ਕੈਨੇਡਾ-ਅਮਰੀਕਾ ਵਿਚ 3 ਭਾਰਤੀਆਂ ਨੇ ਕਰਤੀ ਵਾਰਦਾਤ
ਕੈਨੇਡਾ ਅਤੇ ਅਮਰੀਕਾ ਵਿਚ ਤਿੰਨ ਭਾਰਤੀਆਂ ਨੂੰ ਕਾਰਜੈਕਿੰਗ ਅਤੇ ਨਾਜਾਇਜ਼ ਹਥਿਆਰ ਰੱਖਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ

By : Upjit Singh
ਮਿਸੀਸਾਗਾ/ਯੂਬਾ ਸਿਟੀ : ਕੈਨੇਡਾ ਅਤੇ ਅਮਰੀਕਾ ਵਿਚ ਤਿੰਨ ਭਾਰਤੀਆਂ ਨੂੰ ਕਾਰਜੈਕਿੰਗ ਅਤੇ ਨਾਜਾਇਜ਼ ਹਥਿਆਰ ਰੱਖਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ 20 ਸਾਲ ਦੇ ਪਾਰਥ ਸ਼ਰਮਾ ਅਤੇ 19 ਸਾਲ ਦੇ ਏਕਮਵੀਰ ਰੰਧਾਵਾ ਵਿਰੁੱਧ ਹਥਿਆਰ ਦੀ ਨੋਕ ’ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਦੋਸ਼ ਆਇਦ ਕੀਤੇ ਗਏ ਹਨ। ਪੁਲਿਸ ਮੁਤਾਬਕ ਵਾਰਦਾਤ 19 ਜੂਨ ਨੂੰ ਵਾਪਰੀ ਜਦੋਂ ਮਿਸੀਸਾਗਾ ਦੀ ਮਨੀਓਲਾ ਰੋਡ ਅਤੇ ਹਰਉਨਟਾਰੀਓ ਸਟ੍ਰੀਟ ਇਲਾਕੇ ਵਿਚ ਇਕ ਸ਼ਖਸ ਆਪਣੀ ਕਾਰ ਵਿਚੋਂ ਬਾਹਰ ਆਇਆ ਤਾਂ 2 ਜਣਿਆਂ ਨੇ ਉਸ ਨੂੰ ਘੇਰ ਲਿਆ ਜਿਨ੍ਹਾਂ ਵਿਚੋਂ ਇਕ ਕੋਲ ਛੁਰਾ ਅਤੇ ਦੂਜੇ ਕੋਲ ਪਸਤੌਲ ਸੀ।
ਪਾਰਥ ਸ਼ਰਮਾ ਅਤੇ ਏਕਮਵੀਰ ਰੰਧਾਵਾ ਲੁੱਟ ਦੇ ਮਾਮਲੇ ਵਿਚ ਗ੍ਰਿਫ਼ਤਾਰ
ਦੋਹਾਂ ਨੇ ਗੱਡੀ ਦੀਆਂ ਚਾਬੀਆਂ, ਘੜੀ ਅਤੇ ਸੈਲਫੋਨ ਮੰਗਿਆ ਅਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਪੀੜਤ ਦੀ ਮਰਸਡੀਜ਼ ਬੈਂਜ਼ ਲੈ ਕੇ ਫਰਾਰ ਹੋ ਗਏ। ਵਾਰਦਾਤ ਦੌਰਾਨ ਪੀੜਤ ਨੂੰ ਕੋਈ ਸੱਟ-ਫੇਟ ਨਹੀਂ ਵੱਜੀ ਅਤੇ ਪੁਲਿਸ ਨੇ ਅਗਲੇ ਦਿਨ ਗੱਡੀ ਬਰਾਮਦ ਕਰ ਲਈ। ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰਦਿਆਂ ਪੁਲਿਸ ਨੇ ਜੁਲਾਈ ਮਹੀਨੇ ਦੌਰਾਨ ਬਰੈਂਪਟਨ ਦੇ ਇਕ ਘਰ ਵਿਚ ਛਾਪਾ ਮਾਰਿਆ ਅਤੇ ਏਕਮਵੀਰ ਰੰਧਾਵਾ ਨੂੰ ਕਾਬੂ ਕਰ ਲਿਆ। ਉਸ ਵਿਰੁੱਧ ਲੁੱਟ, ਭੇਖ ਬਦਲਣ ਅਤੇ ਅਪਰਾਧ ਰਾਹੀਂ ਹਾਸਲ ਪ੍ਰੌਪਰਟੀ ਰੱਖਣ ਦੇ ਦੋਸ਼ ਆਇਦ ਕੀਤੇ ਗਏ। ਇਸ ਮਗਰੋਂ ਪੁਲਿਸ ਨੇ 28 ਅਗਸਤ ਨੂੰ ਓਕਵਿਲ ਦੇ ਪਾਰਥ ਸ਼ਰਮਾ ਨੂੰ ਕਾਬੂ ਕਰ ਲਿਆ ਜਿਸ ਵਿਰੁੱਧ ਇੰਨ-ਬਿੰਨ ਦੋਸ਼ ਆਇਦ ਕੀਤੇ ਗਏ ਹਨ। ਫ਼ਿਲਹਾਲ ਕੋਈ ਦੋਸ਼ ਅਦਾਲਤ ਵਿਚ ਸਾਬਤ ਨਹੀਂ ਕੀਤਾ ਗਿਆ। ਦੂਜੇ ਪਾਸੇ ਅਮਰੀਕਾ ਦੀ ਯੂਬਾ ਕਾਊਂਟੀ ਵਿਚ 25 ਸਾਲ ਦੇ ਕੁਲਦੀਪ ਸਿੰਘ ਨੂੰ ਨਾਜਾਇਜ਼ ਹਥਿਆਰ ਅਤੇ ਨਸ਼ੀਲਾ ਪਦਾਰਥ ਰੱਖਣ ਦੇ ਦੋਸ਼ ਹੇਠ ਕਾਬੂ ਕੀਤਾ ਗਿਆ ਹੈ।
ਕੁਲਦੀਪ ਸਿੰਘ ਨੂੰ ਹਥਿਆਰਾਂ ਅਤੇ ਅਫ਼ੀਮ ਸਣੇ ਕੀਤਾ ਕਾਬੂ
ਯੂਬਾ ਕਾਊਂਟੀ ਦੀ ਪੁਲਿਸ ਵੱਲੋਂ ਮਾਰੇ ਛਾਪੇ ਦੌਰਾਲ ਸੱਤ ਅਸਾਲਟ ਰਾਈਫ਼ਲਾਂ, ਅੱਠ ਹੈਂਡਗੰਨਜ਼, ਦੋ ਪਾਊਂਡ ਅਫ਼ੀਮ ਅਤੇ 39,700 ਡਾਲਰ ਨਕਦ ਬਰਾਮਦ ਕੀਤੇ ਗਏ। ਔਲਿਵਹਰਸਟ ਦੇ ਇੰਗਲਿਸ਼ ਵੇਅ ਇਲਾਕੇ ਦੇ 1400 ਬਲਾਕ ਵਿਚ ਕੀਤੀ ਗਈ ਇਸ ਕਾਰਵਾਈ ਤੋਂ ਪਹਿਲਾਂ ਕੈਲੇਫੋਰਨੀਆ ਦੀ ਸੈਨ ਵੌਕਿਨ ਕਾਊਂਟੀ ਵਿਚ 8 ਪੰਜਾਬੀ ਗੈਂਗਸਟਰਾਂ ਨੂੰ ਕਾਬੂ ਕੀਤਾ ਗਿਆ ਜੋ ਕਥਿਤ ਤੌਰ ’ਤੇ ਪਵਿੱਤਰ ਮਾਝਾ ਗੈਂਗ ਨਾਲ ਸਬੰਧਤ ਦੱਸੇ ਗਏ ਅਤੇ ਇਨ੍ਹਾਂ ਵਿਚੋਂ ਇਕ ਨੂੰ ਕਥਿਤ ਤੌਰ ’ਤੇ ਭਾਰਤ ਦੀ ਕੌਮੀ ਜਾਂਚ ਵੱਲੋਂ ਭਗੌੜਾ ਐਲਾਨਿਆ ਜਾ ਚੁੱਕਾ ਹੈ। ਕੈਲੇਫੋਰਨੀਆ ਦੀ ਸੈਨ ਵੌਕਿਨ ਕਾਊਂਟੀ ਦੀ ਪੁਲਿਸ ਵੱਲੋਂ ਗ੍ਰਿਫ਼ਤਾਰ ਪੰਜਾਬੀਆਂ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਵੱਲੋਂ ਗੈਂਗਸਟਰਾਂ ਵਿਰੁੱਧ ਆਰੰਭੀ ‘ਸਮਰ ਹੀਟ’ ਮੁਹਿੰਮ ਤਹਿਤ ਕੀਤੀ ਗਈ ਕਾਰਵਾਈ ਦੌਰਾਨ ਇਕ ਅਸਾਲਟ ਰਾਈਫ਼ਲ, ਪੰਜ ਹੈਂਡਗੰਨਜ਼ ਅਤੇ ਸੈਂਕੜੇ ਗੋਲੀਆਂ ਤੋਂ ਇਲਾਵਾ 15 ਹਜ਼ਾਰ ਡਾਲਰ ਨਕਦ ਬਰਾਮਦ ਕੀਤੇ ਗਏ। ਸਾਰੇ ਅੱਠ ਸ਼ੱਕੀਆਂ ਨੂੰ ਗੋਲੀਬਾਰੀ, ਅਗਵਾ ਅਤੇ ਤਸੀਹੇ ਦੇਣ ਦੇ ਮਾਮਲਿਆਂ ਵਿਚ ਜੇਲ ਭੇਜ ਦਿਤਾ ਗਿਆ। ਸੈਨ ਵੌਕਿਨ ਕਾਊਂਟੀ ਦੀ ਪੁਲਿਸ ਅਤੇ ਐਫ਼.ਬੀ.ਆਈ. ਵੱਲੋਂ ਕੀਤੀ ਕਾਰਵਾਈ ਵਿਚ ਸਟੌਕਟਨ ਪੁਲਿਸ ਦੀ ਸਵੈਟ ਟੀਮ, ਮੈਨਟੀਕਾ ਪੁਲਿਸ ਦੀ ਸਵੈਟ ਟੀਮ ਅਤੇ ਸਟੈਨਿਸਲਾਓਸ ਕਾਊਂਟੀ ਸ਼ੈਰਿਫ਼ ਦੀ ਟੀਮ ਨੇ ਸਹਿਯੋਗ ਦਿਤਾ।


