Begin typing your search above and press return to search.

25000 ਕੈਨੇਡੀਅਨ ਵਿਦੇਸ਼ਾਂ ਵਿਚ ਫਸੇ

ਕੈਨੇਡਾ ਵਿਚ ਰਾਤੋ ਰਾਤ ਹਵਾਈ ਕਿਰਾਏ ਦੁੱਗਣੇ ਹੋ ਗਏ ਅਤੇ ਹਵਾਈ ਅੱਡਿਆਂ 'ਤੇ ਮੁਸਾਫ਼ਰਾਂ ਦੀ ਖੱਜਲ ਖੁਆਰੀ ਸ਼ੁਰੂ ਹੋ ਗਈ ਜਦੋਂ ਹੜਤਾਲ ਦੇ ਮੱਦੇਨਜ਼ਰ ਏਅਰ ਕੈਨੇਡਾ ਨੇ ਸਾਰੀਆਂ ਫਲਾਈਟਸ ਰੱਦ ਕਰ ਦਿਤੀਆਂ

25000 ਕੈਨੇਡੀਅਨ ਵਿਦੇਸ਼ਾਂ ਵਿਚ ਫਸੇ
X

Upjit SinghBy : Upjit Singh

  |  16 Aug 2025 4:24 PM IST

  • whatsapp
  • Telegram

ਟੋਰਾਂਟੋ : ਕੈਨੇਡਾ ਵਿਚ ਰਾਤੋ ਰਾਤ ਹਵਾਈ ਕਿਰਾਏ ਦੁੱਗਣੇ ਹੋ ਗਏ ਅਤੇ ਹਵਾਈ ਅੱਡਿਆਂ 'ਤੇ ਮੁਸਾਫ਼ਰਾਂ ਦੀ ਖੱਜਲ ਖੁਆਰੀ ਸ਼ੁਰੂ ਹੋ ਗਈ ਜਦੋਂ ਮੁਲਾਜ਼ਮਾਂ ਦੀ ਹੜਤਾਲ ਦੇ ਮੱਦੇਨਜ਼ਰ ਏਅਰ ਕੈਨੇਡਾ ਨੇ ਸਾਰੀਆਂ ਫਲਾਈਟਸ ਰੱਦ ਕਰ ਦਿਤੀਆਂ | ਦੂਜੇ ਪਾਸੇ 25 ਹਜ਼ਾਰ ਤੋਂ ਵੱਧ ਕੈਨੇਡੀਅਨਜ਼ ਵਿਦੇਸ਼ਾਂ ਵਿਚ ਫਸ ਗਏ ਜਿਨ੍ਹਾਂ ਨੂੰ ਵਾਪਸੀ ਲਈ ਬਦਲਵੇਂ ਪ੍ਰਬੰਧ ਕਰਨੇ ਹੋਣਗੇ | ਹੜਤਾਲ ਜਾਰੀ ਰਹਿਣ ਦੀ ਸੂਰਤ ਵਿਚ ਰੋਜ਼ਾਨਾ ਇਕ ਲੱਖ 30 ਹਜ਼ਾਰ ਮੁਸਾਫ਼ਰ ਪ੍ਰਭਾਵਤ ਹੋਣਗੇ ਜਿਨ੍ਹਾਂ ਨੂੰ ਏਅਰ ਕੈਨੇਡਾ ਵੱਲੋਂ ਘਰੇਲੂ ਅਤੇ ਕੌਮਾਂਤਰੀ ਮੰਜ਼ਿਲਾਂ 'ਤੇ ਪਹੁੰਚਾਇਆ ਜਾ ਰਿਹਾ ਸੀ | ਸ਼ਨਿੱਚਰਵਾਰ ਵੱਡੇ ਤੜਕੇ ਇਕ ਵਜੇ ਫਲਾਈਟ ਅਟੈਂਡੈਂਟਸ ਦੀ ਹੜਤਾਲ ਰਸਮੀ ਤੌਰ 'ਤੇ ਆਰੰਭ ਹੋ ਗਈ ਪਰ ਇਸ ਤੋਂ ਪਹਿਲਾਂ ਹੀ ਸੈਂਕੜੇ ਫਲਾਈਟਸ ਰੱਦ ਹੋ ਚੁੱਕੀਆਂ ਸਨ |

