Canada-America ’ਚ 3 ਪੰਜਾਬੀਆਂ ਨਾਲ ਅਣਹੋਣੀ
ਅਮਰੀਕਾ ਅਤੇ ਕੈਨੇਡਾ ਵਿਚ ਪੰਜਾਬੀ ਨੌਜਵਾਨਾਂ ਨਾਲ ਅਣਹੋਣੀ ਦੇ ਤਿੰਨ ਹੋਰ ਮਾਮਲਿਆਂ ਦੌਰਾਨ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਜ਼ੀਰਾ ਕਸਬੇ ਨਾਲ ਸਬੰਧਤ ਅਨਮੋਲ ਵਰਮਾ ਅਚਨਚੇਤ ਦਮ ਤੋੜ ਗਿਆ

By : Upjit Singh
ਸਰੀ : ਅਮਰੀਕਾ ਅਤੇ ਕੈਨੇਡਾ ਵਿਚ ਪੰਜਾਬੀ ਨੌਜਵਾਨਾਂ ਨਾਲ ਅਣਹੋਣੀ ਦੇ ਤਿੰਨ ਹੋਰ ਮਾਮਲਿਆਂ ਦੌਰਾਨ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਜ਼ੀਰਾ ਕਸਬੇ ਨਾਲ ਸਬੰਧਤ ਅਨਮੋਲ ਵਰਮਾ ਅਚਨਚੇਤ ਦਮ ਤੋੜ ਗਿਆ ਜਦਕਿ ਹਰਸ਼ਦੀਪ ਸਿੰਘ ਦੀ ਲਾਸ਼ ਤਿੰਨ ਦਿਨ ਬਾਅਦ ਉਸ ਦੀ ਬੇਸਮੈਂਟ ਵਿਚੋਂ ਬਰਾਮਦ ਕੀਤੀ ਗਈ। ਦੂਜੇ ਪਾਸੇ ਅਮਰੀਕਾ ਦੇ ਕੋਲੋਰਾਡੋ ਸੂਬੇ ਵਿਚ 31 ਸਾਲ ਦਾ ਅਜੇ ਕੁਮਾਰ ਅਣਕਿਆਸੇ ਹਾਲਾਤ ਵਿਚ ਸਦੀਵੀ ਵਿਛੋੜਾ ਦੇ ਗਿਆ। ਸਰੀ ਦੇ ਨਵਦੀਪ ਵਰਮਾ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਅਨਮੋਲ ਵਰਮਾ ਚਾਰ ਸਾਲ ਪਹਿਲਾਂ ਸਟੱਡੀ ਵੀਜ਼ਾ ’ਤੇ ਕੈਨੇਡਾ ਪੁੱਜਾ ਅਤੇ ਪੜ੍ਹਾਈ ਮੁਕੰਮਲ ਹੋਣ ਮਗਰੋਂ ਪੀ.ਆਰ. ਹਾਸਲ ਕਰਨ ਦੇ ਯਤਨ ਆਰੰਭ ਦਿਤੇ ਪਰ ਪਿਛਲੇ ਦਿਨੀਂ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਅਨਮੋਲ ਵਰਮਾ ਦੀ ਦੇਹ ਪੰਜਾਬ ਭੇਜਣ ਲਈ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ।
ਜ਼ੀਰਾ ਦੇ ਅਨਮੋਲ ਵਰਮਾ ਨੇ ਸਰੀ ਵਿਖੇ ਦਮ ਤੋੜਿਆ
