ਕੈਨੇਡਾ ਵਿਚ 3 ਭਾਰਤੀਆਂ ਦੀ ਮੌਤ
ਕੈਨੇਡਾ ਦੇ ਬੀ.ਸੀ. ਵਿਚ ਹੌਲਨਾਕ ਹਾਦਸੇ ਦੌਰਾਨ ਇਕ ਪੰਜਾਬੀ ਨੌਜਵਾਨ ਅਤੇ ਗੁਜਰਾਤ ਨਾਲ ਸਬੰਧਤ ਮੁਟਿਆਰ ਸਣੇ ਤਿੰਨ ਜਣਿਆਂ ਦੀ ਮੌਤ ਹੋ ਗਈ ਜਦਕਿ ਇਕ ਹੋਰ ਗੰਭੀਰ ਜ਼ਖਮੀ ਹੋ ਗਿਆ।

ਸਰੀ : ਕੈਨੇਡਾ ਦੇ ਬੀ.ਸੀ. ਵਿਚ ਹੌਲਨਾਕ ਹਾਦਸੇ ਦੌਰਾਨ ਇਕ ਪੰਜਾਬੀ ਨੌਜਵਾਨ ਅਤੇ ਗੁਜਰਾਤ ਨਾਲ ਸਬੰਧਤ ਮੁਟਿਆਰ ਸਣੇ ਤਿੰਨ ਜਣਿਆਂ ਦੀ ਮੌਤ ਹੋ ਗਈ ਜਦਕਿ ਇਕ ਹੋਰ ਗੰਭੀਰ ਜ਼ਖਮੀ ਹੋ ਗਿਆ। ਪੰਜਾਬੀ ਨੌਜਵਾਨ ਦੀ ਸ਼ਨਾਖਤ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਚਵਿੰਡਾ ਕਲਾਂ ਨਾਲ ਸਬੰਧਤ 22 ਸਾਲ ਦੇ ਦੀਦਾਰਜੀਤ ਸਿੰਘ ਵਜੋਂ ਕੀਤੀ ਗਈ ਹੈ ਜੋ 2 ਸਾਲ ਪਹਿਲਾਂ ਸਟੱਡੀ ਵੀਜ਼ਾ ’ਤੇ ਕੈਨੇਡਾ ਪੁੱਜਾ ਸੀ। ਦੋ ਭੈਣਾਂ ਦੇ ਇਕਲੌਤੇ ਭਰਾ ਦੀਦਾਰਜੀਤ ਸਿੰਘ ਦੇ ਪਿਤਾ ਹੀਰਾ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਪੜ੍ਹਾਈ ਖ਼ਤਮ ਹੋਣ ਮਗਰੋਂ ਉਨ੍ਹਾਂ ਦੇ ਬੇਟੇ ਨੂੰ ਵਰਕ ਪਰਮਿਟ ਮਿਲ ਗਿਆ ਅਤੇ ਉਹ ਕੰਮ ’ਤੇ ਜਾ ਰਿਹਾ ਸੀ ਜਦੋਂ ਹਾਦਸਾ ਵਾਪਰਿਆ।
ਅੰਮ੍ਰਿਤਸਰ ਦੇ ਦੀਦਾਰਜੀਤ ਸਿੰਘ ਵਜੋਂ ਸ਼ਨਾਖਤ
ਉਧਰ ਸਰੀ ਪੁਲਿਸ ਨੇ ਦੱਸਿਆ ਕਿ ਨਿਊ ਵੈਸਟਮਿੰਸਟਰ ਅਤੇ ਸਰੀ ਦਰਮਿਆਨ ਪਟੂਲੋ ਬ੍ਰਿਜ ’ਤੇ ਦੋ ਕਾਰਾਂ ਅਤੇ ਇਕ ਸੈਮੀ ਟਰੱਕ ਵਿਚਾਲੇ ਹੋਈ ਟੱਕਰ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਪਰ ਹੱਦ ਤੋਂ ਜ਼ਿਆਦਾ ਰਫ਼ਤਾਰ ਹਾਦਸੇ ਦਾ ਕਾਰਨ ਹੋ ਸਕਦੀ ਹੈ। ਪੁਲਿਸ ਮੁਤਾਬਕ 19 ਅਤੇ 20 ਸਾਲ ਦੇ ਤਿੰਨ ਸਾਊਥ ਏਸ਼ੀਅਨ ਦਮ ਤੋੜ ਗਏ ਜਦਕਿ ਚੌਥੇ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ। ਚਾਰੇ ਜਣੇ ਇਕੋ ਕਾਰ ਵਿਚ ਸਵਾਰ ਸਨ ਜਦਕਿ ਦੂਜੀ ਕਾਰ ਵਿਚ ਸਵਾਰ ਮੁਸਾਫ਼ਰਾਂ ਜਾਂ ਸੈਮੀ-ਟ੍ਰੇਨਰ ਟਰੱਕ ਦੇ ਡਰਾਈਵਰ ਨੂੰ ਕੋਈ ਸੱਟ-ਫੇਟ ਵੱਜਣ ਦੀ ਰਿਪੋਰਟ ਨਹੀਂ ਹੈ। ਬੀ.ਸੀ. ਹੈਲਥ ਸਰਵਿਸਿਜ਼ ਨੇ ਦੱਸਿਆ ਕਿ ਹਾਦਸੇ ਮਗਰੋਂ ਛੇ ਐਂਬੂਲੈਂਸਾਂ ਮੌਕੇ ’ਤੇ ਪੁੱਜੀਆਂ ਅਤੇ ਚਾਰ ਜਣਿਆਂ ਨੂੰ ਮੈਡੀਕਲ ਸਹਾਇਤਾ ਮੁਹੱਈਆ ਕਰਵਾਈ ਗਈ ਪਰ ਤਿੰਨ ਜਣਿਆਂ ਨੇ ਮੌਕੇ ’ਤੇ ਹੀ ਦਮ ਤੋੜ ਦਿਤਾ। ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਜੇ ਕਿਸੇ ਕੋਲ ਹਾਦਸੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਜਾਂਚਕਰਤਾਵਾਂ ਨਾਲ 604 599 0502 ’ਤੇ ਕਾਲ ਕਰੇ ਅਤੇ ਫਾਈਲ 2025-12779 ਦਾ ਜ਼ਿਕਰ ਕੀਤਾ ਜਾਵੇ।
ਗੁਜਰਾਤੀ ਮੁਟਿਆਰ ਅਤੇ ਮਹਾਰਾਸ਼ਟਰ ਦੇ ਨੌਜਵਾਨ ਨੇ ਵੀ ਦਮ ਤੋੜਿਆ
ਇਸੇ ਦੌਰਾਨ ਪੀੜਤ ਪਰਵਾਰ ਵੱਲੋਂ ਪੀੜਤ ਪਰਵਾਰ ਵੱਲੋਂ ਪੰਜਾਬ ਦੇ ਐਨ.ਆਰ.ਆਈ. ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਅਪੀਲ ਕੀਤੀ ਗਈ ਹੈ ਕਿ ਦੀਦਾਰਜੀਤ ਸਿੰਘ ਦੀ ਦੇਹ ਭਾਰਤ ਲਿਆਉਣ ਵਿਚ ਮਦਦ ਕੀਤੀ ਜਾਵੇ। ਇਥੇ ਦਸਣਾ ਬਣਦਾ ਹੈ ਕਿ ਪਿਛਲੇ ਸਾਲ ਹੀ ਦੀਦਾਰਜੀਤ ਸਿੰਘ ਦੀ ਮਾਤਾ ਅਕਾਲ ਚਲਾਣਾ ਕਰ ਗਏ ਅਤੇ ਪਰਵਾਰ ਸਦਮੇ ਵਿਚੋਂ ਬਾਹਰ ਨਹੀਂ ਸੀ ਆ ਸਕਿਆ ਕਿ ਇਕ ਹੋਰ ਭਾਣਾ ਵਰਤ ਗਿਆ। ਦੂਜੇ ਪਾਸੇ ਬਰੈਂਪਟਨ ਦੇ ਗੁਰਜੋਤ ਸਿੰਘ ਵੱਲੋਂ ਗੋਫੰਡਮੀ ਪੇਜ ਸਥਾਪਤ ਕਰਦਿਆਂ ਦੀਦਾਰਜੀਤ ਸਿੰਘ ਦੇ ਦੇਹ ਪੰਜਾਬ ਭੇਜਣ ਲਈ ਮਦਦ ਦੀ ਅਪੀਲ ਕੀਤੀ ਗਈ ਹੈ।