Surrey ਵਿਖੇ shooting ਮਗਰੋਂ 3 ਸਾਊਥ ਏਸ਼ੀਅਨ ਕਾਬੂ
ਕੈਨੇਡਾ ਦੀ ਧਰਤੀ ’ਤੇ ਅਤਿ ਮਚਾਉਣ ਵਾਲਿਆਂ ਦਾ ਅੰਤ ਵੀ ਆਖਰਕਾਰ ਨੇੜੇ ਆਉਂਦਾ ਨਜ਼ਰ ਆ ਰਿਹਾ ਹੈ ਅਤੇ ਇਕ-ਇਕ ਕਰ ਕੇ ਪੁਲਿਸ ਦੇ ਜਾਲ ਵਿਚ ਫ਼ਸਦੇ ਜਾ ਰਹੇ ਹਨ

By : Upjit Singh
ਸਰੀ : ਕੈਨੇਡਾ ਦੀ ਧਰਤੀ ’ਤੇ ਅਤਿ ਮਚਾਉਣ ਵਾਲਿਆਂ ਦਾ ਅੰਤ ਵੀ ਆਖਰਕਾਰ ਨੇੜੇ ਆਉਂਦਾ ਨਜ਼ਰ ਆ ਰਿਹਾ ਹੈ ਅਤੇ ਇਕ-ਇਕ ਕਰ ਕੇ ਪੁਲਿਸ ਦੇ ਜਾਲ ਵਿਚ ਫ਼ਸਦੇ ਜਾ ਰਹੇ ਹਨ। ਜੀ ਹਾਂ, ਸਰੀ ਵਿਖੇ ਪੰਜਾਬੀਆਂ ਦੇ ਘਰਾਂ ਜਾਂ ਕਾਰੋਬਾਰੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਤਿੰਨ ਜਣੇ ਐਤਵਾਰ ਸਵੇਰੇ ਪੁਲਿਸ ਨੇ ਕਾਬੂ ਕਰ ਲਏ। ਸਰੀ ਪੁਲਿਸ ਨੇ ਦੱਸਿਆ ਕਿ 1 ਫ਼ਰਵਰੀ ਨੂੰ ਸਵੇਰੇ ਤਕਰੀਬਨ ਪੌਣੇ ਚਾਰ ਵਜੇ ਲਾਅ ਐਨਫ਼ੋਰਸਮੇਂਟ ਅਫ਼ਸਰ ਕ੍ਰੈਸੈਂਟ ਰੋਡ ਅਤੇ 132 ਸਟ੍ਰੀਟ ਇਲਾਕੇ ਵਿਚ ਗਸ਼ਤ ਕਰ ਰਹੇ ਸਲ ਜਦੋਂ ਇਕ ਘਰ ਦੇ ਬਾਹਰ ਗੋਲੀਆਂ ਚੱਲਣ ਅਤੇ ਅੱਗ ਲੱਗਣ ਦੀ ਇਤਲਾਹ ਮਿਲੀ। ਪੁਲਿਸ ਅਫ਼ਸਰਾਂ ਨੇ ਤੁਰਤ ਹਰਕਤ ਵਿਚ ਆਉਂਦਿਆਂ ਰੇਂਜ ਰੋਵਰ ਗੱਡੀ ਲੱਭ ਲਈ ਜਿਸ ਵਿਚ ਸਵਾਰ ਸ਼ੱਕੀ ਪੈਦਲ ਹੀ ਫ਼ਰਾਰ ਹੋ ਗਏ। ਸ਼ੱਕੀਆਂ ਦੀ ਪੈੜ ਨੱਪਣ ਦੀ ਨਵੀਂ ਰਣਨੀਤੀ ਅਖ਼ਤਿਆਰ ਕਰਦਿਆਂ ਸਨਿਫ਼ਰ ਡੌਗਜ਼ ਲਿਆਂਦੇ ਗਏ ਅਤੇ ਡੈਲਟਾ ਪੁਲਿਸ ਨੂੰ ਮਦਦ ਵਾਸਤੇ ਸੱਦਿਆ ਗਿਆ।
ਜਬਰੀ ਵਸੂਲੀ ਦੇ ਮਾਮਲੇ ਵਿਚ ਪੁਲਿਸ ਨੂੰ ਵੱਡੀ ਸਫ਼ਲਤਾ
ਥੋੜ੍ਹੇ ਹੀ ਸਮੇਂ ਬਾਅਦ 140 ਸਟ੍ਰੀਟ ਅਤੇ 28 ਐਵੇਨਿਊ ਇਲਾਕੇ ਵਿਚ ਤਿੰਨ ਸ਼ੱਕੀ ਸਰੀ ਪੁਲਿਸ ਨੇ ਕਾਬੂ ਕਰ ਲਏ ਜੋ ਇਕ ਟੈਕਸੀ ਵਿਚ ਬੈਠ ਕੇ ਫ਼ਰਾਰ ਹੋਣ ਦਾ ਯਤਨ ਕਰ ਰਹੇ ਸਨ। ਸ਼ੱਕੀਆਂ ਦੀ ਪਛਾਣ ਫ਼ਿਲਹਾਲ ਜਨਤਕ ਨਹੀਂ ਕੀਤੀ ਗਈ ਪਰ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਤਿੰਨੋ ਸਾਊਥ ਏਸ਼ੀਅਨ ਮੂਲ ਦੇ ਦੱਸੇ ਜਾ ਰਹੇ ਹਨ। ਸ਼ੱਕੀਆਂ ਨਾਲ ਸਬੰਧਤ ਦੋ ਗੱਡੀਆਂ ਜ਼ਬਤ ਕਰਨ ਦਾ ਦਾਅਵਾ ਕੀਤਾ ਗਿਆ ਹੈ ਜਿਨ੍ਹਾਂ ਰਾਹੀਂ ਵੱਡਮੁਲੀ ਜਾਣਕਾਰੀ ਸਾਹਮਣੇ ਆ ਸਕਦੀ ਹੈ। ਦੂਜੇ ਪਾਸੇ ਗੋਲੀਬਾਰੀ ਦਾ ਨਿਸ਼ਾਨਾ ਬਣੇ ਘਰ ਦਾ ਨੁਕਸਾਨ ਹੋਇਆ ਹੈ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਸਰੀ ਫਾਇਰ ਸਰਵਿਸਿਜ਼ ਨੇ ਮੌਕੇ ’ਤੇ ਪੁੱਜ ਕੇ ਘਰ ਦੀ ਫ਼ੈਂਸ ਨੇੜੇ ਲੱਗੀ ਅੱਗ ਬੁਝਾ ਦਿਤੀ। ਸਰੀ ਪੁਲਿਸ ਦੇ ਮੇਜਰ ਕ੍ਰਾਈਮ ਸੈਕਸ਼ਨ ਨੇ ਮਾਮਲਾ ਆਪਣੇ ਹੱਥਾਂ ਵਿਚ ਲੈਂਦਿਆਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਗੋਲੀਬਾਰੀ ਅਤੇ ਅਗਜ਼ਨੀ ਦੇ ਇਸ ਮਾਮਲੇ ਨਾਲ ਸਬੰਧਤ ਕੋਈ ਜਾਣਕਾਰੀ ਹੋਵੇ ਤਾਂ ਜਾਂਚਕਰਤਾਵਾਂ ਨਾਲ ਸੰਪਰਕ ਕੀਤਾ ਜਾਵੇ।
ਘਰ ਨੂੰ ਅੱਗ ਲਾ ਕੇ ਸਾੜਨ ਦਾ ਕੀਤਾ ਸੀ ਯਤਨ
ਇਥੇ ਦਸਣਾ ਬਣਦਾ ਹੈ ਕਿ ਜਬਰੀ ਵਸੂਲੀ ਦੇ ਨਾਂ ’ਤੇ ਗੋਲੀਆਂ ਚਲਾਉਣ ਵਾਲਿਆਂ ਨੂੰ ਮੁਲਕ ਵਿਚੋਂ ਕੱਢਣ ਲਈ ਫ਼ੈਡਰਲ ਸਰਕਾਰ ਵੱਲੋਂ ਸਰੀ ਸ਼ਹਿਰ ਲਈ ਵਧੇਰੇ ਪੁਲਿਸ ਅਫ਼ਸਰਾਂ ਅਤੇ 2 ਹੈਲੀਕਾਪਟਰਾਂ ਦੀ ਤੈਨਾਤੀ ਦਾ ਐਲਾਨ ਕੀਤਾ ਗਿਆ ਹੈ। ਲੋਕ ਸੁਰੱਖਿਆ ਮੰਤਰੀ ਗੈਰੀ ਆਨੰਦਸੰਗਰੀ ਨੇ ਪੁਲਿਸ ਅਫ਼ਸਰਾਂ ਦੀ ਤੈਨਾਤੀ ਦਾ ਐਲਾਨ ਕਰਦਿਆਂ ਕਿਹਾ ਸੀ ਕਿ ਅਪਰਾਧਕ ਗਿਰੋਹਾਂ ਵਿਰੁੱਧ ਫੈਡਰਲ ਸਰਕਾਰ, ਸੂਬਾ ਸਰਕਾਰ ਅਤੇ ਸਥਾਨਕ ਸਰਕਾਰ ਨੂੰ ਤਾਲਮੇਲ ਅਧੀਨ ਕੰਮ ਕਰਨਾ ਹੋਵੇਗਾ। ਦੂਜੇ ਪਾਸੇ ਬੀ.ਸੀ. ਐਕਸਟੌਰਸ਼ਨ ਟਾਸਕ ਫ਼ੋਰਸ ਵੱਲੋਂ ਮਾਮਲਿਆਂ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੀ ਮਦਦ ਨਾਲ ਗੋਲੀਆਂ ਚਲਾਉਣ ਵਾਲੇ ਡਿਪੋਰਟ ਕੀਤੇ ਜਾ ਰਹੇ ਹਨ।


