ਕੈਨੇਡਾ ਅਤੇ ਆਸਟ੍ਰੇਲੀਆ ’ਚ 2 ਪੰਜਾਬੀਆਂ ਨਾਲ ਵਰਤਿਆ ਭਾਣਾ
ਕੈਨੇਡਾ ਅਤੇ ਆਸਟ੍ਰੇਲੀਆ ਵਿਚ ਸਫ਼ਲਤਾ ਦੀਆਂ ਪੌੜੀਆਂ ਚੜ੍ਹ ਰਹੇ ਦੋ ਪੰਜਾਬੀ ਨੌਜਵਾਨਾਂ ਦੀ ਅਚਨਚੇਤ ਮੌਤ ਹੋਣ ਦੀ ਦੁਖਦ ਖਬਰ ਸਾਹਮਣੇ ਆਈ ਹੈ

ਐਡਮਿੰਟਨ/ਸਿਡਨੀ : ਕੈਨੇਡਾ ਅਤੇ ਆਸਟ੍ਰੇਲੀਆ ਵਿਚ ਸਫ਼ਲਤਾ ਦੀਆਂ ਪੌੜੀਆਂ ਚੜ੍ਹ ਰਹੇ ਦੋ ਪੰਜਾਬੀ ਨੌਜਵਾਨਾਂ ਦੀ ਅਚਨਚੇਤ ਮੌਤ ਹੋਣ ਦੀ ਦੁਖਦ ਖਬਰ ਸਾਹਮਣੇ ਆਈ ਹੈ ਜਦਕਿ ਬੀ.ਸੀ. ਦੇ ਨਿਊ ਵੈਸਟਮਿੰਸਟਰ ਵਿਖੇ 28 ਸਾਲ ਦਾ ਪੰਜਾਬੀ ਨੌਜਵਾਨ ਲਾਪਤਾ ਦੱਸਿਆ ਜਾ ਰਿਹਾ ਹੈ। ਐਡਮਿੰਟਨ ਦੇ ਅੰਮ੍ਰਿਤਬੀਰ ਸਿੰਘ ਅਤੇ ਰਜਿੰਦਰ ਕੌਰ ਨੇ ਗੋਫੰਡਮੀ ਪੇਜ ਸਥਾਪਤ ਕਰਦਿਆਂ ਦੱਸਿਆ ਕਿ 32 ਸਾਲ ਦਾ ਰਿਪਨਦੀਪ ਸਿੰਘ ਬੀਤੀ 2 ਜੁਲਾਈ ਨੂੰ ਦਿਲ ਦਾ ਦੌਰਾ ਪੈਣ ਕਾਰਨ ਸਦੀਵੀ ਵਿਛੋੜਾ ਦੇ ਗਿਆ। ਰਿਪਨਦੀਪ ਸਿੰਘ ਇਕ ਜ਼ਿੰਮੇਵਾਰ ਪਤੀ ਹੋਣ ਦੇ ਨਾਲ-ਨਾਲ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ ਅਤੇ ਪੰਜਾਬ ਰਹਿੰਦੇ ਉਸ ਮਾਪਿਆਂ ਦਾ ਦੁੱਖ ਬਿਆਨ ਕਰਨਾ ਮੁਸ਼ਕਲ ਹੈ।
ਐਡਮਿੰਟਨ ਵਿਖੇ ਰਿਪਨਦੀਪ ਸਿੰਘ ਨੇ ਦਮ ਤੋੜਿਆ
ਰਿਪਨਦੀਪ ਸਿੰਘ ਦੇ ਮਾਪੇ ਉਸ ਦਾ ਅੰਤਮ ਸਸਕਾਰ ਪੰਜਾਬ ਵਿਚ ਕਰਨਾ ਚਾਹੁੰਦੇ ਹਨ ਅਤੇ ਇਸ ਪ੍ਰਕਿਰਿਆ ’ਤੇ ਕਾਫ਼ੀ ਖਰਚਾ ਹੋਵੇਗਾ। ਅੰਮ੍ਰਿਤਬੀਰ ਸਿੰਘ ਅਤੇ ਰਜਿੰਦਰ ਕੌਰ ਵੱਲੋਂ ਰਿਪਨਦੀਪ ਸਿੰਘ ਦੀ ਦੇਹ ਪੰਜਾਬ ਭੇਜਣ ਅਤੇ ਪਰਵਾਰ ਦੀ ਆਰਥਿਕ ਮਦਦ ਵਾਸਤੇ ਭਾਈਚਾਰੇ ਨੂੰ ਅਪੀਲ ਕੀਤੀ ਗਈ ਹੈ। ਦੂਜੇ ਪਾਸੇ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਸੂਬੇ ਵਿਚ 28 ਸਾਲ ਦੇ ਨੋਬਲਪ੍ਰੀਤ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਨੋਬਲਪ੍ਰੀਤ ਸਿੰਘ ਦੇ ਕਜ਼ਨ ਜਗਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਰਹਿੰਦੇ ਮਾਪਿਆਂ ਦਾ ਆਸਟ੍ਰੇਲੀਆ ਆਉਣਾ ਸੰਭਵ ਨਹੀਂ ਜਿਸ ਦੇ ਮੱਦੇਨਜ਼ਰ ਨੋਬਲਪ੍ਰੀਤ ਸਿੰਘ ਦੀ ਦੇਹ ਇੰਡੀਆ ਭੇਜਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਇਸੇ ਦੌਰਾਨ ਬੀ.ਸੀ. ਦੇ ਨਿਊ ਵੈਸਟਮਿੰਸਟਰ ਵਿਖੇ ਨਿਸ਼ਾਨ ਸਿੰਘ ਦੀ ਭਾਲ ਵਿਚ ਜੁਟੀ ਪੁਲਿਸ ਵੱਲੋਂ ਲੋਕਾਂ ਤੋਂ ਮਦਦ ਮੰਗੀ ਗਈ ਹੈ। ਪੁਲਿਸ ਮੁਤਾਬਕ 28 ਸਾਲ ਦੇ ਨਿਸ਼ਾਨ ਸਿੰਘ ਨੂੰ ਆਖਰੀ ਵਾਰ 26 ਜੂਨ ਦੀ ਸ਼ਾਮ ਨਿਊ ਵੈਸਟਮਿੰਸਟਰ ਦੇ ਕੁਈਨਜ਼ਬ੍ਰੋਅ ਇਲਾਕੇ ਵਿਚ ਦੇਖਿਆ ਗਿਆ। ਨਿਸ਼ਾਨ ਸਿੰਘ ਦਾ ਕੱਦ 5 ਫੁੱਟ 6 ਇੰਚ ਅਤੇ ਵਜ਼ਨ ਤਕਰੀਬਨ 65 ਕਿਲੋ ਦੱਸਿਆ ਜਾ ਰਿਹਾ ਹੈ।
ਨਿਊ ਵੈਸਟਮਿੰਸਟਰ ਵਿਚ ਨਿਸ਼ਾਨ ਸਿੰਘ ਹੋਇਆ ਲਾਪਤਾ
ਆਖਰੀ ਵਾਰ ਦੇਖੇ ਜਾਣ ਵੇਲੇ ਉਸ ਨੇ ਗੂੜ੍ਹੀ ਨੀਲੀ ਦਸਤਾਰ ਸਜਾਈ ਹੋਈ ਸੀ ਅਤੇ ਕਾਲੀ ਤੇ ਸਫੈਦ ਲੈਟਰਮੈਨ ਸਟਾਈਲ ਜੈਕਟ ਪਹਿਨੀ ਹੋਈ ਸੀ। ਨਿਸ਼ਾਨ ਸਿੰਘ ਕੋਲ ਇਕ ਬੈਕਪੈਕ ਵੀ ਦੇਖਿਆ ਗਿਆ। ਸਾਰਜੈਂਟ ਐਂਡਰਿਊ ਲੀਵਰ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਨਿਸ਼ਾਨ ਸਿੰਘ ਵੱਲੋਂ ਸੰਭਾਵਤ ਤੌਰ ’ਤੇ ਪਬਲਿਕ ਟ੍ਰਾਂਜ਼ਿਟ ਦੀ ਵਰਤੋਂ ਵੀ ਕੀਤੀ ਗਈ ਹੋਵੇਗੀ ਅਤੇ ਸ਼ਹਿਰ ਵਿਚ ਇਧਰ ਉਧਰ ਜਾਣ ਵਾਲੇ ਲੋਕਾਂ ਦੀਆਂ ਨਜ਼ਰਾਂ ਵਿਚ ਜ਼ਰੂਰ ਆਇਆ ਹੋਵੇਗਾ। ਉਨ੍ਹਾਂ ਕਿਹਾ ਕਿ ਜੇ ਕਿਸੇ ਕੋਲ ਨਿਸ਼ਾਨ ਸਿੰਘ ਦੇ ਪਤੇ-ਟਿਕਾਣੇ ਬਾਰੇ ਕੋਈ ਜਾਣਕਾਰੀ ਮੌਜੂਦ ਹੈ ਤਾਂ ਬਗੈਰ ਦੇਰ ਕੀਤਿਆਂ 911 ’ਤੇ ਕਾਲ ਕੀਤੀ ਜਾਵੇ।