ਕੈਨੇਡਾ ਵਿਚ ਵੱਖ ਵੱਖ ਮਾਮਲਿਆਂ ਤਹਿਤ 2 ਪੰਜਾਬੀ ਗ੍ਰਿਫ਼ਤਾਰ
ਕੈਨੇਡਾ ਦੇ ਬੀ.ਸੀ. ਅਤੇ ਉਨਟਾਰੀਓ ਰਾਜਾਂ ਵਿਚ ਦੋ ਪੰਜਾਬੀਆਂ ਨੂੰ ਵੱਖ ਵੱਖ ਮਾਮਲਿਆਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਬਰੈਂਪਟਨ ਦੇ 40 ਸਾਲਾ ਜਗਦੇਵ ਕੂਨਰ ਵਿਰੁੱਧ ਲੋਕਾਂ ਦੇ ਘਰ ਵਿਚ ਦਾਖਲ ਹੋ ਕੇ ਵੀਡੀਓ ਬਣਾਉਣ ਦੇ ਦੋਸ਼ ਲੱਗੇ ਹਨ
By : Upjit Singh
ਬਰੈਂਪਟਨ : ਕੈਨੇਡਾ ਦੇ ਬੀ.ਸੀ. ਅਤੇ ਉਨਟਾਰੀਓ ਰਾਜਾਂ ਵਿਚ ਦੋ ਪੰਜਾਬੀਆਂ ਨੂੰ ਵੱਖ ਵੱਖ ਮਾਮਲਿਆਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਬਰੈਂਪਟਨ ਦੇ 40 ਸਾਲਾ ਜਗਦੇਵ ਕੂਨਰ ਵਿਰੁੱਧ ਲੋਕਾਂ ਦੇ ਘਰ ਵਿਚ ਦਾਖਲ ਹੋ ਕੇ ਵੀਡੀਓ ਬਣਾਉਣ ਦੇ ਦੋਸ਼ ਲੱਗੇ ਹਨ ਜਦਕਿ ਸਰੀ ਦੇ ਗੁਰਦਵਾਰਾ ਸਾਹਿਬ ਵਿਚ 15 ਸਾਲ ਦੀ ਕੁੜੀ ਨਾਲ ਛੇੜਛਾੜ ਦੇ ਮਾਮਲੇ ਵਿਚ 59 ਸਾਲ ਦੇ ਅਜਸਤਾਰ ਸਿੰਘ ਵਿਰੁੱਧ ਦੋਸ਼ ਆਇਦ ਕੀਤੇ ਗਏ ਹਨ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਬੀਤੇ ਅਪ੍ਰੈਲ ਮਹੀਨੇ ਦੌਰਾਨ ਇਕ ਘਰ ਵਿਚ ਰਾਤ ਵੇਲੇ ਦਾਖਲ ਹੋਏ ਸ਼ੱਕੀ ਵੱਲੋਂ ਉਥੇ ਰਹਿਣ ਵਾਲਿਆਂ ਦੀ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ। 22 ਡਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਵੱਲੋਂ ਮਾਮਲੇ ਦੀ ਪੜਤਾਲ ਆਰੰਭੀ ਗਈ ਅਤੇ ਏਰੀਅਲ ਸਪੋਰਟ ਯੂਨਿਟ ਦੀ ਸਹਾਇਤਾ ਨਾਲ 3 ਜੁਲਾਈ ਨੂੰ ਸ਼ੱਕੀ ਦੀ ਪੈੜ ਨੱਪ ਲਈ।
ਬਰੈਂਪਟਨ ਦੇ ਜਗਦੇਵ ਕੂਨਰ ਵਿਰੁੱਧ ਲੱਗੇ ਲੋਕਾਂ ਦੇ ਘਰ ’ਚ ਦਾਖਲ ਹੋ ਕੇ ਵੀਡੀਓ ਬਣਾਉਣ ਦੇ ਦੋਸ਼
