28,341 ਪ੍ਰਵਾਸੀਆਂ ਨੇ ਛੱਡਿਆ ਕੈਨੇਡਾ
ਟੈਂਪਰੇਰੀ ਰੈਜ਼ੀਡੈਂਟਸ ਨੇ ਕੈਨੇਡਾ ਛੱਡਣਾ ਸ਼ੁਰੂ ਕਰ ਦਿਤਾ ਹੈ ਅਤੇ 2024 ਦੀ ਅੰਤਮ ਤਿਮਾਹੀ ਦੌਰਾਨ ਵਾਪਸੀ ਦੀ ਰਫ਼ਤਾਰ ਸਭ ਤੋਂ ਵੱਧ ਰਹੀ ਜਦੋਂ 28,341 ਵਿਦੇਸ਼ੀ ਨਾਗਰਿਕ ਆਪਣੇ ਮੁਲਕ ਰਵਾਨਾ ਹੋ ਗਏ।

By : Upjit Singh
ਟੋਰਾਂਟੋ : ਟੈਂਪਰੇਰੀ ਰੈਜ਼ੀਡੈਂਟਸ ਨੇ ਕੈਨੇਡਾ ਛੱਡਣਾ ਸ਼ੁਰੂ ਕਰ ਦਿਤਾ ਹੈ ਅਤੇ 2024 ਦੀ ਅੰਤਮ ਤਿਮਾਹੀ ਦੌਰਾਨ ਵਾਪਸੀ ਦੀ ਰਫ਼ਤਾਰ ਸਭ ਤੋਂ ਵੱਧ ਰਹੀ ਜਦੋਂ 28,341 ਵਿਦੇਸ਼ੀ ਨਾਗਰਿਕ ਆਪਣੇ ਮੁਲਕ ਰਵਾਨਾ ਹੋ ਗਏ। ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ ਆਰਜ਼ੀ ਵੀਜ਼ਾ ’ਤੇ ਆਏ ਲੋਕਾਂ ਦੀ ਗਿਣਤੀ ਵਿਚ ਦਸੰਬਰ 2021 ਤੋਂ ਬਾਅਦ ਪਹਿਲੀ ਵਾਰ ਕਮੀ ਆਈ ਹੈ ਅਤੇ ਅਕਤੂਬਰ 2020 ਤੋਂ ਬਾਅਦ ਕੈਨੇਡਾ ਛੱਡ ਕੇ ਜਾਣ ਵਾਲਿਆਂ ਦਾ ਸਭ ਤੋਂ ਵੱਡਾ ਅੰਕੜਾ ਉਭਰ ਕੇ ਸਾਹਮਣੇ ਆਇਆ ਹੈ। ਸਟੱਡੀ ਵੀਜ਼ਾ ਵਾਲਿਆਂ ਦੀ ਗਿਣਤੀ ਵਿਚ ਵੀ ਕਮੀ ਆਈ ਹੈ ਪਰ ਇਸ ਦੇ ਉਲਟ ਅਸਾਇਲਮ ਦੇ ਦਾਅਵੇ ਕਰਨ ਵਾਲਿਆਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਦੂਜੇ ਪਾਸੇ ਕੈਨੇਡਾ ਦੀ ਵਸੋਂ ਪਿਛਲੇ ਸਾਲ 7 ਲੱਖ 45 ਹਜ਼ਾਰ ਦੇ ਵਾਧੇ ਨਾਲ 41,528,628 ਹੋ ਗਈ।
483,591 ਨੂੰ ਮਿਲੀ ਕੈਨੇਡੀਅਨ ਪੀ.ਆਰ.
