ਕੈਨੇਡਾ ’ਚ 2 ਪੰਜਾਬੀਆਂ ਨੇ ਠੱਗੀ ਬਜ਼ੁਰਗ ਔਰਤ
ਕੈਨੇਡਾ ਵਿਚ ਲੱਖਾਂ ਡਾਲਰ ਦੀ ਠੱਗੀ ਦਾ ਸ਼ਿਕਾਰ ਬਣੀ ਮਨਜੀਤ ਕੌਰ ਸੰਧੂ ਨੂੰ ਇਨਸਾਫ਼ ਮਿਲ ਗਿਆ ਜਦੋਂ ਸਿਵਲ ਅਦਾਲਤ ਨੇ ਕੁਲਦੀਪ ਵਿਰਕ ਅਤੇ ਮੀਰਾ ਵਿਰਕ ਨੂੰ ਹਰਜਾਨੇ ਵਜੋਂ 9 ਲੱਖ 76 ਹਜ਼ਾਰ ਡਾਲਰ ਦੀ ਰਕਮ ਅਦਾ ਕਰਨ ਦੇ ਹੁਕਮ ਸੁਣਾ ਦਿਤੇ।

By : Upjit Singh
ਵੈਨਕੂਵਰ : ਕੈਨੇਡਾ ਵਿਚ ਲੱਖਾਂ ਡਾਲਰ ਦੀ ਠੱਗੀ ਦਾ ਸ਼ਿਕਾਰ ਬਣੀ ਮਨਜੀਤ ਕੌਰ ਸੰਧੂ ਨੂੰ ਇਨਸਾਫ਼ ਮਿਲ ਗਿਆ ਜਦੋਂ ਸਿਵਲ ਅਦਾਲਤ ਨੇ ਕੁਲਦੀਪ ਵਿਰਕ ਅਤੇ ਮੀਰਾ ਵਿਰਕ ਨੂੰ ਹਰਜਾਨੇ ਵਜੋਂ 9 ਲੱਖ 76 ਹਜ਼ਾਰ ਡਾਲਰ ਦੀ ਰਕਮ ਅਦਾ ਕਰਨ ਦੇ ਹੁਕਮ ਸੁਣਾ ਦਿਤੇ। ਜਸਟਿਸ ਰਿਚਰਡ ਫਾਉਲਰ ਨੇ ਆਪਣੇ ਫੈਸਲੇ ਵਿਚ 20 ਹਜ਼ਾਰ ਡਾਲਰ ਦਾ ਖਰਚਾ ਵੱਖਰੇ ਤੌਰ ’ਤੇ ਅਦਾ ਕਰਨ ਦੀ ਹਦਾਇਤ ਵੀ ਦਿਤੀ। ਸੀ.ਟੀ.ਵੀ. ਦੀ ਰਿਪੋਰਟ ਮੁਤਾਬਕ ਮਨਜੀਤ ਕੌਰ ਸੰਧੂ ਨੂੰ ਦੁਬਈ ਵਿਚ ਨਿਵੇਸ਼ ਰਾਹੀਂ ਮੋਟੀ ਕਮਾਈ ਹੋਣ ਦੇ ਸਬਜ਼ਬਾਗ ਦਿਖਾਏ ਗਏ ਅਤੇ ਕਥਿਤ ਠੱਗਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਝੂਠੀ ਸਹੁੰ ਵੀ ਖਾਧੀ। ਠੱਗਾਂ ਦੇ ਸ਼ਬਦ ਜਾਲ ਵਿਚ ਉਲਝੀ ਮਨਜੀਤ ਕੌਰ ਸੰਧੂ ਨੇ ਸਾਰੀ ਉਮਰ ਮਿਹਨਤ ਕਰ ਕੇ ਇਕੱਠੇ ਕੀਤੇ 6 ਲੱਖ ਡਾਲਰ ਵਿਰਕ ਜੋੜੇ ਨੂੰ ਸੌਂਪ ਦਿਤੇ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਵਿਰਕ ਜੋੜੇ ਨਾਲ ਮਨਜੀਤ ਕੌਰ ਸੰਧੂ ਦੀ ਮੁਲਾਕਾਤ ਇਕ ਰਿਸ਼ਤੇਦਾਰ ਰਾਹੀਂ ਹੋਈ ਜੋ ਮੀਰਾ ਵਿਰਕ ਦਾ ਦੋਸਤ ਸੀ।
