਾਲਰ ਦਾ ਐਲਾਨ
ਟੋਰਾਂਟੋ ਦੇ ਇਕ ਸਬਵੇਅ ਯਾਰਡ ਵਿਚ ਪੁੱਜੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 30 ਅਰਬ ਡਾਲਰ ਦੇ ਪਬਲਿਕ ਟ੍ਰਾਂਜ਼ਿਟ ਫੰਡ ਦਾ ਜ਼ਿਕਰ ਕਰਦਿਆਂ ਕਿਹਾ ਕਿ ਬੁੱਧਵਾਰ ਤੋਂ ਅਰਜ਼ੀਆਂ ਲੈਣ ਦਾ ਸਿਲਸਿਲਾ ਆਰੰਭ ਹੋ ਚੁੱਕਾ ਹੈ
By : Upjit Singh
ਟੋਰਾਂਟੋ : ਟੋਰਾਂਟੋ ਦੇ ਇਕ ਸਬਵੇਅ ਯਾਰਡ ਵਿਚ ਪੁੱਜੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 30 ਅਰਬ ਡਾਲਰ ਦੇ ਪਬਲਿਕ ਟ੍ਰਾਂਜ਼ਿਟ ਫੰਡ ਦਾ ਜ਼ਿਕਰ ਕਰਦਿਆਂ ਕਿਹਾ ਕਿ ਬੁੱਧਵਾਰ ਤੋਂ ਅਰਜ਼ੀਆਂ ਲੈਣ ਦਾ ਸਿਲਸਿਲਾ ਆਰੰਭ ਹੋ ਚੁੱਕਾ ਹੈ ਅਤੇ ਵੱਖ ਵੱਖ ਸ਼ਹਿਰ ਆਪਣੀਆਂ ਟ੍ਰਾਂਜ਼ਿਟ ਜ਼ਰੂਰਤਾਂ ਮੁਤਾਬਕ ਆਰਥਿਕ ਸਹਾਇਤਾ ਦੀ ਮੰਗ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਟ੍ਰਾਂਜ਼ਿਟ ਵਾਸਤੇ ਲੰਮੇ ਸਮੇਂ ਦੌਰਾਨ ਫੰਡਜ਼ ਮੁਹੱਈਆ ਕਰਵਾਉਣ ਦੇ ਇਰਾਦੇ ਨਾਲ ਇਹ ਉਪਰਾਲਾ ਕੀਤਾ ਗਿਆ ਹੈ ਅਤੇ ਟੋਰਾਂਟੋ ਦੀ ਮੇਅਰ ਓਲੀਵੀਆ ਚੌਅ ਵਾਂਗ ਹੋਰ ਮੇਅਰ ਵੀ ਯੋਜਨਾਬੰਦੀ ਕਰ ਸਕਦੇ ਹਨ। ਇਹ ਰਕਮ ਤਿੰਨ ਸ਼ੇ੍ਰਣੀਆਂ ਵਿਚ ਵੰਡੀ ਗਈ ਹੈ ਅਤੇ ਪਹਿਲੀ ਸ਼੍ਰੇਣੀ ਮੌਜੂਦਾ ਇਨਫਰਾਸਟ੍ਰਕਚਰ ਵਿਚ ਸੁਧਾਰ ਦੀ ਹੋਵੇਗੀ ਜਦਕਿ ਦੂਜੀ ਸ਼੍ਰੇਣੀ ਅਧੀਨ ਕੈਨੇਡਾ ਦੇ ਵੱਡੇ ਸ਼ਹਿਰਾਂਲਈ ਮੈਟਰੋ ਰੀਜਨ ਐਗਰੀਮੈਂਟ ਕੀਤੇ ਜਾਣਗੇ।
ਟੋਰਾਂਟੋ ਦੇ ਸਬਵੇਅ ਯਾਰਡ ਵਿਚ ਪੁੱਜੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ
ਤੀਜੀ ਸ਼੍ਰੇਣੀ ਪੇਂਡੂ ਖੇਤਰਾਂ ਵਿਚ ਸਰਗਰਮ ਟ੍ਰਾਂਸਪੋਰਟੇਸ਼ਨ ਵਾਸਤੇ ਤਿਆਰ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ 30 ਅਰਬ ਡਾਲਰ ਦੇ ਫੰਡਾਂ ਵਿਚੋਂ 2026 ਤੱਕ ਕੋਈ ਰਕਮ ਜਾਰੀ ਨਹੀਂ ਕੀਤੀ ਜਾਵੇਗਾ ਜਿਸ ਦਾ ਸਿੱਧਾ ਮਤਲਬ ਇਹ ਹੈ ਕਿ ਉਸ ਵੇਲੇ ਤੱਕ ਸਰਕਾਰ ਬਦਲ ਸਕਦੀ ਹੈ ਅਤੇ ਸ਼ਹਿਰਾਂ ਨੂੰ ਨਵੇਂ ਸਿਰੇ ਤੋਂ ਉਪਰਾਲੇ ਕਰਨੇ ਪੈ ਸਕਦੇ ਹਨ। ਉਧਰ ਹਾਊਸਿੰਗ ਮੰਤਰੀ ਸ਼ੌਨ ਫਰੇਜ਼ਰ ਨੇ ਕਿਹਾ ਕਿ ਖਰਾਬ ਮੌਸਮ ਦੌਰਾਨ ਟ੍ਰਾਂਜ਼ਿਟ ਨੂੰ ਸਹੀ ਤਰੀਕੇ ਨਾਲ ਚਲਾਉਣਾ ਬੇਹੱਦ ਲਾਜ਼ਮੀ ਹੋ ਜਾਂਦਾ ਹੈ। ਉਨ੍ਹਾਂ ਦਾ ਇਸ਼ਾਰਾ ਟੋਰਾਂਟੋ ਵਿਖੇ ਮੰਗਲਵਾਰ ਨੂੰ ਆਏ ਹੜ੍ਹਾਂ ਵੱਲ ਜਿਸ ਕਾਰਨ ਕਈ ਸੜਕਾਂ ਬੰਦ ਹੋਈਆਂ। ਟੋਰਾਂਟੋ ਵਿਖੇ 1941 ਤੋਂ ਬਾਅਦ ਪਹਿਲੀ ਵਾਰ ਇਕ ਦਿਨ ਵਿਚ ਐਨਾ ਮੀਂਹ ਪਿਆ। ਇਸੇ ਦੌਰਾਨ ਟੀ.ਟੀ.ਸੀ. ਦੇ ਵਰਤੋਂਕਾਰਾਂ ਦਾ ਕਹਿਣਾ ਸੀ ਕਿ ਆਰਥਿਕ ਸਹਾਇਤਾ ਤੁਰਤ ਮੁਹੱਈਆ ਹੋਣੀ ਚਾਹੀਦੀ ਹੈ ਤਾਂਕਿ ਸਮੱਸਿਆਵਾਂ ਦਾ ਵੀ ਜਲਦ ਤੋਂ ਜਲਦ ਨਿਪਟਾਰਾ ਹੋ ਸਕੇ। ਕੈਨੇਡੀਅਨ ਅਰਬਨ ਟ੍ਰਾਂਜ਼ਿਟ ਐਸੋਸੀਏਸ਼ਨ ਵੱਲੋਂ ਯੋਜਨਾ ਸ਼ੁਰੂ ਹੋਣ ਦਾ ਸਵਾਗਤ ਕੀਤਾ ਗਿਆ ਹੈ।