ਭਾਵੇਂ ਜ਼ਿਆਦਾਤਰ ਰਾਜਾਂ ਦੀ ਵਸੋਂ ਵਿਚ ਵਾਧਾ ਹੋਇਆ ਹੈ ਪਰ 1 ਅਕਤੂਬਰ 2024 ਤੋਂ 31 ਦਸੰਬਰ 2024 ਦੇ ਅੰਕੜਿਆਂ ਵਿਚ ਨਿਊਫਾਊਂਡਲੈਂਡ ਐਂਡ ਲੈਬਰਾਡੌਰ, ਪ੍ਰਿੰਸ ਐਡਵਰਡ ਆਇਲੈਂਡ ਅਤੇ ਨੋਵਾ ਸਕੋਸ਼ੀਆ ਨੂੰ ਮਾਮੂਲੀ ਨੁਕਸਾਨ ਬਰਦਾਸ਼ਤ ਕਰਨਾ ਪਿਆ। ਵਸੋਂ ਵਿਚ ਤੇਜ਼ ਵਾਧੇ ਵਾਲੇ ਰਾਜਾਂ ਵਿਚ ਐਲਬਰਟਾ, ਸਸਕੈਚਵਨ ਅਤੇ ਮੈਨੀਟੋਬਾ ਰਹੇ। ਮੈਨੀਟੋਬਾ ਦੀ ਕੁਲ ਆਬਾਦੀ ਇਸ ਵੇਲੇ 15 ਲੱਖ ਦਾ ਅੰਕੜਾ ਪਾਰ ਕਰ ਚੁੱਕੀ ਹੈ। ਉਧਰ ਯੂਕੌਨ ਅਤੇ ਨੂਨਾਵਤ ਵਰਗੇ ਇਲਾਕਿਆਂ ਵਿਚ ਸਿਰਫ਼ 0.4 ਫੀ ਸਦੀ ਵਾਧਾ ਹੀ ਦਰਜ ਕੀਤਾ ਗਿਆ। ਕੈਨੇਡੀਅਨ ਵਸੋਂ 1.8 ਫੀ ਸਦੀ ਦੀ ਰਫ਼ਤਾਰ ਨਾਲ ਵਧੀ ਅਤੇ ਇਹ ਅੰਕੜਾ 2022 ਜਾਂ 2023 ਦੇ ਮੁਕਾਬਲੇ ਕਾਫ਼ੀ ਘੱਟ ਬਣਦਾ ਹੈ ਪਰ 2021 ਵਿਚ ਹੋਏ ਵਾਧੇ ਤੋਂ ਉਚਾ ਦੱਸਿਆ ਜਾ ਰਿਹਾ ਹੈ। ਆਬਾਦੀ ਵਿਚ ਵਾਧੇ ਦਾ ਮੁੱਖ ਆਧਾਰ ਕੌਮਾਂਤਰੀ ਪ੍ਰਵਾਸ ਹੀ ਰਿਹਾ। ਪਿਛਲੇ ਸਾਲ ਅਕਤੂਬਰ ਤੋਂ ਦਸੰਬਰ ਦਰਮਿਆਨ ਕੈਨੇਡਾ ਵੱਲੋਂ 103,481 ਨਵੇਂ ਪਰਮਾਨੈਂਟ ਰੈਜ਼ੀਡੈਂਟਸ ਦਾ ਸਵਾਗਤ ਕੀਤਾ ਗਿਆ ਅਤੇ ਪੂਰੇ ਵਰ੍ਹੇ ਦਾ ਅੰਕੜਾ 483,591 ’ਤੇ ਪੁੱਜ ਗਿਆ। ਕੈਨੇਡਾ ਦੇ ਅੰਦਰੂਨੀ ਪ੍ਰਵਾਸ ਦਾ ਜ਼ਿਕਰ ਕੀਤਾ ਜਾਵੇ ਤਾਂ 2024 ਦੀਆਂ ਪਹਿਲੀਆਂ ਤਿੰਨ ਤਿਮਾਹੀਆਂ ਦੇ ਮੁਕਾਬਲੇ ਚੌਥੀ ਤਿਮਾਹੀ ਦੌਰਾਨ ਜ਼ਿਆਦਾ ਹਿਲਜੁਲ ਨਹੀਂ ਹੋਈ ਅਤੇ ਸਭ ਤੋਂ ਵੱਧ ਲਾਭ ਖੱਟਣ ਵਾਲਾ ਸੂਬਾ ਐਲਬਰਟਾ ਰਿਹਾ ਜਿਥੇ ਹੋਰਨਾਂ ਰਾਜਾਂ ਤੋਂ ਲੋਕ ਆ ਕੇ ਵਸੇ।
