ਕੈਨੇਡਾ ਵਿਚ 3 ਪੰਜਾਬੀਆਂ ’ਤੇ ਲੱਗੇ ਅਗਵਾ ਦੇ ਦੋਸ਼
ਕੈਨੇਡਾ ਵਿਚ ਪਸਤੌਲ ਦੀ ਨੋਕ ’ਤੇ ਅਗਵਾ ਕਰਨ ਦੇ ਮਾਮਲੇ ਵਿਚ ਪੁਲਿਸ ਵੱਲੋਂ ਤਿੰਨ ਪੰਜਾਬੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ

By : Upjit Singh
ਬਰੈਂਪਟਨ : ਕੈਨੇਡਾ ਵਿਚ ਪਸਤੌਲ ਦੀ ਨੋਕ ’ਤੇ ਅਗਵਾ ਕਰਨ ਦੇ ਮਾਮਲੇ ਵਿਚ ਪੁਲਿਸ ਵੱਲੋਂ ਤਿੰਨ ਪੰਜਾਬੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਉਨਟਾਰੀਓ ਦੇ ਪੀਲ ਰੀਜਨ ਦੀ ਪੁਲਿਸ ਨੇ ਦੱਸਿਆ ਕਿ 6 ਨਵੰਬਰ ਨੂੰ ਇਕ ਸ਼ਖਸ ਆਪਣੇ ਨਜ਼ਦੀਕੀ ਦੋਸਤ ਦੇ ਅਗਵਾ ਹੋਣ ਦੀ ਸ਼ਿਕਾਇਤ ਲੈ ਕੇ ਪੁੱਜਾ। ਸ਼ਿਕਾਇਤਕਰਤਾ ਨੇ ਦੱਸਿਆ ਕਿ ਅਗਵਾਕਾਰਾਂ ਨੇ ਉਸ ਦੇ ਦੋਸਤ ਦੀ ਰਿਹਾਈ ਵਾਸਤੇ 2 ਲੱਖ ਡਾਲਰ ਦੀ ਫ਼ਿਰੌਤੀ ਮੰਗੀ ਅਤੇ ਰਕਮ ਨਾ ਦੇਣ ਦੀ ਸੂਰਤ ਵਿਚ ਜਾਨ ਜੋਖਮ ਵਿਚ ਪੈਣ ਦਾ ਡਰਾਵਾ ਵੀ ਦਿਤਾ। ਪੁਲਿਸ ਨੇ ਤੁਰਤ ਕਾਰਵਾਈ ਕਰਦਿਆਂ ਅਗਵਾਕਾਰਾਂ ਦੀ ਭਾਲ ਆਰੰਭ ਦਿਤੀ ਅਤੇ ਜਲਦ ਹੀ ਅਗਵਾ ਹੋਏ ਸ਼ਖਸ ਨੂੰ ਸੁਰੱਖਿਅਤ ਲੱਭ ਲਿਆ। ਪੁਲਿਸ ਨੇ ਮੌਕਾ ਏ ਵਾਰਦਾਤ ਤੋਂ 45 ਬੋਰ ਦੀ ਪਸਤੌਲ ਬਰਾਮਦ ਕਰਦਿਆਂ ਇਕ ਸ਼ੱਕੀ ਨੂੰ ਹਿਰਾਸਤ ਵਿਚ ਲਿਆ ਅਤੇ ਪੜਤਾਲ ਅੱਗੇ ਵਧਾ ਦਿਤੀ।
ਪੀੜਤ ਦੇ ਦੋਸਤ ਤੋਂ ਮੰਗੀ 2 ਲੱਖ ਡਾਲਰ ਦੀ ਫ਼ਿਰੌਤੀ
ਬੀਤੀ 13 ਫ਼ਰਵਰੀ ਨੂੰ ਬਰੈਂਪਟਨ ਵਿਖੇ ਤਲਾਸ਼ੀ ਵਾਰੰਟਾਂ ਦੀ ਤਾਮੀਲ ਕਰਦਿਆਂ ਇਕ ਭਰੀ ਹੋਈ ਪਸਤੌਲ ਅਤੇ ਇਕ ਖਾਲੀ ਰਾਈਫ਼ਲ ਮੈਗਜ਼ੀਨ ਬਰਾਮਦ ਕੀਤੇ ਗਏ। 22 ਡਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਜਾਂਚਕਰਤਾਵਾਂ ਨੇ ਦੱਸਿਆ ਕਿ ਬਰੈਂਪਟਨ ਦੇ 27 ਸਾਲਾ ਹਰਕੀਰਤ ਸਿੰਘ ਵਿਰੁੱਧ ਹਥਿਆਰ ਦੀ ਵਰਤੋਂ ਕਰਦਿਆਂ ਅਗਵਾ ਕਰਨ, ਨਾਜਾਇਜ਼ ਹਥਿਆਰ ਰੱਖਣ, ਹਥਿਆਰ ਦੀ ਮੌਜੂਦਗੀ ਵਾਲੀ ਗੱਡੀ ਵਿਚ ਸਵਾਰ ਹੋਣ ਅਤੇ ਭਰੀ ਹੋਈ ਪਾਬੰਦੀਸ਼ੁਦਾ ਪਸਤੌਲ ਰੱਖਣਦੇ ਦੋਸ਼ ਆਇਦ ਕੀਤੇ ਗਏ ਹਨ। ਇਸੇ ਤਰ੍ਹਾਂ ਬਰੈਂਪਟਨ ਦੇ 27 ਸਾਲਾ ਅੰਮ੍ਰਿਤਪਾਲ ਸਿੰਘ ਅਤੇ ਬਗੈਰ ਕਿਸੇ ਪਤੇ ਟਿਕਾਣੇ ਵਾਲੇ 28 ਸਾਲਾ ਹਸਨਪ੍ਰੀਤ ਸਿੰਘ ਵਿਰੁੱਧ ਵੀ ਇਹੋ ਦੋਸ਼ ਲੱਗੇ ਹਨ।
ਹਰਕੀਰਤ ਸਿੰਘ, ਅੰਮ੍ਰਿਤਪਾਲ ਸਿੰਘ ਅਤੇ ਹਸਨਪ੍ਰੀਤ ਗ੍ਰਿਫ਼ਤਾਰ
ਪੀਲ ਰੀਜਨਲ ਪੁਲਿਸ ਦੇ ਡਿਪਟੀ ਚੀਫ਼ ਮਾਰਕ ਐਂਡਰਿਊਜ਼ ਨੇ ਦੱਸਿਆ ਕਿ ਅਗਵਾ ਦੇ ਮਾਮਲੇ ਨਾਲ ਸਬੰਧਤ ਇਹ ਪੜਤਾਲ ਦਰਸਾਉਂਦੀ ਹੈ ਕਿ ਮਹਿਕਮੇ ਦੇ ਅਫ਼ਸਰ ਤਾਲਮੇਲ ਅਤੇ ਸਮਰਪਣ ਭਾਵਨਾ ਨਾਲ ਕੰਮ ਕਰ ਰਹੇ ਹਨ ਜਿਨ੍ਹਾਂ ਦਾ ਮੁੱਖ ਮਕਸਦ ਸਾਡੇ ਸ਼ਹਿਰ ਦੀਆਂ ਗਲੀਆਂ ਵਿਚੋਂ ਨਾਜਾਇਜ਼ ਹਥਿਆਰਾਂ ਨੂੰ ਹਟਾਉਣਾ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਵਾਰਦਾਤ ਨਾਲ ਸਬੰਧਤ ਕੋਈ ਜਾਣਕਾਰੀ ਹੋਵੇ ਤਾਂ ਜਾਂਚਕਰਤਾਵਾਂ ਨਾਲ 905 453 2121 ਐਕਸਟੈਨਸ਼ਨ 2133 ’ਤੇ ਸੰਪਰਕ ਕੀਤਾ ਜਾਵੇ। ਗੁਪਰਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਪੀਲ ਕ੍ਰਾਈਮ ਸਟੌਪਰਜ਼ ਨੂੰ 1800 222 ਟਿਪਸ 8477 ’ਤੇ ਕਾਲ ਕੀਤੀ ਜਾ ਸਕਦੀ ਹੈ।


