ਬੀ.ਸੀ. ਵਿਚ ਨਸ਼ਿਆਂ ਓਵਰਡੋਜ਼ ਨਾਲ 292 ਮੌਤਾਂ
ਕੈਨੇਡਾ ਦੇ ਬੀ.ਸੀ. ਵਿਚ ਨਸ਼ਿਆਂ ਦੀ ਓਵਰਡੋਜ਼ ਨਾਲ 292 ਮੌਤਾਂ ਹੋਣ ਦੀ ਰਿਪੋਰਟ ਹੈ

By : Upjit Singh
ਵੈਨਕੂਵਰ : ਕੈਨੇਡਾ ਦੇ ਬੀ.ਸੀ. ਵਿਚ ਨਸ਼ਿਆਂ ਦੀ ਓਵਰਡੋਜ਼ ਨਾਲ 292 ਮੌਤਾਂ ਹੋਣ ਦੀ ਰਿਪੋਰਟ ਹੈ। ਬੀ.ਸੀ. ਕੌਰੋਨਰਜ਼ ਸਰਵਿਸ ਨੇ ਮਈ ਅਤੇ ਜੂਨ ਦੇ ਅੰਕੜੇ ਜਾਰੀ ਕਰਦਿਆਂ ਦੱਸਿਆ ਕਿ ਮਈ ਦੌਰਾਨ 145 ਜਣਿਆਂ ਦੀ ਜਾਨ ਗਈ ਜਦਕਿ ਜੂਨ ਦੌਰਾਨ 147 ਜਣਿਆਂ ਨੇ ਦਮ ਤੋੜਿਆ। ਮੌਜੂਦਾ ਵਰ੍ਹੇ ਦੌਰਾਨ 30 ਸਾਲ ਤੋਂ 59 ਸਾਲ ਦੇ ਉਮਰ ਵਰਗ ਵਿਚ ਹੋਈਆਂ ਮੌਤਾਂ ਵਿਚੋਂ 69 ਫੀ ਸਦੀ ਨਸ਼ਿਆਂ ਦੀ ਓਵਰਡੋਜ਼ ਨਾਲ ਸਬੰਧਤ ਰਹੀਆਂ ਅਤੇ ਜਾਨ ਗਵਾਉਣ ਵਾਲਿਆਂ ਵਿਚੋਂ 78 ਫੀ ਸਦੀ ਪੁਰਸ਼ ਸਨ।
ਜੂਨ ਦੌਰਾਨ 147 ਅਤੇ ਮਈ ਵਿਚ 145 ਜਣਿਆਂ ਦੀ ਗਈ ਜਾਨ
ਇਥੇ ਦਸਣਾ ਬਣਦਾ ਹੈ ਕਿ ਅਪ੍ਰੈਲ ਦੌਰਾਨ ਮੌਤਾਂ ਦਾ ਅੰਕੜਾ 165 ਦਰਜ ਕੀਤਾ ਗਿਆ ਜੋ 2025 ਦੇ ਪਹਿਲੇ 6 ਮਹੀਨੇ ਦੌਰਾਨ ਸਭ ਤੋਂ ਵੱਧ ਮੰਨਿਆ ਜਾ ਰਿਹਾ ਹੈ। 2024 ਵਿਚ ਜਨਵਰੀ ਤੋਂ ਅਕਤੂਬਰ ਤੱਕ 1,925 ਜਣਿਆਂ ਨੇ ਓਵਰਡੋਜ਼ ਕਾਰਨ ਜਾਨ ਗਵਾਈ ਅਤੇ ਇਹ ਅੰਕੜਾ 2023 ਦੇ ਮੁਕਾਬਲੇ ਪਹਿਲੇ 10 ਮਹੀਨੇ ਦੇ ਮੁਕਾਬਲੇ 10 ਫੀ ਸਦੀ ਘੱਟ ਬਣਦਾ ਹੈ। ਬੀ.ਸੀ. ਕੌਰੋਨਰਜ਼ ਸਰਵਿਸ ਵੱਲੋਂ ਭਵਿੱਖ ਵਿਚ ਜਾਨੀ ਨੁਕਸਾਨ ਦੇ ਅੰਕੜੇ ਹੋਰ ਹੇਠਾਂ ਆਉਣ ਦੀ ਉਮੀਦ ਜ਼ਾਹਰ ਕੀਤੀ ਗਈ ਹੈ। ਜਾਨੀ ਨੁਕਸਾਨ ਵਿਚ ਕਮੀ ਆਉਣ ਦੇ ਬਾਵਜੂਦ ਨਸ਼ੀਲੇ ਪਦਾਰਥ ਬੀ.ਸੀ. ਵਿਚ ਗੈਰਕੁਦਰਤੀ ਮੌਤਾਂ ਦਾ ਸਭ ਤੋਂ ਵੱਡਾ ਕਾਰਨ ਬਣੇ ਹੋਏ ਹਨ। ਸੂਬੇ ਵਿਚ ਹੁੰਦੇ ਕਤਲਾਂ, ਖੁਦਕੁਸ਼ੀਆਂ, ਹਾਦਸਿਆਂ ਅਤੇ ਬਿਮਾਰੀਆਂ ਕਾਰਨ ਮਰਨ ਵਾਲਿਆਂ ਤੋਂ ਜ਼ਿਆਦਾ ਜਾਨੀ ਨੁਕਸਾਨ ਨਸ਼ਿਆਂ ਦੀ ਓਵਰਡੋਜ਼ ਕਾਰਨ ਹੋ ਰਿਹਾ ਹੈ।
30 ਤੋਂ 59 ਸਾਲ ਦੀ ਉਮਰ ਤੱਕ ਮੌਤਾਂ ਦਾ ਸਭ ਤੋਂ ਵੱਡਾ ਕਾਰਨ ਨਸ਼ੇ
ਤਕਰੀਬਨ ਹਰ ਉਮਰ ਵਰਗੇ ਦੇ ਲੋਕ ਨਸ਼ਿਆਂ ਦੀ ਮਾਰ ਹੇਠ ਆ ਰਹੇ ਹਨ ਪਰ ਅਣਥੱਕ ਯਤਨਾਂ ਸਦਕਾ ਮੌਤਾਂ ਦੀ ਅੰਕੜਾ ਕਾਫ਼ੀ ਹੱਦ ਤੱਕ ਹੇਠਾਂ ਆਇਆ ਹੈ। ਇਸ ਨੂੰ ਹੋਰ ਹੇਠਾਂ ਲਿਆਉਣ ਲਈ ਹਾਲੇ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ। ਸਭ ਤੋਂ ਜ਼ਿਆਦਾ ਮੌਤਾਂ ਦਾ ਕਾਰਨ ਫੈਂਟਾਨਿਲ ਰਹੀ ਅਤੇ 87 ਫੀ ਸਦੀ ਤੋਂ ਵੱਧ ਜਾਨਾਂ ਇਸ ਖਤਰਨਾਕ ਨਸ਼ੇ ਕਾਰਨ ਗਈਆਂ। ਬੀ.ਸੀ. ਵਿਚ ਖਿੱਤਿਆਂ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਵੈਨਕੂਵਰ, ਸਰੀ ਅਤੇ ਗਰੇਟਰ ਵਿਕਟੋਰੀਆਂ ਵਿਚ ਸਭ ਤੋਂ ਵੱਧ ਜਾਨੀ ਨੁਕਸਾਨ ਹੋਇਆ।