ਕੈਨੇਡਾ ਵਿਚ ਰਾਤੋ-ਰਾਤ ਦੁੱਗਣੇ ਹੋਏ ਹਵਾਈ ਕਿਰਾਏ

ਕੈਨੇਡੀਅਨ ਯੂਨੀਅਨ ਆਫ਼ ਪਬਲਿਕ ਇੰਪਲੌਈਜ਼ ਦੇ ਬੁਲਾਰੇ ਹਿਊ ਪੌਲੀਅਟ ਨੇ ਕਿਹਾ ਕਿ ਕੋਈ ਸਮਝੌਤਾ ਨਾ ਹੋਣ ਕਰ ਕੇ ਮੁਲਾਜ਼ਮ ਹੜਤਾਲ 'ਤੇ ਜਾਣ ਲਈ ਮਜਬੂਰ ਹੋ ਗਏ | ਉਧਰ ਕੈਨੇਡਾ ਦੀ ਰੁਜ਼ਗਾਰ ਮੰਤਰੀ ਪੈਟੀ ਹੈਦੂ ਨੇ ਸ਼ੁੱਕਰਵਾਰ ਦੇਰ ਸ਼ਾਮ ਮੁਲਾਜ਼ਮ ਯੂਨੀਅਨ ਅਤੇ ਏਅਰ ਕੈਨੇਡਾ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕਰਦਿਆਂ ਜਲਦ ਤੋਂ ਜਲਦ ਕਿਸੇ ਸਮਝੌਤੇ 'ਤੇ ਪੁੱਜਣ ਦਾ ਸੱਦਾ ਦਿਤਾ | ਸੋਸ਼ਲ ਮੀਡੀਆ ਰਾਹੀਂ ਇਕ ਬਿਆਨ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਸਮਾਂ ਰਹਿੰਦੇ ਕੋਈ ਵਿਚਕਾਰਲਾ ਰਾਹ ਲੱਭਿਆ ਜਾ ਸਕਦਾ ਸੀ ਪਰ ਦੋਹਾਂ ਧਿਰਾਂ ਦਾ ਵਤੀਰਾ ਬਰਦਾਸ਼ਤਯੋਗ ਨਹੀਂ ਮੰਨਿਆ ਜਾ ਸਕਦਾ | ਇਥੇ ਦਸਣਾ ਬਣਦਾ ਹੈ ਕਿ ਏਅਰ ਕੈਨੇਡਾ ਵੱਲੋਂ ਰੋਜ਼ਾਨਾ ਤਕਰੀਬਨ 700 ਫਲਾਈਟਸ ਅਪ੍ਰੇਟ ਕੀਤੀਆਂ ਜਾਂਦੀਆਂ ਹਨ ਪਰ ਹੜਤਾਲ ਨੇ ਵੱਡੀ ਗਿਣਤੀ ਵਿਚ ਮੁਸਾਫ਼ਰਾਂ ਦੀਆਂ ਸਧਰਾਂ 'ਤੇ ਪਾਣੀ ਫੇਰ ਦਿਤਾ | ਮੌਂਟਰੀਅਲ ਦੇ 21 ਸਾਲਾ ਅਲੈਕਸ ਨੇ ਦੱਸਿਆ ਕਿ ਯੂਰਪ ਦੀ ਸੈਰ 'ਤੇ ਜਾਣ ਲਈ ਉਹ ਪਿਛਲੇ 8 ਮਹੀਨੇ ਤੋਂ ਇਕ-ਇਕ ਡਾਲਰ ਜੋੜ ਰਿਹਾ ਸੀ | ਸ਼ਨਿੱਚਰਵਾਰ ਰਾਤ ਪੈਰਿਸ ਰਵਾਨਾ ਹੋਣਾ ਸੀ ਪਰ ਐਨ ਮੌਕੇ 'ਤੇ ਹੜਤਾਲ ਨੇ ਸਭ ਕੁਝ ਤਹਿਸ ਨਹਿਸ ਕਰ ਦਿਤਾ |

ਏਅਰ ਕੈਨੇਡਾ ਦੇ ਮੁਲਾਜ਼ਮਾਂ ਦੀ ਹੜਤਾਲ ਆਰੰਭ

ਮਾਯੂਸੀ ਵਿਚ ਡੁੱਬੇ ਅਲੈਕਸ ਦਾ ਕਹਿਣਾ ਸੀ ਵੱਖ ਵੱਖ ਸ਼ਹਿਰਾਂ ਦੇ ਹੋਟਲਾਂ ਵਿਚ ਕਮਰੇ ਬੁੱਕ ਕਰਵਾਉਣ 'ਤੇ ਅੱਠ ਹਜ਼ਾਰ ਡਾਲਰ ਖਰਚ ਹੋਏ ਪਰ ਹੁਣ ਇਹ ਰਕਮ ਕਦੇ ਵਾਪਸ ਨਹੀਂ ਆਵੇਗੀ | ਅਲੈਕਸ ਨੇ ਹੋਰਨਾਂ ਏਅਰਲਾਈਨਜ਼ ਵਿਚ ਬੁਕਿੰਗ ਕਰਵਾਉਣ ਦੇ ਯਤਨ ਕੀਤੇ ਪਰ ਜ਼ਿਆਦਾਤਰ ਫਲਾਈਟਸ ਵਿਚ ਸੀਟਾਂ ਹੀ ਖਾਲੀ ਨਹੀਂ ਅਤੇ ਜੇ ਸੀਟ ਮਿਲਦੀ ਵੀ ਹੈ ਤਾਂ ਦੁੱਗਣਾ ਕਿਰਾਇਆ ਮੰਗਿਆ ਜਾ ਰਿਹਾ ਹੈ | ਉਧਰ ਹੜਤਾਲ ਦੀ ਮਿਆਦ ਬਾਰੇ ਐਵੀਏਸ਼ਨ ਸੈਕਟਰ ਦੇ ਜਾਣਕਾਰਾਂ ਦੀ ਵੱਖੋ ਵੱਖਰੀ ਰਾਏ ਸਾਹਮਣੇ ਆਈ ਹੈ | ਏਅਰ ਕੈਨੇਡਾ ਦੇ ਚੀਫ਼ ਅਪ੍ਰੇਟਿੰਗ ਅਫ਼ਸਰ ਮਾਰਕ ਨਾਸਰ ਦਾ ਮੰਨਣਾ ਹੈ ਕਿ ਕੋਈ ਸਮਝੌਤਾ ਸਿਰੇ ਚੜ੍ਹਨ ਤੋਂ ਬਾਅਦ ਫਲਾਈਟਸ ਮੁਕੰਮਲ ਤੌਰ 'ਤੇ ਬਹਾਲ ਕਰਨ ਵਿਚ ਇਕ ਹਫ਼ਤੇ ਦਾ ਸਮਾਂ ਲੱਗ ਸਕਦਾ ਹੈ | ਇਸੇ ਦੌਰਾਨ ਏਅਰ ਕੈਨੇਡਾ ਨੇ ਕਿਹਾ ਕਿ ਹੜਤਾਲ ਕਾਰਨ ਪ੍ਰਭਾਵਤ ਮੁਸਾਫ਼ਰ ਵੈਬਸਾਈਟ ਜਾਂ ਐਪ ਰਾਹੀਂ ਆਪਣੀ ਪੂਰੀ ਰਕਮ ਵਾਪਸ ਲੈ ਸਕਦੇ ਹਨ |

Next Story
ਤਾਜ਼ਾ ਖਬਰਾਂ
Share it