ਬਰੈਂਪਟਨ ਦੇ ਘਰ ਵਿਚ ਬੰਦੀ ਬਣਾਏ 3 ਜਣੇ
ਬਰੈਂਪਟਨ ਦੇ ਇਕ ਮਕਾਨ ਵਿਚ ਤਿੰਨ ਜਣਿਆਂ ਨੂੰ ਬੰਦੀ ਬਣਾ ਕੇ ਰੱਖਣ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਪੀਲ ਰੀਜਨਲ ਪੁਲਿਸ ਵੱਲੋਂ 10 ਸ਼ੱਕੀਆਂ ਵਿਰੁੱਧ ਦੋਸ਼ ਆਇਦ ਕੀਤੇ ਗਏ ਹਨ।
By : Upjit Singh
ਬਰੈਂਪਟਨ : ਬਰੈਂਪਟਨ ਦੇ ਇਕ ਮਕਾਨ ਵਿਚ ਤਿੰਨ ਜਣਿਆਂ ਨੂੰ ਬੰਦੀ ਬਣਾ ਕੇ ਰੱਖਣ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਪੀਲ ਰੀਜਨਲ ਪੁਲਿਸ ਵੱਲੋਂ 10 ਸ਼ੱਕੀਆਂ ਵਿਰੁੱਧ ਦੋਸ਼ ਆਇਦ ਕੀਤੇ ਗਏ ਹਨ। ਸ਼ੱਕੀਆਂ ਨੂੰ ਬਰੈਂਪਟਨ ਦੀ ਉਨਟਾਰੀਓ ਕੋਰਟ ਆਫ਼ ਜਸਟਿਸ ਵਿਚ ਜ਼ਮਾਨਤ ’ਤੇ ਸੁਣਵਾਈ ਹੋਣ ਤੱਕ ਰਿਹਾਸਤ ਵਿਚ ਰੱਖਿਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਅਗਵਾ ਦੇ ਮਾਮਲਾ ਦੀ ਪੜਤਾਲ ਕਰਨ ਸੈਂਡਲਵੁੱਡ ਪਾਰਕਵੇਅ ਅਤੇ ਮੇਅਫੀਲਡ ਰੋਡ ਦਰਮਿਆਨ ਕੈਨੇਡੀ ਰੋਡ ਨੌਰਥ ਅਤੇ ਕੰਜ਼ਰਵੇਸ਼ਨ ਡਰਾਈਵ ਦੇ ਇਕ ਘਰ ਵਿਚ ਪੁੱਜੇ ਅਫ਼ਸਰਾਂ ਨੂੰ ਤਿੰਨ ਪੀੜਤ ਮਿਲੇ ਜਿਨ੍ਹਾਂ ਨੂੰ ਆਜ਼ਾਦ ਕਰਵਾਉਂਦਿਆਂ ਸੁਰੱਖਿਅਤ ਟਿਕਾਣੇ ’ਤੇ ਪਹੁੰਚਾਇਆ ਗਿਆ।
ਪੀਲ ਰੀਜਨਲ ਪੁਲਿਸ ਵੱਲੋਂ 10 ਸ਼ੱਕੀਆਂ ਵਿਰੁੱਧ ਦੋਸ਼ ਆਇਦ
ਇਸ ਮਗਰੋਂ ਤਲਾਸ਼ੀ ਵਾਰੰਟਾਂ ਦੀ ਤਾਮੀਲ ਕਰਦਿਆਂ ਇਕ ਗਲੌਕ 17 ਜੈਨ 5 ਹੈਂਡਗੰਨ ਅਤੇ ਇਕ ਭਰੀ ਹੋਈ ਰੂਗਰ ਸਕਿਉਰਿਟੀ 9 ਹੈਂਡਗੰਨ ਸਣੇ ਗੋਲੀਆਂ ਬਰਾਮਦ ਕੀਤੀਆਂ ਗਈਆਂ। ਛਾਪੇ ਵੇਲੇ ਘਰ ਦੇ ਅੰਦਰ 10 ਜਣੇ ਮੌਜੂਦ ਸਨ ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰਦਿਆਂ ਕਿਡਨੈਪਿੰਗ, ਜ਼ਬਰਦਸਤੀ ਬੰਦ ਕਰ ਕੇ ਰੱਖਣ, ਸਰੀਰਕ ਨੁਕਸਾਨ ਪਹੁੰਚਾਉਂਦਾ ਹਮਲਾ ਕਰਨ ਅਤੇ ਹਥਿਆਰਾਂ ਨਾਲ ਸਬੰਧਤ ਦੋਸ਼ ਆਇਦ ਕੀਤੇ ਗਏ। ਪੀਲ ਰੀਜਨਲ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਮਾਮਲੇ ਨਾਲ ਸਬੰਧਤ ਕੋਈ ਜਾਣਕਾਰੀ ਹੋਵੇ ਤਾਂ 22 ਡਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਨਾਲ 905 453 2121 ਐਕਸਟੈਨਸ਼ਨ 2233 ’ਤੇ ਸੰਪਰਕ ਕੀਤਾ ਜਾਵੇ। ਇਥੇ ਦਸਣਾ ਬਣਦਾ ਹੈ ਕਿ ਅਗਵਾ ਦੇ ਮਕਸਦ ਬਾਰੇ ਫ਼ਿਲਹਾਲ ਪਤਾ ਨਹੀਂ ਲੱਗ ਸਕਿਆ ਅਤੇ ਸ਼ੱਕੀਆਂ ਦੀ ਸ਼ਨਾਖਤ ਜਨਤਕ ਨਹੀਂ ਕੀਤੀ ਗਈ।