ਉਨਟਾਰੀਓ ਵਿਚ 2 ਔਰਤਾਂ ਨੂੰ ਮਾਰੀ ਗੋਲੀ
ਉਨਟਾਰੀਓ ਵਿਚ ਦੋ ਔਰਤਾਂ ਨੂੰ ਗੋਲੀ ਮਾਰਨ ਅਤੇ ਮਿਸੀਸਾਗਾ ਦੇ ਲੋਕਾਂ ਨੂੰ ਚੋਰੀ ਦੀਆਂ ਵਾਰਦਾਤਾਂ ਤੋਂ ਸੁਚੇਤ ਕਰਦੇ ਪਰਚੇ ਵੰਡਣ ਦੇ ਮਾਮਲੇ ਸਾਹਮਣੇ ਆਏ ਹਨ।
By : Upjit Singh
ਮਾਰਖਮ : ਉਨਟਾਰੀਓ ਵਿਚ ਦੋ ਔਰਤਾਂ ਨੂੰ ਗੋਲੀ ਮਾਰਨ ਅਤੇ ਮਿਸੀਸਾਗਾ ਦੇ ਲੋਕਾਂ ਨੂੰ ਚੋਰੀ ਦੀਆਂ ਵਾਰਦਾਤਾਂ ਤੋਂ ਸੁਚੇਤ ਕਰਦੇ ਪਰਚੇ ਵੰਡਣ ਦੇ ਮਾਮਲੇ ਸਾਹਮਣੇ ਆਏ ਹਨ। ਪਹਿਲੀ ਵਾਰਦਾਤ ਦਿਨ-ਦਿਹਾੜੇ ਮਾਰਖਮ ਵਿਖੇ ਸਾਹਮਣੇ ਆਏ ਜਿਥੇ ਔਰਤ ਨਾਲ ਗੱਲਬਾਤ ਕਰ ਰਹੇ ਸ਼ੱਕੀ ਨੇ ਅਚਨਚੇਤ ਪਸਤੌਲ ਕੱਢੀ ਅਤੇ ਗੋਲੀਆਂ ਚਲਾ ਦਿਤੀਆਂ ਜਦਕਿ ਦੂਜੀ ਵਾਰਦਾਤ ਯਾਰਕ ਰੀਜਨ ਦੇ ਹੀ ਨੋਬਲਟਨ ਵਿਖੇ ਸਾਹਮਣੇ ਆਏ ਜਿਥੇ ਤਿੰਨ ਹਥਿਆਰਬੰਦ ਸ਼ੱਕੀਆਂ ਘਰ ਵਿਚ ਦਾਖਲ ਹੁੰਦਿਆਂ ਔਰਤ ਨੂੰ ਗੋਲੀ ਮਾਰ ਦਿਤੀ। ਯਾਰਕ ਰੀਜਨਲ ਪੁਲਿਸ ਨੇ ਇਕ ਵੀਡੀਓ ਜਾਰੀ ਕਰਦਿਆਂ ਦੱਸਿਆ ਕਿ ਮਾਰਖਮ ਦੇ ਲੀਅ ਐਵੇਨਿਊ ਅਤੇ ਨੋਬਲ ਸਟ੍ਰੀਟ ਇਲਾਕੇ ਵਿਚ 21 ਜਨਵਰੀ ਸ਼ਾਮ ਤਕਰੀਬਨ ਸਾਢੇ ਪੰਜ ਵਜੇ ਉਸਾਰੀ ਕਾਮਿਆਂ ਵਾਲੇ ਪਹਿਰਾਵੇ ਵਿਚ ਇਕ ਸ਼ਖਸ, ਇਕ ਔਰਤ ਨਾਲ ਗੱਲਬਾਤ ਕਰਦਿਆਂ ਦੇਖਿਆ ਜਾ ਸਕਦਾ ਹੈ ਪਰ ਕੁਝ ਪਲਾਂ ਮਗਰੋਂ ਉਸ ਨੇ ਪਸਤੌਲ ਕੱਢ ਕੇ ਗੋਲੀਆਂ ਚਲਾ ਦਿਤੀਆਂ ਅਤੇ ਗੂੜ੍ਹੇ ਰੰਗ ਦੀ ਔਡੀ ਏ-4 ਕਾਰ ਵਿਚ ਫਰਾਰ ਹੋ ਗਿਆ।
ਮਾਰਖਮ ਵਿਖੇ ਦਿਨ ਦਿਹਾੜੇ ਵਾਪਰੀ ਵਾਰਦਾਤ
ਔਰਤ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਜਿਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਸ਼ੱਕੀ ਦਾ ਹੁਲੀਆ ਜਾਰੀ ਕਰਦਿਆਂ ਪੁਲਿਸ ਨੇ ਕਿਹਾ ਕਿ ਏਸ਼ੀਅਨ ਮੂਲ ਦੇ ਸ਼ੱਕੀ ਦੀ ਸਰੀਰ ਪਤਲਾ ਅਤੇ ਆਖਰੀ ਵਾਰ ਦੇਖੇ ਜਾਣ ਵਾਲੇ ਉਸ ਨੇ ਕੰਸਟ੍ਰਕਸ਼ਨ ਵਰਕਰਾਂ ਵਾਲੀ ਹੈਲਮਟ ਅਤੇ ਯੈਲੋ ਰਿਫ਼ਲੈਕਟਿਵ ਵੈਸਟ ਪਹਿਨੀ ਹੋਈ ਸੀ ਅਤੇ ਚਿਹਰਾ ਢਕਣ ਵਾਸਤੇ ਮਾਸਕ ਵੀ ਲਾਇਆ ਹੋਇਆ ਸੀ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਸੋਚੀ ਸਮਝੀ ਸਾਜ਼ਿਸ਼ ਤਹਿਤ ਵਾਰਦਾਤ ਨੂੰ ਅੰਜਾਮ ਦਿਤਾ ਗਿਆ ਅਤੇ ਸ਼ੱਕੀ ਤੇ ਪੀੜਤ ਇਕ-ਦੂਜੇ ਨੂੰ ਪਹਿਲਾਂ ਨਹੀਂ ਸਨ ਜਾਣਦੇ। ਚੇਤੇ ਰਹੇ ਕਿ ਇਸੇ ਘਰ ਵਿਚ ਜੂਨ 2024 ਦੌਰਾਨ ਵੀ ਗੋਲੀਬਾਰੀ ਹੋ ਚੁੱਕੀ ਹੈ ਅਤੇ ਉਸ ਵੇਲੇ ਮਰਦ ਜ਼ਖਮੀ ਹੋਇਆ ਸੀ।
ਨੋਬਲਟਨ ਦੇ ਘਰ ਵਿਚ ਦਾਖਲ ਹੋਏ ਹਥਿਆਰਬੰਦ ਲੁਟੇਰੇ
ਦੂਜੇ ਪਾਸੇ ਯਾਰਕ ਰੀਜਨ ਦੇ ਹੀ ਨੋਬਲਟਨ ਵਿਖੇ ਹਾਈਵੇਅ 27 ਵਿਖੇ ਇਕ ਘਰ ਵਿਚ 21 ਜਨਵਰੀ ਨੂੰ ਸਵੇਰੇ 4 ਵਜੇ ਤਿੰਨ ਹਥਿਆਰਬੰਦ ਲੁਟੇਰੇ ਦਾਖਲ ਹੋ ਗਏ ਅਤੇ ਇਕ ਔਰਤ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿਤਾ ਜਦਕਿ ਉਸ ਦੇ ਕੁੱਤੇ ਦਾ ਕਤਲ ਕਰ ਦਿਤਾ। ਲੁਟੇਰਿਆਂ ਨੇ ਘਰ ਨੂੰ ਅੱਗ ਵੀ ਲਾ ਦਿਤੀ ਅਤੇ ਫਰਾਰ ਹੋ ਗਈ। ਪੁਲਿਸ ਮੁਤਾਬਕ ਸ਼ੱਕੀ ਇਕ ਗੂੜ੍ਹੇ ਰੰਗ ਦੀ ਗੱਡੀ ਵਿਚ ਫ਼ਰਾਰ ਹੋਏ ਅਤੇ ਵਾਰਦਾਤ ਵੇਲੇ ਉਨ੍ਹਾਂ ਕੋਲ ਘੱਟੋ ਘੱਟ ਦੋ ਹਥਿਆਰ ਸਨ।