ਉਨਟਾਰੀਓ ਦੇ ਘਰ ਵਿਚੋਂ 2 ਲੱਖ ਡਾਲਰ ਦੀ ਕੋਕੀਨ ਅਤੇ ਫੈਂਟਾਨਿਲ ਜ਼ਬਤ
ਉਨਟਾਰੀਓ ਦੇ ਬੈਰੀ ਵਿਖੇ ਹਥਿਆਰਬੰਦ ਪੁਲਿਸ ਨੇ ਇਕ ਮਕਾਨ ਨੂੰ ਘੇਰਾ ਪਾ ਲਿਆ ਅਤੇ ਇਸ ਦੌਰਾਨ ਬਖਰਬੰਦ ਗੱਡੀ ਵੀ ਮਕਾਨ ਦੇ ਸਾਹਮਣੇ ਖੜ੍ਹੀ ਨਜ਼ਰ ਆਈ।

By : Upjit Singh
ਬੈਰੀ : ਉਨਟਾਰੀਓ ਦੇ ਬੈਰੀ ਵਿਖੇ ਹਥਿਆਰਬੰਦ ਪੁਲਿਸ ਨੇ ਇਕ ਮਕਾਨ ਨੂੰ ਘੇਰਾ ਪਾ ਲਿਆ ਅਤੇ ਇਸ ਦੌਰਾਨ ਬਖਰਬੰਦ ਗੱਡੀ ਵੀ ਮਕਾਨ ਦੇ ਸਾਹਮਣੇ ਖੜ੍ਹੀ ਨਜ਼ਰ ਆਈ। ਵੱਡੀ ਗਿਣਤੀ ਵਿਚ ਪੁਲਿਸ ਫੋਰਸ ਦੀ ਮੌਜੂਦਗੀ ਕਾਰਨ ਲੋਕਾਂ ਵਿਚ ਘਬਰਾਹਟ ਪੈਦਾ ਹੋਣੀ ਲਾਜ਼ਮੀ ਸੀ ਜਿਨ੍ਹਾਂ ਵਿਚੋਂ ਕੁਝ ਵੀਡੀਓ ਬਣਾਉਣ ਲੱਗੇ। ਮੁਢਲੇ ਤੌਰ ’ਤੇ ਛਾਪਾ ਬੁਝਾਰਤ ਬਣਿਆ ਰਿਹਾ ਪਰ ਬਾਅਦ ਵਿਚ ਬੈਰੀ ਪੁਲਿਸ ਸਰਵਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਬੰਧਤ ਘਰ ਵਿਚੋਂ 2 ਲੱਖ ਡਾਲਰ ਮੁੱਲ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ।
ਪੁਲਿਸ ਨੇ 2 ਸ਼ੱਕੀਆਂ ਨੂੰ ਕੀਤਾ ਗ੍ਰਿਫ਼ਤਾਰ
ਪੁਲਿਸ ਮੁਤਾਬਕ ਦੱਖਣੀ ਉਨਟਾਰੀਓ ਦੇ ਇਸ ਘਰ ਵਿਚੋਂ 2 ਕਿਲੋ ਤੋਂ ਵੱਧ ਕੋਕੀਨ ਅਤੇ 100 ਗ੍ਰਾਮ ਤੋਂ ਵੱਧ ਫੈਂਟਾਨਿਲ ਬਰਾਮਦ ਕੀਤੀ ਗਈ ਜਿਨ੍ਹਾਂ ਦੀ ਅੰਦਾਜ਼ਨ ਕੀਮਤ 1 ਲੱਖ 92 ਹਜ਼ਾਰ ਡਾਲਰ ਤੋਂ ਵੱਧ ਬਣਦੀ ਹੈ। ਪੁਲਿਸ ਨੇ ਦੱਸਿਆ ਕਿ ਛਾਪੇ ਦੌਰਾਨ ਔਰੇਂਜਵਿਲ ਦੇ 37 ਸਾਲ ਸ਼ਖਸ ਅਤੇ ਬੈਰੀ ਦੀ 32 ਸਾਲ ਔਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ। ਦੋਹਾਂ ਨੂੰ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਹੋਣ ਤੱਕ ਪੁਲਿਸ ਹਿਰਾਸਤ ਵਿਚ ਰੱਖਿਆ ਗਿਆ ਹੈ ਅਤੇ ਮਾਮਲੇ ਦੀ ਪੜਤਾਲ ਚੱਲ ਰਹੀ ਹੈ।