2024 ਦੌਰਾਨ ਵਸੋਂ ਵਿਚ ਹੋਇਆ 7.45 ਲੱਖ ਦਾ ਵਾਧਾ
ਕੈਨੇਡੀਅਨ ਵਸੋਂ ਵਿਚ ਪ੍ਰਮੁੱਖ ਵਾਧਾ 2024 ਦੀਆਂ ਪਹਿਲੀਆਂ ਦੋ ਤਿਮਾਹੀਆਂ ਦੌਰਾਨ ਹੀ ਦਰਜ ਕੀਤਾ ਗਿਆ ਜਦੋਂ ਵੱਡੀ ਗਿਣਤੀ ਵਿਚ ਲੋਕ ਕੈਨੇਡਾ ਪੁੱਜੇ। ਇਸ ਵੇਲੇ ਕੈਨੇਡਾ ਵਿਚ ਆਰਜ਼ੀ ਵੀਜ਼ਾ ’ਤੇ ਮੌਜੂਦ ਲੋਕਾਂ ਦੀ ਗਿਣਤੀ 30 ਲੱਖ ਤੋਂ ਉਤੇ ਦੱਸੀ ਜਾ ਰਹੀ ਹੈ ਜੋ ਇਕ ਸਾਲ ਪਹਿਲਾਂ ਤਕਰੀਬਨ 27.50 ਲੱਖ ਦਰਜ ਕੀਤੀ ਗਈ। ਕੈਨੇਡਾ ਵਿਚ ਮਹਿੰਗਾਈ ਵਧਣ ਅਤੇ ਰਿਹਾਇਸ਼ ਦੇ ਸੰਕਟ ਦਾ ਮੁੱਖ ਕਾਰਨ ਟੈਂਪਰੇਰੀ ਰੈਜ਼ੀਡੈਂਟਸ ਨੂੰ ਮੰਨਿਆ ਗਿਆ ਅਤੇ ਇੰਮੀਗ੍ਰੇਸ਼ਨ ਵਿਭਾਗ ਵੱਲੋਂ ਜਿਥੇ ਸਟੱਡੀ ਵੀਜ਼ਿਆਂ ਦੀ ਗਿਣਤੀ ਸੀਮਤ ਕੀਤੀ ਗਈ, ਉਥੇ ਹੀ ਵਿਜ਼ਟਰ ਵੀਜ਼ਾ ਵਾਲਿਆਂ ਨੂੰ ਮਲਟੀਪਲ ਐਂਟਰੀ ਵਾਲਾ 10 ਸਾਲਾ ਵੀਜ਼ਾ ਦੇਣਾ ਬੰਦ ਕਰ ਦਿਤਾ ਗਿਆ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅਫ਼ਸਰਾਂ ਨੂੰ ਅਖਤਿਆਰ ਦੇ ਦਿਤਾ ਗਿਆ ਹੈ ਕਿ ਸ਼ੱਕੀ ਮਹਿਸੂਸ ਹੋਣ ’ਤੇ ਉਹ ਕਿਸੇ ਵੀ ਟੈਂਪਰੇਰੀ ਵੀਜ਼ਾ ਨੂੰ ਰੱਦ ਕਰ ਕੇ ਸਬੰਧਤ ਸ਼ਖਸ ਨੂੰ ਡਿਪੋਰਟ ਕਰ ਸਕਦੇ ਹਨ।


