ਕੈਨੇਡਾ ਵਿਚ 2 ਪੰਜਾਬੀਆਂ ਨੇ ਤੋੜਿਆ ਦਮ
ਖੁਸ਼ਹਾਲ ਹੋਣ ਦੇ ਇਰਾਦੇ ਨਾਲ ਕੈਨੇਡਾ ਆਏ ਪਰ ਮੌਤ ਦੇ ਮੂੰਹ ਵਿਚ ਜਾਣ ਵਾਲੇ ਪੰਜਾਬੀਆਂ ਦੀ ਸੂਚੀ ਵਿਚ ਦੋ ਨਾਂ ਹੋਰ ਜੁੜ ਗਏ ਜਦੋਂ ਸੰਦੀਪ ਸਿੰਘ ਅਤੇ ਜਸਵਿੰਦਰ ਸਿੰਘ ਨੇ ਅਚਨਚੇਤ ਦੁਨੀਆਂ ਨੂੰ ਅਲਵਿਦਾ ਆਖ ਦਿਤਾ।
By : Upjit Singh
ਬਰੈਂਪਟਨ : ਖੁਸ਼ਹਾਲ ਹੋਣ ਦੇ ਇਰਾਦੇ ਨਾਲ ਕੈਨੇਡਾ ਆਏ ਪਰ ਮੌਤ ਦੇ ਮੂੰਹ ਵਿਚ ਜਾਣ ਵਾਲੇ ਪੰਜਾਬੀਆਂ ਦੀ ਸੂਚੀ ਵਿਚ ਦੋ ਨਾਂ ਹੋਰ ਜੁੜ ਗਏ ਜਦੋਂ ਸੰਦੀਪ ਸਿੰਘ ਅਤੇ ਜਸਵਿੰਦਰ ਸਿੰਘ ਨੇ ਅਚਨਚੇਤ ਦੁਨੀਆਂ ਨੂੰ ਅਲਵਿਦਾ ਆਖ ਦਿਤਾ। ਜਸਵਿੰਦਰ ਸਿੰਘ ਦੇ ਘਰ ਦੋ ਹਫ਼ਤੇ ਪਹਿਲਾਂ ਹੀ ਬੱਚੀ ਨੇ ਜਨਮ ਲਿਆ ਜਿਸ ਦੇ ਸਿਰ ਤੋਂ ਪਿਉ ਦਾ ਹੱਥ ਹਮੇਸ਼ਾ ਲਈ ਚੁੱਕਿਆ ਗਿਆ। ਦੂਜੇ ਪਾਸੇ ਮਾਹਿਲਪੁਰ ਤੋਂ ਬਤੌਰ ਰਫ਼ਿਊਜੀ ਕੈਨੇਡਾ ਪੁੱਜੇ ਜਸਵਿੰਦਰ ਸਿੰਘ ਦਾ ਕੋਈ ਨਜ਼ਦੀਕ ਪਰਵਾਰਕ ਮੈਂਬਰ ਇਥੇ ਮੌਜੂਦ ਨਹੀਂ।
ਵਰਕ ਪਰਮਿਟ ’ਤੇ ਕੁਝ ਮਹੀਨੇ ਪਹਿਲਾਂ ਹੀ ਆਇਆ ਸੀ ਸੰਦੀਪ ਸਿੰਘ
ਕੈਲੇਡਨ ਦੀ ਸਿਮਰਪ੍ਰੀਤ ਕੌਰ ਵੱਲੋਂ ਗੋਫੰਡਮੀ ਪੇਜ ਸਥਾਪਤ ਕਰਦਿਆਂ ਦੱਸਿਆ ਕਿ ਸੰਦੀਪ ਸਿੰਘ ਆਪਣੇ ਪਿੱਛੇ ਪਤਨੀ, 10 ਸਾਲ ਦਾ ਬੇਟਾ ਅਤੇ ਦੋ ਹਫ਼ਤੇ ਦੀ ਬੇਟੀ ਛੱਡ ਗਿਆ ਹੈ। ਉਹ ਪਰਵਾਰ ਵਿਚ ਇਕੱਲਾ ਕਮਾਉਣ ਵਾਲਾ ਸੀ ਅਤੇ ਜ਼ਿੰਮੇਵਾਰੀਆਂ ਦਾ ਬੋਝ ਹੁਣ ਸੰਦੀਪ ਸਿੰਘ ਦੀ ਪਤਨੀ ’ਤੇ ਗਿਆ ਹੈ। ਸੰਦੀਪ ਸਿੰਘ ਦਾ ਅੰਤਮ ਸਸਕਾਰ ਕੈਨੇਡਾ ਵਿਚ ਹੀ ਕੀਤਾ ਜਾਵੇਗਾ ਅਤੇ ਬੇਟੇ ਨੂੰ ਕੈਨੇਡਾ ਸੱਦਣ ਲਈ ਆਰਥਿਕ ਸਹਾਇਤਾ ਦੀ ਮੰਗ ਕੀਤੀ ਗਈ ਹੈ।
ਮਾਹਿਲਪੁਰ ਦਾ ਜਸਵਿੰਦਰ ਸਿੰਘ ਬਤੌਰ ਰਫ਼ਿਊਜੀ ਆਇਆ ਸੀ ਕੈਨੇਡਾ
ਦੂਜੇ ਪਾਸੇ ਬਰੈਂਪਟਨ ਦੇ ਜਤਿਨ ਰਾਏ ਨੇ ਦੱਸਿਆ ਕਿ ਜਸਵਿੰਦਰ ਸਿੰਘ ਤਕਰੀਬਨ ਇਕ ਸਾਲ ਪਹਿਲਾਂ ਹੀ ਬਿਹਤਰ ਜ਼ਿੰਦਗੀ ਦੀ ਭਾਲ ਵਿਚ ਕੈਨੇਡਾ ਪੁੱਜਾ। ਮੌਜੂਦ ਸਮੇਂ ਵਿਚ ਦਰਪੇਸ਼ ਚੁਣੌਤੀਆਂ ਦਾ ਉਹ ਟਾਕਰਾ ਕਰ ਹੀ ਰਿਹਾ ਸੀ ਕਿ ਅਣਹੋਣੀ ਵਾਪਰ ਗਈ। ਪੰਜਾਬ ਰਹਿੰਦੇ ਪਰਵਾਰ ਕੋਲ ਐਨੇ ਆਰਥਿਕ ਸਾਧਨ ਨਹੀਂ ਕਿ ਉਹ ਕੈਨੇਡਾ ਆ ਸਕਣ ਅਤੇ ਭਾਈਚਾਰੇ ਵੱਲੋਂ ਉਸ ਦੀਆਂ ਅੰਤਮ ਰਸਮਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਥੇ ਦਸਣਾ ਬਣਦਾ ਹੈ ਕਿ ਪਿਛਲੇ ਦਿਨੀਂ ਰੁਪਿੰਦਰ ਕੌਰ ਸਣੇ ਤਿੰਨ ਪੰਜਾਬੀ ਨੌਜਵਾਨ ਵੱਖ ਵੱਖ ਕਾਰਨਾਂ ਕਰ ਕੇ ਅਕਾਲ ਚਲਾਣਾ ਕਰ ਗਏ ਜੋ ਕੁਝ ਮਹੀਨੇ ਪਹਿਲਾਂ ਹੀ ਕੈਨੇਡਾ ਪੁੱਜੇ ਸਨ।