10 ਫੀ ਸਦੀ ਵਿਆਜ ਦਾ ਲਾਰਾ ਲਾ ਕੇ 6 ਲੱਖ ਡਾਲਰ ਡਕਾਰੇ
ਮੁਲਾਕਾਤਾਂ ਦਾ ਸਿਲਸਿਲਾ ਵਧਿਆ ਤਾਂ ਹਵਾ ਵਿਚ ਹੀ ਇਮਾਰਤਾਂ ਦੀ ਉਸਾਰੀ ਹੋਣ ਲੱਗੀ ਅਤੇ ਮੁਢਲੇ ਤੌਰ ਮਨਜੀਤ ਕੌਰ ਸੰਧੂ ਤੋਂ 2 ਲੱਖ ਡਾਲਰ ਵਸੂਲ ਕੀਤੇ ਗਏ ਪਰ ਕੁਝ ਦਿਨ ਬਾਅਦ ਮੀਰਾ ਵਿਰਕ ਨੇ ਮੁੜ ਫੋਨ ਕਰਦਿਆਂ ਕਿਹਾ ਕਿ ਦੁਬਈ ਵਾਲਾ ਪ੍ਰੌਜੈਕਟ ਮੁਕੰਮਲ ਹੋਣ ਵਾਲਾ ਹੈ ਅਤੇ ਕੁਝ ਹੋਰ ਰਕਮ ਲੋੜੀਂਦੀ ਹੋਵੇਗੀ। ਇਸ ਮਗਰੋਂ 2 ਲੱਖ ਡਾਲਰ ਦਾ ਬੈਂਕ ਡਰਾਫ਼ਟ ਸੌਂਪਿਆ ਗਿਆ। ਅਦਾਲਤੀ ਫੈਸਲੇ ਮੁਤਾਬਕ ਵਿਰਕ ਜੋੜੇ ਨੇ ਮਨਜੀਤ ਕੌਰ ਨੂੰ ਸੰਧੂ ਨੂੰ ਇਕ ਪੁਰਨੋਟ ਵੀ ਲਿਖ ਕੇ ਦਿਤਾ ਜਿਸ ਵਿਚ 10 ਫੀ ਸਦੀ ਵਿਆਜ ਅਦਾ ਕਰਨ ਅਤੇ ਚਾਰ ਮਹੀਨੇ ਦੇ ਅੰਦਰ ਰਕਮ ਵਾਪਸੀ ਦਾ ਵਾਅਦਾ ਦਰਜ ਸੀ ਪਰ ਤਿੰਨ ਮਹੀਨੇ ਬਾਅਦ ਕਥਿਤ ਠੱਗਾਂ ਨੇ ਮਨਜੀਤ ਕੌਰ ਸੰਧੂ ਨਾਲ ਮੁੜ ਸੰਪਰਕ ਕੀਤਾ ਅਤੇ ਕਹਿਣ ਲੱਗੇ ਕਿ ਪ੍ਰੌਜੈਕਟ ਮੁਕੰਮਲ ਹੋਣ ਕਿਨਾਰੇ ਹੈ ਅਤੇ ਇਕ ਲੱਖ ਡਾਲਰ ਹੋਰ ਲੋੜੀਂਦੇ ਹੋਣਗੇ। ਇਸ ਵਾਰ ਵੀ ਮਨਜੀਤ ਕੌਰ ਸੰਧੂ ਨੇ ਰਕਮ ਦੇ ਦਿਤੀ ਅਤੇ ਇਥੋਂ ਹੀ ਮੁਸ਼ਕਲਾਂ ਦਾ ਦੌਰ ਸ਼ੁਰੂ ਹੋ ਗਿਆ। ਅਗਲੇ ਤਿੰਨ ਮਹੀਨੇ ਤੱਕ ਮਨਜੀਤ ਕੌਰ ਸੰਧੂ ਨਾਲ ਕਿਸੇ ਨੇ ਕੋਈ ਸੰਪਰਕ ਨਾ ਕੀਤਾ। ਫਿਰ ਇਕ ਦਿਨ ਅਚਾਨਕ ਮੀਰਾ ਵਿਰਕ ਦਾ ਫੋਨ ਆਇਆ ਅਤੇ ਇਕ ਲੱਖ ਡਾਲਰ ਹੋਰ ਮੰਗਣ ਲੱਗੀ। ਮਨਜੀਤ ਕੌਰ ਸੰਧੂ ਨੂੰ ਦੋ ਪੁਰਨੋਟ ਵੀ ਲਿਖ ਕੇ ਦਿਤੇ ਗਏ ਪਰ ਰਕਮ ਵਾਪਸੀ ਦਾ ਕੋਈ ਨਾਂ ਨਹੀਂ ਸੀ ਲੈ ਰਿਹਾ। ਸਮਾਂ ਮੁੜ ਤੇਜ਼ੀ ਨਾਲ ਲੰਘਣ ਲੱਗਾ ਅਤੇ ਮਨਜੀਤ ਕੌਰ ਸੰਧੂ ਨੂੰ ਆਪਣੀ ਰਕਮ ਦੀ ਚਿੰਤਾ ਵੱਢ ਵੱਖ ਖਾਣ ਲੱਗੀ। ਮੀਰਾ ਵਿਰਕ ਨੂੰ ਫੋਨ ਕਰਨ ’ਤੇ ਹਰ ਵਾਰ ਘੜਿਆ ਘੜਾਇਆ ਜਵਾਬ ਮਿਲਦਾ ਕਿ ਘਬਰਾਉਣ ਦੀ ਜ਼ਰੂਰਤ ਨਹੀਂ, ਤੁਹਾਡੀ ਰਕਮ ਸੁਰੱਖਿਅਤ ਹੈ।
ਸਿਵਲ ਅਦਾਲਤ ਵੱਲੋਂ 9.76 ਲੱਖ ਡਾਲਰ ਹਰਜਾਨਾ ਅਦਾ ਕਰਨ ਦੇ ਹੁਕਮ
ਇਕ ਸਮਾਂ ਅਜਿਹਾ ਵੀ ਆਇਆ ਕਿ ਮੀਰਾ ਵਿਰਕ ਨੇ ਫੋਨ ਕਾਲ ਦਾ ਜਵਾਬ ਦੇਣਾ ਹੀ ਬੰਦ ਕਰ ਦਿਤਾ। ਫਰਵਰੀ 2016 ਵਿਚ ਕੀਤੀ ਪਹਿਲੀ ਅਦਾਇਗੀ ਮਗਰੋਂ ਮਈ 2017 ਵਿਚ ਮੀਰਾ ਵਿਰਕ ਮਨਜੀਤ ਕੌਰ ਸੰਧੂ ਦੇ ਘਰ ਪੁੱਜੀ ਅਤੇ ਲਾਰੇ ਲਾਉਣ ਦਾ ਸਿਲਸਿਲਾ ਜਾਰੀ ਰਿਹਾ। ਆਖਰਕਾਰ ਦੋ ਸਾਲ ਲੰਘ ਗਏ ਅਤੇ ਮਨਜੀਤ ਕੌਰ ਸੰਧੂ ਨੂੰ ਨਾ ਮੂਲ ਰਕਮ ਮਿਲੀ ਅਤੇ ਨਾ ਹੀ ਵਿਆਜ। ਜੱਜ ਨੇ ਆਪਣੇ ਫੈਸਲੇ ਵਿਚ ਲਿਖਿਆ ਕਿ ਬੀਬੀ ਸੰਧੂ ਡਿਪ੍ਰੇਸ਼ਨ ਵਿਚੋਂ ਲੰਘ ਰਹੇ ਸਨ। ਰਾਤਾਂ ਦੀ ਨੀਂਦ ਉਡ ਚੁੱਕੀ ਸੀ ਅਤੇ ਆਪਣਾ ਘਰ ਵੇਚ ਕੇ ਛੋਟਾ ਮੋਟਾ ਮਕਾਨ ਖਰੀਦਣਾ ਪਿਆ। ਸਿਵਲ ਅਦਾਲਤ ਦੇ ਫੈਸਲੇ ਮੁਤਾਬਕ ਵਿਰਕ ਜੋੜੇ ਵਿਰੁੱਧ ਇਸ ਮਾਮਲੇ ਵਿਚ ਕਦੇ ਅਪਰਾਧਕ ਦੋਸ਼ ਆਇਦ ਨਹੀਂ ਕੀਤੇ ਗਏ ਅਤੇ ਨਾ ਹੀ ਮੁਕੱਦਮਾ ਚਲਾਇਆ ਗਿਆ। ਸਿਵਲ ਅਦਾਲਤ ਮੁਤਾਬਕ ਹਰਜਾਨੇ ਦੀ ਕੁਲ ਰਕਮ 11 ਲੱਖ 41 ਹਜ਼ਾਰ ਡਾਲਰ ਬਣੀ ਪਰ ਮਾਮਲੇ ਵਿਚ ਸ਼ਾਮਲ ਕੁਝ ਹੋਰ ਧਿਰਾਂ ਨੇ ਮਨਜੀਤ ਕੌਰ ਸੰਧੂ ਨਾਲ ਅਦਾਲਤ ਦੇ ਬਾਹਰ ਸਮਝੌਤਾ ਕਰ ਲਿਆ ਜਿਸ ਦੇ ਮੱਦੇਨਜ਼ਰ 3 ਲੱਖ 30 ਹਜ਼ਾਰ ਰੁਪਏ ਘਟਾ ਦਿਤੇ ਗਏ।