ਬਰੈਂਪਟਨ ਦੇ ਜਗਦੇਵ ਕੂਨਰ ਵਿਰੁੱਧ ਵੌਇਰਿਜ਼ਮ, ਕ੍ਰਿਮੀਨਲ ਹਰਾਸਮੈਂਟ ਅਤੇ ਘਰ ਵਿਚ ਜ਼ਬਰਦਸਤੀ ਦਾਖਲ ਹੋਣ ਦੇ ਦੋਸ਼ ਆਇਦ ਕੀਤੇ ਗਏ ਹਨ। ਪੁਲਿਸ ਦਾ ਮੰਨਣਾ ਹੈ ਕਿ ਪੀੜਤਾਂ ਦੀ ਗਿਣਤੀ ਜ਼ਿਆਦਾ ਹੋ ਸਕਦੀ ਹੈ ਜਿਸ ਦੇ ਮੱਦੇਨਜ਼ਰ ਜਾਂਚਕਰਤਾਵਾਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਬਾਰੇ ਹੋਰ ਜਾਣਕਾਰੀ ਹੋਵੇ ਤਾਂ ਉਹ 905 453 2121 ਐਕਸਟੈਨਸ਼ਨ 2233 ’ਤੇ ਸੰਪਰਕ ਕਰੇ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਪੀਲ ਕ੍ਰਾਈਮ ਸਟੌਪਰਜ਼ ਨਾਲ 1800 222 ਟਿਪਸ 8477 ’ਤੇ ਕਾਲ ਕੀਤੀ ਜਾ ਸਕਦੀ ਹੈ। ਦੂਜੇ ਪਾਸੇ 4 ਮਈ 2023 ਦੀ ਘਟਨਾ ਦੀ ਪੜਤਾਲ ਕਰ ਰਹੀ ਸਰੀ ਆਰ.ਸੀ.ਐਮ.ਪੀ. ਵੱਲੋਂ 59 ਸਾਲ ਦੇ ਅਜਸਤਾਰ ਸਿੰਘ ਵਿਰੁੱਧ ਸੈਕਸ਼ੁਅਲ ਅਸਾਲਟ ਦੇ ਦੋਸ਼ ਆਇਦ ਕੀਤੇ ਗਏ ਹਨ।
ਸਰੀ ਦੇ ਅਜਸਤਾਰ ਸਿੰਘ ਵਿਰੁਧ ਸੈਕਸ਼ੁਅਲ ਅਸਾਲਟ ਦੇ ਮਾਮਲੇ ਵਿਚ ਕਾਰਵਾਈ
4 ਜੁਲਾਈ ਨੂੰ ਗ੍ਰਿਫ਼ਤਾਰੀ ਮਗਰੋਂ ਉਸ ਨੂੰ ਸ਼ਰਤਾਂ ਦੇ ਆਧਾਰ ’ਤੇ ਜ਼ਮਾਨਤ ’ਤੇ ਰਿਹਾਅ ਕਰ ਦਿਤਾ ਗਿਆ। ਅਜਸਤਾਰ ਸਿੰਘ ਨੂੰ 16 ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਨਾਲ ਕੋਈ ਸੰਪਰਕ ਨਾ ਕਰਨ ਦੀ ਹਦਾਇਤ ਦਿਤੀ ਗਈ ਹੈ ਅਤੇ ਉਨ੍ਹਾਂ ਇਲਾਕਿਆਂ ਵੱਲ ਨਾ ਜਾਣ ਵਾਸਤੇ ਆਖਿਆ ਗਿਆ ਹੈ ਜਿਥੇ 16 ਸਾਲ ਤੋਂ ਘੱਟ ਉਮਰ ਦੇ ਬੱਚੇ ਮੌਜੂਦ ਹਨ। ਮਾਮਲਾ ਅਦਾਲਤ ਵਿਚ ਹੋਣ ਕਾਰਨ ਪੁਲਿਸ ਵੱਲੋਂ ਹੋਰ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਗਈ।