ਕੈਨੇਡਾ ਵੱਲੋਂ 24 ਹਜ਼ਾਰ ਸਟੱਡੀ ਵੀਜ਼ੇ ਰੱਦ
ਕੈਨੇਡਾ ਵੱਲੋਂ 24 ਹਜ਼ਾਰ ਸਟੱਡੀ ਵੀਜ਼ਾ ਅਰਜ਼ੀਆਂ ਰੱਦ ਕਰਨ ਦਾ ਮਾਮਲਾ ਅਦਾਲਤ ਵਿਚ ਪੁੱਜ ਗਿਆ ਹੈ ਅਤੇ ਫੈਡਰਲ ਕੋਰਟ ਵੱਲੋਂ ਐਨੀ ਵੱਡੀ ਗਿਣਤੀ ਵਿਚ ਅਪੀਲਾਂ ਦੀ ਨਿਆਂਇਕ ਸਮੀਖਿਆ ਲਈ ਸਟੱਡੀ ਪਰਮਿਟ ਪਾਇਲਟ ਪ੍ਰੌਜੈਕਟ ਆਰੰਭਿਆ ਗਿਆ ਹੈ
By : Upjit Singh
ਟੋਰਾਂਟੋ, 28 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵੱਲੋਂ 24 ਹਜ਼ਾਰ ਸਟੱਡੀ ਵੀਜ਼ਾ ਅਰਜ਼ੀਆਂ ਰੱਦ ਕਰਨ ਦਾ ਮਾਮਲਾ ਅਦਾਲਤ ਵਿਚ ਪੁੱਜ ਗਿਆ ਹੈ ਅਤੇ ਫੈਡਰਲ ਕੋਰਟ ਵੱਲੋਂ ਐਨੀ ਵੱਡੀ ਗਿਣਤੀ ਵਿਚ ਅਪੀਲਾਂ ਦੀ ਨਿਆਂਇਕ ਸਮੀਖਿਆ ਲਈ ਸਟੱਡੀ ਪਰਮਿਟ ਪਾਇਲਟ ਪ੍ਰੌਜੈਕਟ ਆਰੰਭਿਆ ਗਿਆ ਹੈ। ਪਾਇਲਟ ਪ੍ਰੌਜੈਕਟ ਅਧੀਨ ਸਿਰਫ ਪੰਜ ਮਹੀਨੇ ਦੇ ਅੰਦਰ ਫੈਸਲਾ ਆ ਜਾਵੇਗਾ ਜਦਕਿ ਆਮ ਤੌਰ ’ਤੇ ਅਜਿਹੇ ਮਾਮਲਿਆਂ ਵਿਚ 14 ਤੋਂ 18 ਮਹੀਨੇ ਦਾ ਸਮਾਂ ਲਗਦਾ ਹੈ। ਸਟੱਡੀ ਵੀਜ਼ਾ ’ਤੇ ਕੈਨੇਡਾ ਆਉਣ ਦੇ ਇੱਛਕ ਨੌਜਵਾਨਾਂ ਦੀ ਗਿਣਤੀ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਪੰਜ ਸਾਲ ਸਾਲ ਪਹਿਲਾਂ ਵੀਜ਼ਾ ਅਰਜ਼ੀਆਂ ਰੱਦ ਹੋਣ ਦੇ ਸਿਰਫ਼ 6 ਹਜ਼ਾਰ ਮਾਮਲੇ ਸਾਹਮਣੇ ਆਏ ਸਨ ਜਦਕਿ ਇਸ ਵੇਲੇ ਅੰਕੜਾ 24 ਹਜ਼ਾਰ ’ਤੇ ਪੁੱਜ ਗਿਆ ਹੈ।
ਵਿਦਿਆਰਥੀਆਂ ਨੇ ਅਦਾਲਤ ਵਿਚ ਕੀਤੀ ਅਪੀਲ
‘ਗਲੋਬਲ ਨਿਊਜ਼’ ਦੀ ਰਿਪੋਰਟ ਮੁਤਾਬਕ ਫੈਡਰਲ ਕੋਰਟ ਦੇ ਚੀਫ਼ ਜਸਟਿਸ ਪੌਲ ਕਰੈਂਪਟਨ ਨੇ ਦੱਸਿਆ ਕਿ ਪਾਇਲਟ ਪ੍ਰੌਜੈਕਟ ਅਧੀਨ ਸਬੰਧਤ ਜੱਜਾਂ ਨੂੰ ਇਨ੍ਹਾਂ ਮਾਮਲਿਆਂ ਦੀ ਸੁਣਵਾਈ ਨਹੀਂ ਕਰਨੀ ਪਵੇਗੀ ਅਤੇ ਨਿਆਂਇਕ ਸਮੀਖਿਆ ਦੇ ਆਧਾਰ ’ਤੇ ਫੈਸਲਾ ਸੁਣਾ ਸਕਣਗੇ। ਚੀਫ਼ ਜਸਟਿਸ ਨੇ ਕਿਹਾ ਕਿ ਬਿਨੈਕਾਰਾਂ ਨੂੰ ਬੇਹੱਦ ਫਾਇਦਾ ਹੋਵੇਗਾ ਜਿਨ੍ਹਾਂ ਦਾ ਸਮਾਂ ਅਤੇ ਖਰਚਾ ਦੋਵੇਂ ਬਚ ਰਹੇ ਹਨ। ਦੂਜੇ ਪਾਸੇ ਅਦਾਲਤ ਨੂੰ ਆਪਣੇ ਘੱਟ ਤੋਂ ਘੱਟ ਵਸੀਲਿਆਂ ਦੀ ਵਰਤੋਂ ਕਰਦਿਆਂ ਮਾਮਲਿਆਂ ਦਾ ਨਿਪਟਾਰਾ ਕਰਨ ਵਿਚ ਮਦਦ ਮਿਲੇਗੀ। ਸਟੱਡੀ ਵੀਜ਼ਾ ਅਰਜ਼ੀਆਂ ਨਾਲ ਸਬੰਧਤ ਇਹ ਉਦਮ ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ, ਸਿਟੀਜ਼ਨਸ਼ਿਪ ਬਾਰੇ ਫੈਡਰਲ ਅਦਾਲਤ ਦੇ ਮੈਂਬਰਾਂ ਅਤੇ ਇੰਮੀਗ੍ਰੇਸ਼ਨ ਐਂਡ ਰਫਿਊਜੀ ਲਾਅ ਬਾਰ ਲੀਏਜ਼ੌਨ ਕਮੇਟੀ ਵੱਲੋਂ ਕੀਤਾ ਗਿਆ ਹੈ। ਇਥੇ ਦਸਣਾ ਬਣਦਾ ਹੈ ਕਿ ਕੈਨੇਡਾ ਸਰਕਾਰ ਵੱਲੋਂ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਸੀਮਤ ਕੀਤੇ ਜਾਣ ਮਗਰੋਂ ਸਟੱਡੀ ਵੀਜ਼ਾ ਅਰਜ਼ੀਆਂ ਰੱਦ ਹੋਣ ਦਾ ਸਿਲਸਿਲਾ ਵਧ ਗਿਆ ਹੈ ਅਤੇ ਇੰਮੀਗ੍ਰੇਸ਼ਨ ਖੇਤਰ ਦੇ ਜਾਣਕਾਰਾਂ ਮੁਤਾਬਕ ਭਾਰਤੀ ਵਿਦਿਆਰਥੀਆਂ ਦੀਆਂ 70 ਫ਼ੀ ਸਦੀ ਅਰਜ਼ੀਆਂ ਰੱਦ ਹੋ ਰਹੀਆਂ ਹਨ। ਮੌਜੂਦਾ ਵਰ੍ਹੇ ਦੌਰਾਨ ਜਨਵਰੀ ਤੋਂ ਜੁਲਾਈ ਤੱਕ 107,385 ਭਾਰਤੀ ਵਿਦਿਆਰਥੀਆਂ ਨੂੰ ਸਟੱਡੀ ਵੀਜ਼ਾ ਮਿਲਿਆ ਅਤੇ ਇਹ ਅੰਕੜਾ ਪਿਛਲੇ ਸਾਲ ਦੇ ਮੁਕਾਬਲੇ 20 ਫ਼ੀ ਸਦੀ ਘੱਟ ਬਣਦਾ ਹੈ।
5 ਮਹੀਨੇ ਵਿਚ ਆਵੇਗਾ ਅਦਾਲਤੀ ਫੈਸਲਾ
ਦੂਜੇ ਪਾਸੇ ਸਟੱਡੀ ਵੀਜ਼ਾ ’ਤੇ ਕੈਨੇਡਾ ਪੁੱਜਣ ਮਗਰੋਂ ਕੁਝ ਹੀ ਮਹੀਨਿਆਂ ਵਿਚ ਅਸਾਇਲਮ ਦਾ ਦਾਅਵਾ ਕਰਨ ਵਾਲਿਆਂ ਦੀ ਗਿਣਤੀ ਵਧਣ ਤੋਂ ਇੰਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਬੇਹੱਦ ਚਿੰਤਤ ਹਨ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਨੇ ਸਟੱਡੀ ਵੀਜ਼ਾ ਪ੍ਰੋਗਰਾਮ ਨੂੰ ਕੈਨੇਡਾ ਦਾਖਲ ਹੋਣ ਦਾ ਰਾਹ ਬਣਾ ਲਿਆ। ਅਜਿਹੀ ਸੋਚ ਵਾਲੇ ਵਿਦਿਆਰਥੀ ਬੇਹੱਦ ਸਸਤੇ ਕੋਰਸ ਵਿਚ ਦਾਖਲਾ ਲੈ ਕੇ ਕੈਨੇਡਾ ਪੁੱਜ ਜਾਂਦੇ ਹਨ ਜਿਸ ਦੇ ਮੁਕੰਮਲ ਹੋਣ ’ਤੇ ਵਰਕ ਪਰਮਿਟ ਵੀ ਨਹੀਂ ਮਿਲਦਾ ਅਤੇ ਆਖਰਵਾਰ ਅਸਲਾਇਮ ਦਾ ਦਾਅਵਾ ਕਰਦਿਆਂ ਇਥੇ ਹੀ ਟਿਕਣ ਦਾ ਯਤਨ ਕਰਦੇ ਹਨ। ਭਾਵੇਂ ਇਸ ਰੁਝਾਨ ਪਿੱਛੇ ਨਵੇਂ ਵਰਕ ਪਰਮਿਟ ਨਿਯਮ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਵਿਦਿਆਰਥੀਆਂ ਨੂੰ ਪੀ.ਆਰ. ਨਾਲ ਮਿਲਣਾ ਵੀ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ ਪਰ ਸੈਂਕੜਿਆਂ ਦੇ ਗਿਣਤੀ ਵਿਚ ਅਜਿਹੇ ਵਿਦਿਆਰਥੀ ਦੇਖੇ ਗਏ ਜਿਨ੍ਹਾਂ ਨੇ ਕੋਰਸ ਪੂਰਾ ਹੋਣ ਤੋਂ ਪਹਿਲਾਂ ਹੀ ਅਸਾਇਲਮ ਦਾ ਦਾਅਵਾ ਕਰ ਦਿਤਾ। ਇਸ ਸਾਲ 1 ਜਨਵਰੀ ਤੋਂ 31 ਅਗਸਤ ਤੱਕ ਕੈਨੇਡਾ ਵਿਚ ਕੁਲ 119,835 ਅਸਾਇਲਮ ਦਾਅਵੇ ਕੀਤੇ ਗਏ ਜਿਨ੍ਹਾਂ ਵਿਚੋਂ 13 ਹਜ਼ਾਰ ਸਟੱਡੀ ਪਰਮਿਟ ’ਤੇ ਕੈਨੇਡਾ ਪੁੱਜੇ ਸਨ। ਇੰਮੀਗ੍ਰੇਸ਼ਨ ਮੰਤਰਾਲੇ ਨੂੰ ਜਦੋਂ 2015-16 ਦੇ ਅੰਕੜੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਵਿਚ ਕੁਝ ਸਮਾਂ ਲੱਗ ਸਕਦਾ ਹੈ।