ਹਰਸ਼ਦੀਪ ਸਿੰਘ ਨੇ ਵੀ ਸਰੀ ਵਿਖੇ ਅੰਤਮ ਸਾਹ ਲਏ ਜਿਸ ਦੇ ਮਾਪੇ ਲਗਾਤਾਰ ਫੋਨ ਕਰਦੇ ਰਹੇ ਅਤੇ ਕੋਈ ਹੁੰਗਾਰਾ ਨਾ ਮਿਲਣ ਮਗਰੋਂ ਕਿਸੇ ਜਾਣਕਾਰ ਨੂੰ ਹਰਸ਼ਦੀਪ ਦੀ ਬੇਸਮੈਂਟ ਵੱਲ ਭੇਜਿਆ। ਦਰਵਾਜ਼ਾ ਲੌਕ ਹੋਣ ਕਰ ਕੇ ਪੁਲਿਸ ਨੂੰ ਸੱਦਿਆ ਗਿਆ ਅਤੇ ਜਦੋਂ ਪੁਲਿਸ ਅਫ਼ਸਰ ਬੇਸਮੈਂਟ ਵਿਚ ਦਾਖਲ ਹੋਏ ਤਾਂ ਹਰਸ਼ਦੀਪ ਸਿੰਘ ਦੇ ਸਾਹ ਨਿਕਲ ਚੁੱਕੇ ਸਨ। ਹਰਸ਼ਦੀਪ ਦੇ ਮਾਪੇ ਉਤਰ ਪ੍ਰਦੇਸ਼ ਸੂਬੇ ਵਿਚ ਰਹਿੰਦੇ ਹਨ ਅਤੇ ਪ੍ਰਭਜੀਤ ਕੌਰ ਵੱਲੋਂ ਉਸ ਦੀ ਦੇਹ ਇੰਡੀਆ ਭੇਜਣ ਲਈ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ।
ਹਰਸ਼ਦੀਪ ਸਿੰਘ ਦੀ ਦੇਹ ਤਿੰਨ ਦਿਨ ਬਾਅਦ ਬੇਸਮੈਂਟ ਵਿਚੋਂ ਕੱਢੀ
ਅਮਰੀਕਾ ਦੇ ਫੈਡਰਲ ਹਾਈਟਸ ਸ਼ਹਿਰ ਵਿਚ ਅਮਨਦੀਪ ਸਿੰਘ ਮੁਤਾਬਕ ਅਜੇ ਕੁਮਾਰ ਬੇਹੱਦ ਹਸਮੁਖ ਅਤੇ ਮਿਹਨਤੀ ਇਨਸਾਨ ਸੀ ਜੋ ਪਰਵਾਰ ਨੂੰ ਰੋਂਦਾ ਕੁਰਲਾਉਂਦਾ ਛੱਡ ਕੇ ਸਦਾ ਵਾਸਤੇ ਚਲਾ ਗਿਆ। ਅਜੇ ਦੇ ਮਾਪੇ ਆਖਰੀ ਵਾਰ ਉਸ ਦੇ ਚਿਹਰਾ ਦੇਖਣਾ ਚਾਹੁੰਦੇ ਹਨ ਜਿਸ ਦੇ ਮੱਦੇਨਜ਼ਰ ਆਰਥਿਕ ਮਦਦ ਮੰਗੀ ਗਈ ਹੈ। ਉਧਰ ਐਲਬਰਟਾ ਵਿਚ ਕਤਲ ਕੀਤੇ ਬੀਰਇੰਦਰ ਸਿੰਘ ਦੇ ਦੋਸਤਾਂ ਦਾ ਕਹਿਣਾ ਹੈ ਕਿ ਕੈਨੇਡਾ ਹੁਣ ਪੰਜਾਬੀਆਂ ਵਾਸਤੇ ਸੁਰੱਖਿਅਤ ਨਹੀਂ ਰਹਿ ਗਿਆ। ਸੀ.ਬੀ.ਸੀ. ਨਿਊਜ਼ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਘਰੋਂ ਨਿਕਲਣ ਮਗਰੋਂ ਹਰ ਵੇਲੇ ਅੱਖ ਕਾਰ ਦੇ ਰੀਅਰ ਵਿਊ ਮਿਰਰਜ਼ ’ਤੇ ਹੁੰਦੀ ਹੈ। ਪੰਜਾਬ ਵਿਚ ਸੁਣਦੇ ਸੀ ਕਿ ਕੈਨੇਡਾ ਬਹੁਤ ਸੁਰੱਖਿਅਤ ਹੈ ਪਰ ਅਜੋਕੇ ਹਾਲਾਤ ਹਰ ਨੌਜਵਾਨ ਅੰਦਰ ਖ਼ੌਫ਼ ਪੈਦਾ ਕਰ ਰਹੇ ਹਨ।


