ਅਮਰੀਕਾ-ਕੈਨੇਡਾ ’ਚ 3 ਭਾਰਤੀਆਂ ਨਾਲ ਅਣਹੋਣੀ
ਅਮਰੀਕਾ ਅਤੇ ਕੈਨੇਡਾ ਵਿਚ ਵਾਪਰੇ ਦਰਦਨਾਕ ਸੜਕ ਹਾਦਸਿਆਂ ਦੌਰਾਨ 2 ਭਾਰਤੀਆਂ ਦੀ ਮੌਤ ਹੋ ਗਈ ਜਦਕਿ ਇਕ ਲਾਇਲਾਜ ਬਿਮਾਰੀ ਕਾਰਨ ਦਮ ਤੋੜ ਗਿਆ।

ਮਿਸੀਸਿਪੀ : ਅਮਰੀਕਾ ਅਤੇ ਕੈਨੇਡਾ ਵਿਚ ਵਾਪਰੇ ਦਰਦਨਾਕ ਸੜਕ ਹਾਦਸਿਆਂ ਦੌਰਾਨ 2 ਭਾਰਤੀਆਂ ਦੀ ਮੌਤ ਹੋ ਗਈ ਜਦਕਿ ਇਕ ਲਾਇਲਾਜ ਬਿਮਾਰੀ ਕਾਰਨ ਦਮ ਤੋੜ ਗਿਆ। ਮਿਸੀਸਿਪੀ ਦੇ ਜੈਕਸਨ ਸ਼ਹਿਰ ਵਿਚ 35 ਸਾਲ ਦਾ ਪ੍ਰਭਜੋਤ ਸਿੰਘ ਕੰਮ ਖਤਮ ਕਰ ਕੇ ਘਰ ਜਾ ਰਿਹਾ ਸੀ ਜਦੋਂ ਰਾਹ ਵਿਚ ਭਾਣਾ ਵਰਤ ਗਿਆ। ਆਪਣੇ ਸੁਨਹਿਰੀ ਭਵਿੱਖ ਅਤੇ ਪਰਵਾਰ ਦੀਆਂ ਆਰਥਿਕ ਔਕੜਾਂ ਦੂਰ ਕਰਨ ਦੇ ਇਰਾਦੇ ਨਾਲ ਪ੍ਰਭਜੋਤ ਸਿੰਘ ਨੂੰ ਅਮਰੀਕਾ ਆਇਆਂ ਇਕ ਸਾਲ ਵੀ ਪੂਰਾ ਨਹੀਂ ਸੀ ਹੋਇਆ ਕਿ ਸਭ ਕੁਝ ਖੇਰੂੰ ਖੇਰੂੰ ਹੋ ਚੁੱਕਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ 28 ਫਰਵਰੀ ਨੂੰ ਸੜਕ ਹਾਦਸੇ ਦੌਰਾਨ ਗੰਭੀਰ ਜ਼ਖਮੀ ਪ੍ਰਭਜੋਤ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਨੇ ਕਈ ਦਿਨ ਕੋਮਾ ਵਿਚ ਰਹਿਣ ਮਗਰੋਂ 7 ਮਾਰਚ ਨੂੰ ਆਖਰੀ ਸਾਹ ਲਏ।
ਪ੍ਰਭਜੋਤ ਸਿੰਘ ਨੇ ਮਿਸੀਸਿਪੀ ਵਿਚ ਤੋੜਿਆ ਦਮ
ਪ੍ਰਭਜੋਤ ਦਾ ਕੋਈ ਪਰਵਾਰਕ ਮੈਂਬਰ ਜਾਂ ਰਿਸ਼ਤੇਤਾਰ ਅਮਰੀਕਾ ਵਿਚ ਨਹੀਂ ਅਤੇ ਜੈਕਸਨ ਸ਼ਹਿਰ ਦੇ ਗੁਰਦਵਾਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਪ੍ਰਭਜੋਤ ਸਿੰਘ ਦੇ ਅੰਤਮ ਸਸਕਾਰ ਅਤੇ ਉਸ ਦੇ ਪਰਵਾਰ ਦੀ ਆਰਥਿਕ ਸਹਾਇਤਾ ਲਈ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ। ਦੂਜੇ ਪਾਸੇ ਸਰੀ ਦੇ ਗੁਰਦਿਆਲ ਸਿੰਘ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਹੀ ਪਰਵਾਰ ਸਣੇ ਭਾਰਤ ਤੋਂ ਕੈਨੇਡਾ ਪੁੱਜਾ ਦਿਨੇਸ਼ ਕੁਮਾਰ ਸਦੀਵੀ ਵਿਛੋੜਾ ਦੇ ਗਿਆ। ਦਿਨੇਸ਼ ਕੁਮਾਰ ਦੀ ਪਤਨੀ ਕੋਲ ਐਨੇ ਆਰਥਿਕ ਸਰੋਤ ਮੌਜੂਦ ਨਹੀਂ ਕਿ ਪਤੀ ਦਾ ਅੰਤਮ ਸਸਕਾਰ ਕਰ ਸਕੇ। ਗੁਰਦਿਆਲ ਸਿੰਘ ਵੱਲੋਂ ਦਿਨੇਸ਼ ਕੁਮਾਰ ਦੀਆਂ ਅੰਤਮ ਰਸਮਾਂ ਲਈ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ।
ਦਿਨੇਸ਼ ਕੁਮਾਰ ਨੇ ਬੀ.ਸੀ. ਵਿਚ ਲਏ ਆਖਰੀ ਸਾਹ
ਇਸੇ ਦੌਰਾਨ 2 ਸਾਲ ਪਹਿਲਾਂ ਅਮਰੀਕਾ ਪੁੱਜੇ ਵਿਨੋਦ ਦਾ ਸਫ਼ਰ ਵੀ ਔਕੜਾਂ ਭਰਿਆ ਸਾਬਤ ਹੋਇਆ। ਅਮਰੀਕਾ ਦੀ ਧਰਤੀ ’ਤੇ ਕਦਮ ਰੱਖਣ ਤੋਂ 6 ਮਹੀਨੇ ਬਾਅਦ ਹੀ ਵਿਨੋਦ ਨੂੰ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨੇ ਘੇਰ ਲਿਆ। ਕੈਲੇਫੋਰਨੀਆ ਦੇ ਬੇਕਰਜ਼ਫੀਲਡ ਵਿਚ ਵਸਦੇ ਭਾਈਚਾਰੇ ਦੇ ਮੈਂਬਰਾਂ ਵੱਲੋਂ ਵਿਨੋਦ ਨੂੰ ਭਾਰਤ ਭੇਜਣ ਦੇ ਯਤਨ ਕੀਤੇ ਗਏ ਪਰ ਉਸ ਕੋਲ ਪਾਸਪੋਰਟ ਨਹੀਂ ਸੀ ਅਤੇ ਜਦੋਂ ਤੱਕ ਭਾਰਤੀ ਅੰਬੈਸੀ ਤੋਂ ਯਾਤਰਾ ਦਸਤਾਵੇਜ਼ ਹਾਸਲ ਹੋਏ ਤਾਂ ਉਹ ਦਮ ਤੋੜ ਗਿਆ। ਵਿਨੋਦ ਦੀ ਦੇਹ ਭਾਰਤ ਭੇਜਣ ਲਈ ਆਰਥਿਕ ਸਹਾਇਤਾ ਦੀ ਅਪੀਲ ਕੀਤੀ ਗਈ ਹੈ।